Punjab Congress: ਬਠਿੰਡਾ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਤਿੱਖਾ ਬਿਆਨ
Punjab Congress: (ਸੁਖਜੀਤ ਮਾਨ) ਬਠਿੰਡਾ। ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ‘ਚ ਪੁੱਜੇ 50 ਬੰਬਾਂ ਵਾਲੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਾਰਵਾਈ ਦੀ ਚਿਤਾਵਨੀ ਦੇਣ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਸਖ਼ਤ ਟਿੱਪਣੀ ਕੀਤੀ ਹੈ । ਵੜਿੰਗ ਨੇ ਕਿਹਾ ਕਿ ਜੇਕਰ ਬਾਜਵਾ ਖਿਲਾਫ਼ ਕੋਈ ਕਰਵਾਈ ਕੀਤੀ ਤਾਂ ਪੰਜਾਬ ਪੁਲਿਸ ਤੇ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਾਜਵਾ ਵੱਲੋਂ ਬੰਬਾਂ ਵਾਲੇ ਦਿੱਤੇ ਬਿਆਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖ਼ਤ ਕਾਰਵਾਈ ਦੀ ਗੱਲ ਤਾਂ ਕਹੀ ਜਾ ਰਹੀ ਹੈ ਪਰ ਆਈਬੀ ਦੀ ਰਿਪੋਰਟ ਸੀ ਕਿ ਹਿੰਦੂ ਨੇਤਾ ’ਤੇ ਹਮਲਾ ਹੋ ਸਕਦਾ ਹੈ ਅਤੇ ਮਨੋਰੰਜਨ ਕਾਲੀਆ ਦੇ ਘਰ ਤੇ ਗਰਨੇਡ ਅਟੈਕ ਵੀ ਹੋਇਆ, ਇਸਦੇ ਬਾਵਜੂਦ ਖੁਫੀਆ ਵਿਭਾਗ ਚੌਕਸ ਨਹੀਂ ਹੋਇਆ ਇਸ ਕਰਕੇ ਮੁੱਖ ਮੰਤਰੀ ਆਪਣੇ ਫੇਲ੍ਹ ਚੁੱਕੇ ਖੁਫੀਆ ਵਿਭਾਗ ਵੱਲ ਧਿਆਨ ਦੇਣ ਨਾ ਕਿ ਵਿਰੋਧੀ ਧਿਰ ਦੇ ਆਗੂ ਸਮੇਤ ਪਾਰਟੀਆਂ ਨੂੰ ਧਮਕਾਉਣ ਦੀ ਬਿਆਨਬਾਜੀ ਕਰਨ।
ਇਹ ਵੀ ਪੜ੍ਹੋ: Punjab News: ਪੰਜਾਬ ’ਚ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ, ਅੱਗ ਲੱਗਣ ਦੀਆਂ ਘਟਨਾਵਾਂ ’ਤੇ ਲੱਗ…
ਉਹਨਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤਾ ਬਿਆਨ ਇੱਕ ਅਖਬਾਰ (ਸੱਚ ਕਹੂੰ ਨਹੀਂ) ‘ਚ ਛਪੀ ਖ਼ਬਰ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ 50 ਬੰਬਾਂ ਵਿੱਚੋਂ 9 ਬੰਬ ਕਿੱਥੇ ਹਨ ਇਸਦਾ ਖੁਲਾਸਾ ਵੀ ਹਾਲੇ ਤੱਕ ਪੰਜਾਬ ਪੁਲਿਸ ਨਹੀਂ ਕਰ ਸਕੀ। ਬਾਜਵਾ ਵੱਲੋਂ ਖ਼ਬਰ ਦੇ ਮੱਦੇਨਜ਼ਰ ਬਿਆਨ ਦਿੱਤਾ ਗਿਆ ਹੈ ਕਿ ਲਗਾਤਾਰ 18 ਬੰਬ ਬਲਾਸਟ ਹੋ ਚੁੱਕੇ ਹਨ ਜਿਨਾਂ ਵਿੱਚੋਂ ਕਈ ਹਾਲੇ ਹੋਣ ਵਾਲੇ ਵੀ ਹੋ ਸਕਦੇ ਹਨ, ਜਿਸ ਕਰਕੇ ਖੁਫੀਆ ਵਿਭਾਗ ਨੂੰ ਚੌਕਸੀ ਰੱਖਣੀ ਚਾਹੀਦੀ ਹੈ ਤੇ ਮੁੱਖ ਮੰਤਰੀ ਨੂੰ ਆਪਣੇ ਵਿਭਾਗ ਨੂੰ ਚੌਕਸ ਕਰਨਾ ਚਾਹੀਦਾ ਹੈ।
ਰਾਜਾ ਵੜਿੰਗ ਨੇ ਦੋਸ਼ ਲਾਏ ਕਿ ਸਿੱਧੂ ਮੂਸੇ ਵਾਲਾ ਦੀ ਸੁਰੱਖਿਆ ਵਾਪਸ ਲੈਣ ਕਰਕੇ ਉਸ ਦਾ ਕਤਲ ਹੋਇਆ ਪਰ ਇਸ ਮਾਮਲੇ ’ਤੇ ਵੀ ਹਾਲੇ ਤੱਕ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਕਰ ਸਕੀ ਅਤੇ ਨਾ ਹੀ ਲਗਾਤਾਰ ਹੋ ਰਹੇ ਬੰਬ ਬਲਾਸਟਾਂ ’ਤੇ ਕੋਈ ਠੋਸ ਕਦਮ ਉਠਾ ਸਕੀ ਹੈ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਬਾਜਵਾ ਖਿਲਾਫ਼ ਕਾਰਵਾਈ ਕੀਤੀ ਤਾਂ ਸਰਕਾਰ ਅਤੇ ਪੁਲਿਸ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ । Punjab Congress
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਵਿਸਾਖੀ ਮੌਕੇ ਕੀਤੀ ਰੈਲੀ ਦੌਰਾਨ ਸਰਕਾਰ ਬਣਾਉਣ ਦੇ ਕੀਤੇ ਦਾਅਵੇ ’ਤੇ ਤੰਜ ਕਸਦਿਆਂ ਵੜਿੰਗ ਨੇ ਕਿਹਾ ਕਿ 25 ਸਾਲ ਰਾਜ ਕਰਨ ਦਾ ਵੀ ਸੁਖਬੀਰ ਬਾਦਲ ਨੇ ਸੁਪਨਾ ਦੇਖਿਆ ਸੀ ਹੁਣ ਇਹ ਬੀਤ ਚੁੱਕੇ ਹਨ ,ਇਹਨਾਂ ਦੇ ਕੋਲ ਕੁਝ ਵੀ ਨਹੀਂ।
ਮੁੱਖ ਮੰਤਰੀ ਗੁਰਪਤਵੰਤ ਪੰਨੂ ਖਿਲਾਫ ਕਾਰਵਾਈ ਕਰਨ
ਗੁਰਪਤਵੰਤ ਸਿੰਘ ਪੰਨੂ ਵੱਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ’ਤੇ ਕਰਵਾਏ ਹਮਲੇ ਦੇ ਮਾਮਲੇ ’ਤੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਗੁਰਪਤਵੰਤ ਪੰਨੂ ਖਿਲਾਫ ਕਾਰਵਾਈ ਕਰਨ। ਇਸ ਮੌਕੇ ਰਾਜਾ ਵੜਿੰਗ ਦੇ ਨਾਲ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ, ਡਾਇਰੈਕਟਰ ਮਾਰਕਫੈਡ ਟਹਿਲ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਅਰਨ ਵਧਾਵਣ, ਬਲਾਕ ਪ੍ਰਧਾਨ ਹਰਵਿੰਦਰ ਲੱਡੂ, ਬਲਵੰਤ ਰਾਏ ਨਾਥ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।