ਪਨਬੱਸ ਤੇ ਪੀਆਰਟੀਸੀ ਕੱਚੇ ਕਾਮਿਆਂ ਨੇ 29 ਡਿੱਪੂਆਂ ’ਚ ਸਰਕਾਰੀ ਬੱਸਾਂ ਦੇ ਚੱਕੇ ਕੀਤੇ ਜਾਮ
ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਘੇਰਨ ਤੇ ਵਿਧਾਨ ਸਭਾ ਵੱਲ ਕੂਚ ਕਰਨਾ ਮਿਥੇ ਪ੍ਰੋਗਰਾਮ ਅਨੁਸਾਰ ਤੈਅ: ਆਗੂ
ਜਸਵੀਰ ਸਿੰਘ ਗਹਿਲ, ਬਰਨਾਲਾ। ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕਰਕੇ ਪੰਜਾਬ ਦੇ 29 ਡਿੱਪੂਆਂ ਵਿੱਚ ਸਰਕਾਰੀ ਬੱਸਾਂ ਦੇ ਚੱਕਾ ਜਾਮ ਰੱਖੇ ਤੇ ਧਰਨੇ ਦੇ ਕੇ ਸਰਕਾਰ ਤੇ ਵਿਭਾਗ ਖਿਲਾਫ਼ ਆਪਣੀ ਭੜਾਸ ਕੱਢੀ। ਹੜਤਾਲ ਦੇ ਪਹਿਲੇ ਦਿਨ ਸਮੂਹ ਬੱਸ ਅੱਡਿਆਂ ’ਚ ਆਮ ਦਿਨਾਂ ਦੇ ਮੁਕਾਬਲੇ ਜ਼ਿਆਦਾ ਭੀੜ ਦਿਖਾਈ ਦਿੱਤੀ।
ਇਹਨਾਂ ਧਰਨਿਆਂ ਦੌਰਾਨ ਪ੍ਰਧਾਨ ਨਿਰਪਾਲ ਸਿੰਘ ਪੱਪੂ, ਸੂਬਾ ਆਗੂ ਬਲਜਿੰਦਰ ਸਿੰਘ, ਮੀਤ ਪ੍ਰਧਾਨ ਸੁਖਪਾਲ ਪਾਲਾ ਸਿੰਘ, ਚੇਅਰਮੈਨ ਰਣਧੀਰ ਰਾਣਾ ਤੇ ਸੈਕਟਰੀ ਮਨਜੀਤ ਸਿੰਘ ਨੇ ਕਿਹਾ ਕਿ ਪਨਬੱਸ ਅਤੇ ਪੀਆਰਟੀਸੀ ਕਾਮੇ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਦੇ ਹੱਲ ਲਈ ਸੰਘਰਸ਼ ਦੇ ਰਾਹ ਪਏ ਹੋਏ ਹਨ ਪਰ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਮੰਗਾਂ ਮੰਨਣ ਦੀ ਬਜਾਇ ਭਰੋਸੇ ’ਤੇ ਭਰੋਸਾ ਦੇ ਕੇ ਡੰਗ ਟਪਾ ਰਹੀ ਹੈ। ਜਿਸ ਕਾਰਨ ਸਮੂਹ ਕੱਚੇ ਕਾਮਿਆਂ ’ਚ ਭਾਰੀ ਰੋਸ ਹੈ। ਆਗੂਆਂ ਕਿਹਾ ਕਿ ਕਾਂਗਰਸ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਘਰ-ਘਰ ਰੁਜ਼ਗਾਰ ਦੇਣ, ਨਸ਼ਾ ਖ਼ਤਮ ਕਰਨ, ਟਰਾਂਸਪੋਰਟ, ਰੇਤ, ਭੂ ਮਾਫੀਆ ਖ਼ਤਮ ਕਰਨ ਸਮੇਤ ਅਨੇਕਾਂ ਵਾਅਦੇ ਕੀਤੇ ਪਰ ਸਾਢੇ ਚਾਰ ਸਾਲ ਬੀਤ ਜਾਣ ’ਤੇ ਇੱਕ ਵੀ ਵਾਅਦਾ ਪੂਰ ਨਹੀਂ ਚੜਾਇਆ ਤੇ ਸਰਕਾਰ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ।
ਆਗੂਆਂ ਦੱਸਿਆ ਕਿ ਟਰਾਂਸਪੋਰਟ ਮੰਤਰੀ ਪੰਜਾਬ ਨੇ ਪਹਿਲਾਂ 1 ਜੁਲਾਈ ਅਤੇ ਫੇਰ 6 ਅਗਸਤ ਨੂੰ ਮੀਟਿੰਗ ਵਿੱਚ ਯੂਨੀਅਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਪਰ ਇਸ ਦੇ ਉਲਟ 16 ਅਤੇ 26 ਅਗਸਤ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਵੀ ਕੋਈ ਹੱਲ ਨਹੀਂ ਕੱਢਿਆ ਗਿਆ। ਜਿਸ ਕਾਰਨ ਸਮੂਹ ਮੁਲਾਜ਼ਮਾਂ ਨੂੰ ਸੰਘਰਸ਼ ਦੀ ਅਗਲੀ ਕੜੀ ਵਜੋਂ ਅਣਮਿਥੇ ਸਮੇਂ ਦੀ ਹੜਤਾਲ ਕਰਨੀ ਪਈ ਹੈ। ਆਗੂਆਂ ਇਹ ਵੀ ਦੱਸਿਆ ਕਿ ਦਿੱਤੇ ਸੱਦੇ ਮੁਤਾਬਕ ਹੀ 7 ਸਤੰਬਰ ਤੋਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ’ਤੇ ਵੀ ਪੱਕਾ ਧਰਨਾ ਸ਼ੁਰੂ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਜੋ ਮੰਗਾਂ ਦੀ ਪੂਰਤੀ ਤੱਕ ਨਿਰੰਤਰ ਜ਼ਾਰੀ ਰਹੇਗਾ। ਜੇਕਰ ਫ਼ਿਰ ਵੀ ਸਰਕਾਰ ਨੇ ਉਨ੍ਹਾਂ ਦੀ ਅਵਾਜ਼ ਨਾ ਸੁਣੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਪੋ੍ਰਗਰਾਮ ਵੀ ਉਲੀਕਿਆ ਜਾਵੇਗਾ।
ਮੁਲਾਜ਼ਮਾਂ ਨੇ ਇਸ ਮੌਕੇ ਮੌਜੂਦਾ ਗਿਣਤੀ ਤੋਂ ਵਧਾ ਕੇ ਸਰਕਾਰੀ ਬੱਸਾਂ ਦੀ ਗਿਣਤੀ 10 ਹਜ਼ਾਰ ਕਰਨ, ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਬਰਾਬਰ ਕੰਮ- ਬਰਾਬਰ ਤਨਖਾਹ ਦਾ ਫੈਸਲਾ ਲਾਗੂ ਕਰਨ, ਰਿਪੋਰਟਾਂ ਦੀਆਂ ਕੰਡੀਸਨਾਂ ਰੱਦ ਕਰਕੇ ਮੁਲਾਜ਼ਮ ਬਹਾਲ ਕੀਤੇ ਜਾਣ ਆਦਿ ਮੰਗਾਂ ਦੇ ਹੱਲ ਦੀ ਮੰਗ ਕੀਤੀ। ਪਨਬੱਸ ਤੇ ਪੀਆਰਟੀਸੀ ਕੱਚੇ ਕਾਮਿਆਂ ਦੇ ਸੰਘਰਸ਼ ਨੂੰ ਭਾਖੜਾ ਪਾਵਰ ਇੰਮਲਈਜ ਯੂਨੀਅਨ (ਹੰਢਿਆਇਆ ਬ੍ਰਾਂਚ ) ਦੇ ਚੇਅਰਮੈਨ ਸੁਦਾਗਰ ਸਿੰਘ ਰੱਲਾ, ਅਜੈਬ ਸਿੰਘ, ਬਿੰਦਰ ਸਿੰਘ, ਭੁਗਰ ਸਿੰਘ ਆਦਿ ਨੇ ਹਮਾਇਤ ਦਿੰਦਿਆਂ ਉਨਾਂ ਨਾਲ ਸੰਘਰਸ਼ ’ਚ ਡਟੇ ਰਹਿਣ ਦਾ ਐਲਾਨ ਕੀਤਾ। ਇਸ ਮੌਕੇ ਵਾਇਸ ਪ੍ਰਧਾਨ ਬਿੰਦਰਪਾਲ ਸਿੰਘ, ਕੈਸੀਅਰ ਅੰਗਰੇਜ ਸਿੰਘ, ਜਸਵੀਰ ਸਿੰਘ ਵਾਇਸ ਚੇਅਰਮੈਨ, ਕੈਸ਼ੀਅਰ ਗੁਰਪ੍ਰੀਤ ਸਿੰਘ, ਬੂਟਾ ਸਿੰਘ ਸੈਕਟਰੀ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਕੱਚੇ ਕਾਮੇ ਹਾਜ਼ਰ ਸਨ।
ਹੜਤਾਲ ਦੇ ਪਹਿਲੇ ਦਿਨ ਬੱਸ ਅੱਡਿਆਂ ’ਚ ਰਹੀ ਭਾਰੀ ਭੀੜ
ਜਿਕਰਯੋਗ ਹੈ ਕਿ ਪਨਬੱਸ ਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੀ ਹੜਤਾਲ ਦੇ ਪਹਿਲੇ ਦਿਨ ਆਮ ਦਿਨਾਂ ਦੇ ਮੁਕਾਬਲੇ ਬੱਸ ਅੱਡਿਆਂ ਵਿੱਚ ਕਾਫ਼ੀ ਜ਼ਿਆਦਾ ਭੀੜ ਦਿਖਾਈ ਦਿੱਤੀ। ਦੂਰ ਦੁਰਾਡੇ ਜਾਣ ਵਾਲੀਆਂ ਸਵਾਰੀਆਂ ਨੂੰ ਨਿੱਜ਼ੀ ਕੰਪਨੀਆਂ ਦੀਆਂ ਬੱਸਾਂ ਦਾ ਇੰਤਜਾਰ ਕਰਨ ਲਈ ਕਾਫ਼ੀ ਖੱਜ਼ਲ-ਖੁਆਰੀਆਂ ਦਾ ਸਾਹਮਣਾ ਵੀ ਕਰਨਾ ਪਿਆ। ਦੇਖਿਆ ਗਿਆ ਕਿ ਜਿਉਂ ਹੀ ਬੱਸ ਕਾਊਂਟਰ ’ਤੇ ਲੱਗਦੀ ਸੀ ਤਾਂ ਸਬੰਧਿਤ ਰੂਟ ’ਤੇ ਜਾਣ ਵਾਲਿਆਂ ਦੀ ਭੀੜ ਬੱਸ ਦੀਆਂ ਤਾਕੀਆਂ ਦੁਆਲੇ ਟੁੱਟ ਪੈਂਦੀ ਸੀ, ਜਿਸ ਕਾਰਨ ਬੱਸ ਵਿੱਚੋਂ ਉਤਰਨ ਵਾਲਿਆਂ ਨੂੰ ਬੱਸ ’ਚ ਚੜਨ ਵਾਲਿਆਂ ਦੇ ਚੜ੍ਹ ਜਾਣ ਦਾ ਇੰਤਜ਼ਾਰ ਕਰਨਾ ਪਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ