ਸੈਂਕੜੇ ਬਿਜਲੀ ਕਾਮਿਆਂ ਨੇ ਮੋਤੀ ਮਹਿਲ ਵੱਲ ਕੀਤਾ ਰੋਸ ਮਾਰਚ
- 2 ਜੁਲਾਈ ਤੋਂ ਕੀਤੇ ਜਾਣਗੇ ਚੇਅਰਮੈਨ ਅਤੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਭਰ ਦੇ ਬਿਜਲੀ ਕਾਮਿਆਂ ਵੱਲੋਂ ਅੱਜ ਪਾਵਰਕੌਮ ਦੇ ਮੁੱਖ ਦਫ਼ਤਰ ਦੇ ਤਿੰਨੇ ਗੇਟ ਬੰਦ ਕਰਕੇ ਦੁਪਹਿਰ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਮੁੱਖ ਦਫ਼ਤਰ ਅੰਦਰ ਕੰਮ-ਕਾਜ ਠੱਪ ਰਿਹਾ। ਇਸ ਤੋਂ ਬਾਅਦ ਮੋਤੀ ਮਹਿਲ ਵੱਲ ਰੋਸ ਮਾਰਚ ਕੀਤਾ ਗਿਆ। ਵੱਡੀ ਗਿਣਤੀ ਇਕੱਠੇ ਹੋਏ ਬਿਜਲੀ ਕਾਮਿਆਂ ਵੱਲੋਂ ਮੈਨੇਜ਼ਮੈਂਟ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਅਨੁਸਾਰ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਪਾਵਰਕੌਮ ਮੈਨੇਜ਼ਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਅਤੇ ਟਾਲ-ਮਟੋਲ ਦੀ ਨੀਤੀ ਵਿਰੁੱਧ ਇਹ ਧਰਨਾ ਪ੍ਰਰਦਸ਼ਨ ਕੀਤਾ ਗਿਆ।
ਕੱਚੇ ਕਾਮੇ ਪੱਕੇ ਕੀਤੇ ਜਾਣ
ਪਿਛਲੇ ਦਿਨੀ ਆਗੂਆਂ ਦੀ ਮੈਨੇਜ਼ਮੈਂਟ ਨਾਲ ਮੀਟਿੰਗ ਬੇਸਿੱਟਾ ਰਹੀ ਸੀ। ਇਸ ਮੌਕੇ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਕੌਰ ਸਿੰਘ ਸੋਹੀ, ਜਗਰੂਪ ਸਿੰਘ ਮਹਿਮਦਪੁਰ, ਹਰਪਾਲ ਸਿੰਘ, ਕਰਮ ਚੰਦ ਖੰਨਾ, ਹਰਜਿੰਦਰ ਸਿੰਘ, ਬਿ੍ਰਜ ਲਾਲ ਆਦਿ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪੇ ਕਮਿਸ਼ਨ ਦੀ ਰਿਪੋਰਟ ਜੱਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਵਾਪਸ ਲੈ ਕੇ ਤਨਖਾਹ ਸਕੇਲ ਅਤੇ ਭੱਤਿਆਂ ਵਿੱਚ ਵਾਧਾ ਕਰੇ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਸਮੇਤ ਬਕਾਇਆ ਦਿੱਤਾ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ, ਪੁਨਰਗਠਨ ਦੇ ਨਾਂਅ ’ਤੇ ਮੁਲਾਜ਼ਮਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਖਤਮ ਕਰਨੀਆਂ ਬੰਦ ਕੀਤੀਆਂ ਜਾਣ, ਪੇਬੈਂਡ ਵਿੱਚ ਮਿਤੀ 11/2/2011 ਤੋਂ ਵਾਧਾ ਕੀਤਾ ਜਾਵੇ,
23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਨਵੇਂ ਸਹਾਇਕ ਲਾਈਨਮੈਨਾਂ ਨੂੰ ਸੈਮੀਸਕਿੱਲਡ ਦੀ ਥਾਂ ਪੂਰਾ ਤਨਖਾਹ ਸਕੇਲ ਦੇਣ, ਸਹਾਇਕ ਲਾਈਨਮੈਨਾਂ ਦੀਆਂ ਡਿਊਟੀਆਂ ਸਬੰਧੀ ਜਾਰੀ ਕੀਤਾ ਗਲਤ ਸਰਕੂਲਰ ਵਾਪਸ ਲੈਣ, ਥਰਮਲ ਪਲਾਂਟਾਂ ਦੇ ਬੰਦ ਕੀਤੇ ਯੂਨਿਟ ਚਾਲੂ ਕਰਨ, ਨਿੱਜੀ ਕੰਪਨੀਆਂ ਨਾਲ ਕੀਤੇ ਗਲਤ ਬਿਜਲੀ ਸਮਝੌਤੇ ਰੱਦ ਕਰਨ ਆਦਿ 22 ਨੁਕਤੀ ਮੰਗ ਪੱਤਰ ਅਨੁਸਾਰ ਮੰਗਾਂ ਦਾ ਨਿਪਟਾਰਾ ਗੱਲਬਾਤ ਰਾਹੀਂ ਕਰਨ ਅਤੇ ਤਿੰਨ ਧਿਰੀ ਸਮਝੌਤੇ ਨੂੰ ਹੂਬਹੂ ਲਾਗੂ ਕਰਨ ਦੀ ਮੰਗ ਕੀਤੀ।
ਇਨ੍ਹਾਂ ਆਗੂਆਂ ਨੇ ਸੰਘਰਸ਼ ਨੂੰ ਤੇਜ਼ ਕਰਦਿਆਂ 2 ਜੁਲਾਈ ਤੋਂ ਲਗਾਤਾਰ ਚੇਅਰਮੈਨ ਅਤੇ ਡਾਇਰੈਕਟਰਜ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਵਰਕ ਟੂ ਰੂਲ ਅਨੁਸਾਰ ਕੰਮ ਕਰਨ ਦਾ ਐਲਾਨ ਕੀਤਾ। ਇਨ੍ਹਾਂ ਆਗੂਆਂ ਨੇ ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਸੰਘਰਸ਼ ਦਾ ਸਮਰਥਨ ਕਰਦਿਆਂ 8,9 ਜੁਲਾਈ ਨੂੰ ਸੂਬਾ ਪੱਧਰ ’ਤੇ ਬਿਜਲੀ ਦਫਤਰਾਂ ਅੱਗੇ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਦੀਆਂ ਅਰਥੀਆਂ ਸਾੜਨ ਅਤੇ 29 ਜੁਲਾਈ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਵੱਲ ਮਾਰਚ ਕਰਕੇ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਿਜਲੀ ਸੋਧ ਬਿੱਲ 2020 ਨੂੰ ਵਾਪਸ ਲੈਣ ਦੀ ਮੰਗ ਕੀਤੀ, ਜਿਨ੍ਹਾਂ ਰਾਹੀਂ ਬਿਜਲੀ ਵੰਡ ਕੰਪਨੀਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸ ਨਾਲ ਸੂਬਿਆਂ ਦੇ ਅਧਿਕਾਰ ਖੋਹੇ ਜਾਣਗੇ ਅਤੇ ਬਿਜਲੀ ਦੀ ਵੰਡ ਪ੍ਰਾਈਵੇਟ ਕੰਪਨੀਆਂ ਪਾਸ ਚਲੀ ਜਾਵੇਗੀ, ਜਿਸ ਨਾਲ ਖਪਤਕਾਰਾਂ ਨੂੰ ਬਿਜਲੀ ਮਹਿੰਗੇ ਭਾਅ ਮਿਲੇਗੀ ਅਤੇ ਕਾਰੋਪਰੇਟ ਘਰਾਣੇ ਉਨ੍ਹਾਂ ਦੀ ਖੁੱਲ੍ਹੀ ਲੁੱਟ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।