Bathinda News: ਪ੍ਰਧਾਨ ਦੇ ਪੁੱਤ ਪਦਮਜੀਤ ਸਿੰਘ ਮਹਿਤਾ ਨੂੰ ਬਣਾਇਆ ਵਾਰਡ 48 ਤੋਂ ਉਮੀਦਵਾਰ
Bathinda News: ਬਠਿੰਡਾ (ਸੁਖਜੀਤ ਮਾਨ)। ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 48 ਬਠਿੰਡਾ ਦੀ ਜ਼ਿਮਨੀ ਚੋਣ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਪੰਜਾਬ ਹੋਟਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਪਦਮਜੀਤ ਸਿੰਘ ਮਹਿਤਾ ਨੂੰ ਉਮੀਦਵਾਰ ਬਣਾਇਆ ਹੈ। ਉਮੀਦਵਾਰੀ ਦੇ ਇਸ ਐਲਾਨ ਨਾਲ ਵਿਰੋਧੀਆਂ ’ਚ ਵੀ ਚਰਚਾ ਛਿੜ ਗਈ। ਚੋਣਾਂ ਦੇ ਐਲਾਨ ਹੋਣ ਵਾਲੇ ਦਿਨ ਤੋਂ ਲੈ ਕੇ ਕੱਲ੍ਹ ਦੇਰ ਰਾਤ ਤੱਕ ਕਿਧਰੇ ਵੀ ਇਸ ਨਾਂਅ ਦੀ ਚਰਚਾ ਨਹੀਂ ਸੀ ਪਰ ਉਮੀਦਵਾਰ ਦੇ ਪਿਤਾ ਕ੍ਰਿਕਟ ਐਸੋਸੀਏਸ਼ਨ ਪ੍ਰਧਾਨ ਦੇ ‘ਸਿਆਸੀ ਛੱਕੇ’ ਨੇ ਵਿਰੋਧੀਆਂ ਨੂੰ ਵੀ ਗੱਲਾਂ ਕਰਨ ਲਈ ਮਜ਼ਬੂਰ ਕਰ ਦਿੱਤਾ। Punjab Cricket Association
ਆਪ ਉਮੀਦਵਾਰ ਪਦਮਜੀਤ ਸਿੰਘ ਮਹਿਤਾ ਨੇ ਆਪਣੇ ਪਿਤਾ ਅਮਰਜੀਤ ਮਹਿਤਾ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਸ਼ੂਗਰ ਫੈਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ‘ਆਪ’ ਦੇ ਯੂਥ ਆਗੂ ਰਾਜਨ ਅਮਰਦੀਪ ਸਿੰਘ, ਮਨਜੀਤ ਸਿੰਘ ਲਹਿਰਾ ਅਤੇ ਨੌਜਵਾਨਾਂ ਦੀ ਹਾਜ਼ਰੀ ਵਿੱਚ ਆਪਣੇ ਨਾਮਜ਼ਦਗੀ ਪੱਤਰ ਭਰੇ। ਆਮ ਆਦਮੀ ਪਾਰਟੀ ਦੇ ਇਸ ਫੈਸਲੇ ਨੇ ਵਿਰੋਧੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ ਕਿਉਂਕਿ ਆਪ ਵੱਲੋਂ ਇਸ ਜ਼ਿਮਨੀ ਚੋਣ ਦੇ ਜਿੱਥੇ ਕਈ ਹੋਰ ਦਾਅਵੇਦਾਰ ਸਨ ਉੱਥੇ ਹੀ ਕੁਝ ਦਿਨ ਪਹਿਲਾਂ ਸ੍ਰੋਮਣੀ ਅਕਾਲੀ ਦਲ (ਬ) ਛੱਡ ਕੇ ਆਪ ’ਚ ਆਏ ਬਲਵਿੰਦਰ ਸਿੰਘ ਨੂੰ ਵੀ ਟਿਕਟ ਦੇਣ ਦੀ ਚਰਚਾ ਸੀ ਪਰ ਨਹੀਂ ਦਿੱਤੀ, ਜਿਨ੍ਹਾਂ ਵੱਲੋਂ ਅਜ਼ਾਦ ਤੌਰ ’ਤੇ ਕਾਗਜ਼ ਭਰੇ ਗਏ ਹਨ।
Bathinda News
ਇਸ ਮੌਕੇ ਅਮਰਜੀਤ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਪਦਮਜੀਤ ਸਿੰਘ ਮਹਿਤਾ, ਜੋ ਕਿ ਲੰਡਨ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਹਨ, ਨੇ ਲੰਡਨ ਯੂਨੀਵਰਸਿਟੀ ਦੀ ਸਟੂਡੈਂਟ ਯੂਨੀਅਨ ਦੀਆਂ ਚੋਣਾਂ ਲੜੀਆਂ ਅਤੇ ਜਿੱਤੀਆਂ ਹਨ, ਜੋ ਚੋਣਾਂ ਲੜਨ ਦੀ ਹਰ ਬਾਰੀਕੀਆਂ ਤੋਂ ਜਾਣੂ ਹਨ। ਇਸ ਤੋਂ ਇਲਾਵਾ ਇਲਾਕੇ ਦਾ ਵਿਕਾਸ ਕਿਵੇਂ ਕੀਤਾ ਜਾ ਸਕਦਾ ਹੈ, ਇਸ ਬਾਰੇ ਵੀ ਪਦਮਜੀਤ ਸਿੰਘ ਨੇ ਵਿਦੇਸ਼ੀ ਧਰਤੀ ਤੋਂ ਜਾਣਕਾਰੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੇ ਖੇਤਰ ਦੇ ਵਿਕਾਸ ਲਈ ਭਾਰਤ ਦੇ ਵੱਡੇ ਆਗੂ ਵੀ ਸਿੱਖਣ ਲਈ ਲੰਡਨ ਯੂਨੀਵਰਸਿਟੀ ਜਾਂਦੇ ਹਨ, ਅਜਿਹੇ ’ਚ ਪਦਮਜੀਤ ਨੇ ਤਾਂ ਲੰਡਨ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮਾਸਟਰ ਆਫ ਆਈਬੀ ਵੀ ਕੀਤੀ ਹੈ। Punjab Cricket Association
Read Also : Methi Paratha Benefits: ਇਸ ਤਰ੍ਹਾਂ ਬਣਾਓ ਮੇਥੀ ਦੇ ਪਰਾਂਠੇ, ਸੁਆਦ ਹੋਵੇਗਾ ਦੁੱਗਣਾ, ਸਿਹਤ ਲਈ ਵੀ ਹੈ ਫਾਇਦੇਮੰਦ
ਚੇਅਰਮੈਨ ਜਤਿੰਦਰ ਭੱਲਾ, ਐਡਵੋਕੇਟ ਨਵਦੀਪ ਜੀਦਾ, ਅੰਮ੍ਰਿਤ ਲਾਲ ਅਗਰਵਾਲ ਅਤੇ ਰਾਜਨ ਅਮਰਦੀਪ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਫੀ ਚਰਚਾ ਤੋਂ ਬਾਅਦ ਪਦਮਜੀਤ ਮਹਿਤਾ ਨੂੰ ਵਾਰਡ ਨੰਬਰ 48 ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਦੌਰਾਨ ਪਦਮਜੀਤ ਸਿੰਘ ਮਹਿਤਾ ਨੇ ਆਮ ਆਦਮੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਰਡ ਨੰ: 48 ਦੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮਿਲਣ, ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ, ਇਹੀ ਉਨ੍ਹਾਂ ਦੀ ਇੱਛਾ ਹੈ।
8 ਉਮੀਦਵਾਰ ਹਨ ਮੈਦਾਨ ’ਚ
ਬਠਿੰਡਾ ’ਚ ਸਿਰਫ ਵਾਰਡ ਨੰਬਰ 48 ਦੀ ਜ਼ਿਮਨੀ ਚੋਣ ਹੋਣੀ ਹੈ। ਇਸ ਚੋਣ ਲਈ 8 ਉਮੀਦਵਾਰ ਮੈਦਾਨ ’ਚ ਨਿੱਤਰੇ ਹਨ। ਇਨ੍ਹਾਂ ਉਮੀਦਵਾਰਾਂ ’ਚ ਆਪ ਉਮੀਦਵਾਰ ਪਦਮਜੀਤ ਸਿੰਘ ਮਹਿਤਾ, ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸਾਬਕਾ ਕੌਂਸਲਰ ਵਿਜੇ ਕੁਮਾਰ, ਭਾਜਪਾ ਵੱਲੋਂ ਕ੍ਰਿਸ਼ਨ ਕੁਮਾਰ ਯਾਦਵ, ਕਾਂਗਰਸ ਵੱਲੋਂ ਠੇਕੇਦਾਰ ਮੱਖਣ ਲਾਲ ਅਤੇ ਹੋਰ ਉਮੀਦਵਾਰ ਹਨ।