Punjab bypoll 2024: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ’ਚ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਇਸ ਸਾਰੀ ਪ੍ਰਕਿਰਿਆ ’ਤੇ ਤਿੰਨ ਹਜ਼ਾਰ ਦੇ ਕਰੀਬ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ।
ਇਸ ਦੌਰਾਨ ਵੀਆਈਪੀ ਸੀਟ ਗਿੱਦੜਬਾਹਾ ’ਤੇ ਪੂਰੇ ਪੰਜਾਬ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ, ਜਿੱਥੇ 13 ਗੇੜਾਂ ਵਿੱਚ ਗਿਣਤੀ ਪੂਰੀ ਹੋਵੇਗੀ। ਇਸ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਭਾਜਪਾ ਦੇ ਉਮੀਦਵਾਰ ਹਨ, ਜਦੋਂ ਕਿ ਕਾਂਗਰਸ ਵੱਲੋਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅਤੇ ਸਾਬਕਾ ਅਕਾਲੀ ਆਗੂ ਹਰਦੀਪ ਸਿੰਘ ਢਿੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। ਇਸ ਚੋਣ ਵਿੱਚ ਕੁੱਲ 45 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ। Punjab bypoll 2024
ਗਿੱਦੜਬਾਹਾ ਤੋਂ ਪਹਿਲੇ ਗੇੜਾਂ ਦੀ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਡਿੰਪੀ ਢਿੱਲੋਂ ਅੱਗੇ ਚੱਲ ਰਹੇ ਹਨ। ਇਸੇ ਤਰ੍ਹਾਂ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਲਗਾਤਾਰ ਅੱਗੇ ਚੱਲ ਰਹੇ ਹਨ। ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ ਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। Punjab bypoll 2024
ਓਧਰ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਅਤੇ ਝਾਰਖੰਡ ਦੀਆਂ 81 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਚੋਣਾਂ ਦੇ ਨਤੀਜੇ ਵੀ ਐਲਾਨੇ ਜਾ ਰਹੇ ਹਨ। ਜੇਕਰ ਜ਼ਿਮਨੀ ਚੋਣਾਂ ਸਮੇਤ ਕੁੱਲ ਸੀਟਾਂ ਦੀ ਗੱਲ ਕਰੀਏ ਤਾਂ ਅੱਜ ਕੁੱਲ 417 ਸੀਟਾਂ ’ਤੇ ਈਵੀਐੱਮ ’ਚ ਬੰਦ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਝਾਰਖੰਡ ਵਿੱਚ ਜਿੱਥੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਨੂੰ ਸੱਤਾ ਬਚਾਉਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਮਹਾਰਾਸ਼ਟਰ ਵਿੱਚ ਏਕਨਾਥ ਸ਼ਿੰਦੇ, ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਦੇ ਮਹਾਗੱਠਜੋੜ ਦੀ ਭਰੋਸੇਯੋਗਤਾ ਦਾਅ ’ਤੇ ਲੱਗੀ ਹੋਈ ਹੈ।
Punjab bypoll 2024
ਦੋਵਾਂ ਸੂਬਿਆਂ ਦੀਆਂ ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਧਿਰ ਨੂੰ ਸਖ਼ਤ ਟੱਕਰ ਦਿੱਤੀ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ 9, ਰਾਜਸਥਾਨ ਵਿੱਚ 7, ਬਿਹਾਰ ਵਿੱਚ 4, ਮੱਧ ਪ੍ਰਦੇਸ਼ ਵਿੱਚ 2, ਛੱਤੀਸਗੜ੍ਹ ਵਿੱਚ 1, ਪੱਛਮੀ ਬੰਗਾਲ ਵਿੱਚ 6, ਅਸਾਮ ਵਿੱਚ 5, ਕਰਨਾਟਕ ਵਿੱਚ 3, ਗੁਜਰਾਤ ਵਿੱਚ 2, ਕੇਰਲ ’ਚ 1, ਅਤੇ ਉੱਤਰਾਖੰਡ ਦੀ 1 ਵਿਧਾਨ ਸਭਾ ਸੀਟ ’ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਾਲ-ਨਾਲ ਮਹਾਰਾਸ਼ਟਰ ਦੀ ਵਾਇਨਾਡ ਅਤੇ ਨਾਂਦੇੜ ਲੋਕ ਸਭਾ ਸੀਟਾਂ ਦੇ ਨਤੀਜੇ ਵੀ ਐਲਾਨੇ ਜਾਣਗੇ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ’ਚ ਜਿੱਥੇ 65.11 ਫੀਸਦੀ ਵੋਟਿੰਗ ਹੋਈ, ਉਥੇ ਝਾਰਖੰਡ ’ਚ ਦੋਵਾਂ ਗੇੜਾਂ ’ਚ 67.47 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਮਹਾਰਾਸ਼ਟਰ ’ਚ ਮਹਾਵਿਕਾਸ ਅਘਾੜੀ ਨੇ 102 ਸੀਟਾਂ ’ਤੇ, ਸ਼ਿਵ ਸੈਨਾ ਊਧਵ ਧੜੇ ਨੇ 92 ਸੀਟਾਂ ’ਤੇ ਅਤੇ ਐੱਨਸੀਪੀ ਸ਼ਰਦ ਪਵਾਰ ਧੜੇ ਨੇ 86 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਮਹਾਗਠਜੋੜ ’ਚ ਭਾਜਪਾ ਨੇ 145 ਸੀਟਾਂ ’ਤੇ, ਸ਼ਿਵ ਸੈਨਾ ਸ਼ਿੰਦੇ ਧੜੇ ਨੇ 81 ਸੀਟਾਂ ’ਤੇ ਅਤੇ ਐੱਨਸੀਪੀ ਅਜੀਤ ਪਵਾਰ ਧੜੇ ਨੇ 59 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਦੱਸ ਦੇਈਏ ਕਿ ਵਾਇਨਾਡ ਲੋਕ ਸਭਾ ਸੀਟ ’ਤੇ ਕਾਂਗਰਸ ਉਮੀਦਵਾਰ ਪ੍ਰਿਅੰਕਾ ਗਾਂਧੀ ਅਤੇ ਭਾਜਪਾ ਦੀ ਨਵਿਆ ਹਰੀਦਾਸ ਵਿਚਾਲੇ ਮੁਕਾਬਲਾ ਸੀ।