ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਸਿੱਧੂ ਦੇ ਟਵੀਟ ਦਾ ਜਵਾਬ
- ਕਿਹਾ, ਸਿੱਧੂ ਆਪਣੀ ਕੋਈ ਵੀ ਗੱਲ ਪਾਰਟੀ ਫੋਰਮ ’ਤੇ ਰੱਖਣ
(ਸੱਚ ਕਹੂੰ ਨਿਊਜ਼) ਮੋਰਿੰਡਾ। ਪੰਜਾਬ ਕਾਂਗਰਸ ’ਚ ਚੱਲ ਰਿਹਾ ਸਿਆਸੀ ਰੇੜਕਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਇਸ ’ਚ ਸ਼ਾਮਲ ਹੋ ਗਏ ਹਨ ਮੁੱਖ ਮੰਤਰੀ ਵੱਲੋਂ ਨਵਜੋਤ ਸਿੰਘ ਸਿੱਧੂ ਦੁਆਰਾ ਡੀਜੀਪੀ ਦੀ ਨਿਯੁਕਤੀ ਸਬੰਧੀ ਕੀਤੇ ਗਏ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਸਿਰਫ ਕਾਰਜਕਾਰੀ ਡੀਜੀਪੀ ਲਗਾਇਆ ਗਿਆ ਹੈ ਉਹਨਾਂ ਸਿੱਧੂ ਨੂੰ ਆਪਣੀ ਕੋਈ ਵੀ ਗੱਲ ਪਾਰਟੀ ਫੋਰਮ ’ਤੇ ਰੱਖਣ ਲਈ ਵੀ ਕਿਹਾ ਇਸ ਦੇ ਨਾਲ ਉਹਨਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੀ ਗੱਲ ਕਰਦਿਆਂ ਕਿਹਾ ਕਿ ਉਹ ਸਾਢੇ ਚਾਰ ਸਾਲ ਲੋਕਾਂ ਨੂੰ ਨਹੀਂ ਮਿਲੇ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅੱਜ ਮੋਰਿੰਡਾ ਵਿਖੇ ਕਰਜਾ ਮੁਆਫੀ ਤੇ ਲਾਲ ਲਕੀਰ ਸਕੀਮ ਤਹਿਤ ਹੋਏ ਇੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਆਏ ਸਨ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਨਵੇਂ ਡੀ.ਜੀ.ਪੀ. ਦੀ ਨਿਯੁਕਤੀ ਕਾਨੂੰਨ ਅਨੁਸਾਰ ਕੀਤੀ ਜਾਵੇਗੀ।
ਸੂਬਾ ਸਰਕਾਰ ਨੇ 30 ਸਾਲ ਤੋਂ ਵੱਧ ਸਰਵਿਸ ਵਾਲੇ ਸਾਰੇ ਅਫਸਰਾਂ ਦਾ ਨਾਮ ਕੇਂਦਰ ਨੂੰ ਭੇਜ ਦਿੱਤਾ ਹੈ। ਹੁਣ ਕੇਂਦਰ ਵੱਲੋਂ ਭੇਜੇ ਜਾਣ ਵਾਲੇ ਤਿੰਨ ਅਫਸਰਾਂ ਦੇ ਪੈਨਲ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਪ੍ਰਦੇਸ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਰੇ ਮੰਤਰੀਆਂ ਤੇ ਵਿਧਾਇਕਾਂ ਨਾਲ ਰਾਏ ਕਰਕੇ ਡੀ.ਜੀ.ਪੀ. ਦਾ ਨਾਮ ਤੈਅ ਕੀਤਾ ਜਾਵੇਗਾ ਤੇ ਇਸ ਸਬੰਧੀ ਸਿੱਧੂ ਨੂੰ ਵੀ ਸਭ ਪਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਹਨ, ਸਰਕਾਰ ਉਹਨਾਂ ਨਾਲ ਤਾਲਮੇਲ ਨਾਲ ਕੰਮ ਕਰਨਾ ਚਾਹੁੰਦੀ ਹੈ ਜੇਕਰ ਕੋਈ ਫੈਸਲਾ ਜਾਂ ਗੱਲਬਾਤ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਤਾਂ ਇਸ ਬਾਰੇ ਉਹ ਪਾਰਟੀ ਫੋਰਮ ’ਤੇ ਗੱਲ ਰੱਖ ਸਕਦੇ ਹਨ।
ਅਮਰਿੰਦਰ ਸਿੰਘ ’ਤੇ ਵੀ ਲਾਇਆ ਨਿਸ਼ਾਨਾ
ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਲਾਉਂਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਪਟਿਆਲਾ ਤੋਂ ਡੇਅਰੀ ਵਾਲੇ ਰਾਤ ਨੂੰ ਉਹਨਾਂ ਨੂੰ ਮਿਲਣ ਲਈ ਆਏ , ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹ ਘਰੋਂ ਬਾਹਰ ਆ ਕੇ ਉਹਨਾਂ ਨੂੰ ਮਿਲੇ ਮੁੱਖ ਮੰਤਰੀ ਨ ਅੱਗੇ ਕਿਹਾ ਕਿ ਉਹਨਾਂ ਡੇਅਰੀ ਵਾਲਿਆਂ ਨੇ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲ ’ਚ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲ ਸਕੇ ਮੁੱਖ ਮੰਤਰੀ ਸ. ਚੰਨੀ ਨੇ ਕਿਹਾ ਕਿ ਹੁਣ ਅਜਿਹਾ ਨਹੀਂ ਹੋਵੇਗਾ, ਹੁਣ ਪੰਜਾਬ ’ਚ ਇੱਕ ਆਮ ਆਦਮੀ ਮੁੱਖ ਮੰਤਰੀ ਬਣਿਆ ਹੈ ਲੋਕ ਮੈਨੂੰ ਕਿਸੇ ਵੀ ਸਮੇਂ ਮਿਲ ਸਕਦੇ ਹਨ
58 ਸਾਲ ਤੋਂ ਵੱਧ ਉਮਰ ਵਾਲੇ ਹੋਣਗੇ ਸੇਵਾ ਮੁਕਤ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿਹੜੇ ਸਰਕਾਰੀ ਮੁਲਾਜਮ ਤੇ ਅਧਿਕਾਰੀ 58 ਸਾਲ ਦੇ ਹੋ ਗਏ ਹਨ, ਉਹ ਆਪਣੀਆਂ ਸੀਟਾਂ ਖਾਲੀ ਕਰਨ। ਇਸ ਦੇ ਲਈ ਕਾਨੂੰਨ ਹੈ ਕਿ ਜਿਨ੍ਹਾਂ ਦੇ 58 ਸਾਲ ਪੂਰੇ ਹੋ ਗਏ ਹਨ, ਉਹ ਛੁੱਟੀ ਕਰਕੇ ਜਾਣ। ਖਾਲੀ ਪੋਸਟਾਂ ’ਤੇ ਨਵੇਂ ਨੌਜਵਾਨਾਂ ਦੀ ਭਰਤੀ ਕੀਤੀ ਜਾਵੇਗੀ। ਇਸ ਦੇ ਲਈ ਤੈਅ ਕਰ ਲਿਆ ਗਿਆ ਹੈ ਤੇ ਕਿਸੇ ਨੂੰ ਵੀ ਇਸ ਵਿੱਚ ਰਾਹਤ ਨਹੀਂ ਦਿੱਤੀ ਜਾਵੇਗੀ।
ਹੁਣ ਲਾਲ ਲਕੀਰ ’ਚ ਰਹਿੰਦੇ ਲੋਕ ਜਗ੍ਹਾ ਦੇ ਮਾਲਕ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲਾਲ ਲਕੀਰ ਅੰਦਰ ਰਹਿਣ ਵਾਲੇ ਲੋਕ ਹੁਣ ਉਸ ਜਗ੍ਹਾ ਦੇ ਮਾਲਕ ਹੋਣਗੇ ਇਸ ਨਾਲ ਉਨ੍ਹਾਂ ਨੂੰ ਕਰਜ ਲੈਣ, ਵੇਚਣ ਖਰੀਦਣ ’ਚ ਸੌਖ ਹੋਵੇਗੀ। ਉਹਨਾ ਕਿਹਾ ਕਿ ਸ਼ਹਿਰਾਂ ’ਚ ਵੀ ਜੋ ਸਲਮ ਏਰੀਏ ਹਨ, ਉਹਨਾਂ ਨੂੰ ਸਰਕਾਰ ਸਕੀਮ ਤਹਿਤ ਰਹਿਣ ਲਈ ਜਗ੍ਹਾ ਦੇਵੇਗੀ
ਝੋਨੇ ਦੀ ਖਰੀਦ ਦੀ ਕੀਤੀ ਸ਼ੁਰੂਆਤ
ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਅਨਾਜ ਮੰਡੀ ਮੋਰਿੰਡਾ ਤੋਂ ਸੂਬੇ ਭਰ ਵਿੱਚ ਸਾਲ 2021- 22 ਲਈ ਝੋਨੇ ਦੀ ਖਰੀਦ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕਿਸਾਨਾਂ, ਆੜਤੀਆਂ ਅਤੇ ਮਜਦੂਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਨਿਰਵਿਘਨ ਅਤੇ ਤੁਰੰਤ ਖਰੀਦ ਤੋਂ ਇਲਾਵਾ ਲਿਫਟਿੰਗ ਅਤੇ ਅਨਾਜ ਭੰਡਾਰਨ ਬਾਰੇ ਵੀ ਲੋੜੀਂਦੇ ਪ੍ਰਬੰਧ ਸੂਬਾ ਸਰਕਾਰ ਵੱਲੋਂ ਕਰ ਲਏ ਗਏ ਹਨ। ਸ. ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਮੰਡੀਆਂ ਵਿਚੋਂ ਚੁੱਕਣ ਲਈ ਵਚਨਬੱਧ ਹੈ ਅਤੇ ਸਮੇਂ ਸਿਰ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ ਯਕੀਨੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਝੋਨੀ ਵਿਚ ਨਮੀ ਸਬੰਧੀ ਭਾਰਤ ਸਰਕਾਰ ਵਲੋਂ ਤੈਅ ਕੀਤੇ ਮਾਪਦੰਡਾਂ ੳਨੁਸਾਰ ਹੀ ਸੁੱਕਾ ਝੋਨਾ ਮੰਡੀਆਂ ਵਿਚ ਲੈ ਕੇ ਆਉਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ