ਪੀਆਰਟੀਸੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਵਜਾਇਆ ਸੰਘਰਸ਼ ਦਾ ਬਿਗੁੁਲ

ਪੰਜਾਬ ਭਰ ’ਚ ਕੀਤਾ ਗਿਆ ਪ੍ਰਦਰਸ਼ਨ, ਬੱਸ ਸਟੈਂਡ ਬੰਦ ਕਰਕੇ ਕੀਤੀ ਨਾਅਰੇਬਾਜੀ

ਜੇਕਰ ਮੰਗਾਂ ਲਾਗੂ ਨਾ ਹੋਈਆਂ ਤਾਂ 4 ਅਗਸਤ ਨੂੰ ਮੁੜ ਗੇਟ ਮੂਹਰੇ ਕੀਤੀ ਜਾਵੇਗੀ ਰੈਲੀ : ਆਗੂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਪਨਬੱਸ ਦੇ ਭੜਕੇ ਕੱਚੇ ਕਾਮਿਆਂ ਵੱਲੋਂ ਪੰਜਾਬ ਭਰ ’ਚ ਆਪਣੀਆਂ ਮੰਗਾਂ ਨੂੰ ਲੈ ਕੇ ਬੱਸ ਸਟੈਂਡ ਜਾਮ ਕੀਤੇ ਅਤੇ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤੱਕ ਬੱਸ ਸਟੈਂਡਾਂ ਦੇ ਮੁੱਖ ਗੇਟਾਂ ਨੂੰ ਜਿੰਦਰੇ ਮਾਰ ਕੇ ਬੱਸਾਂ ਦੀ ਆਵਾਜਾਈ ਠੱਪ ਕਰ ਦਿੱਤੀ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।

ਜਾਣਕਾਰੀ ਅਨੁਸਾਰ ਪੱਕੇ ਕਰਨ ਦੀ ਮੰਗ ਸਬੰਧੀ ਹੁਣ ਪੀਆਰਟੀਸੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਬਿਗੁਲ ਵਜਾ ਦਿੱਤਾ ਹੈ। ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਸੋਮਵਾਰ ਦੀ ਸਵੇਰ 9 ਵਜੇ ਭੜਕੇ ਕਰਮਚਾਰੀਆਂ ਵੱਲੋਂ ਬੱਸ ਸਟੈਂਡ ਦੇ ਮੁੱਖ ਗੇਟ ਨੂੰ ਜਿੰਦਰਾ ਮਾਰਕੇ ਬੰਦ ਕਰ ਦਿੱਤਾ ਤੇ ਉਥੇ ਹੀ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਆਰੰਭ ਕਰ ਦਿੱਤਾ ਗਿਆ, ਜੋਕਿ ਦੁਪਿਹਰ 1 ਵਜੇ ਤੱਕ ਜਾਰੀ ਰਿਹਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਇਹ ਬੱਸ ਸਟੈਂਡ ਬੰਦ ਕਰਨ ਦਾ ਸਿਲਸਿਲਾ ਪੂਰੇ ਪੰਜਾਬ ’ਚ ਚੱਲਿਆ ਅਤੇ ਯੂਨੀਅਨ ਵੱਲੋਂ 27 ਜਗ੍ਹਾਂ ਗੇਟ ਬੰਦ ਕਰਕੇ ਆਪਣਾ ਪ੍ਰਦਰਸ਼ਨ ਕੀਤਾ ਗਿਆ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਪਟਿਆਲਾ ਡਿਪੂ ਪ੍ਰਧਾਨ ਵਿੱਕੀ ਪੰਡਿਤ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਪਹਿਲੀ ਮੀਟਿੰਗ ’ਚ ਪੀਆਰਟੀਸੀ ’ਚ ਠੇਕਾ ਤੇ ਆਊਟਸੋਰਸ ’ਤੇ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਇਸ ਤੋਂ ਬਾਅਦ ਸਰਕਾਰ ਵੱਲੋਂ ਕੀਤੀਆਂ ਗਈਆਂ ਕਈ ਮੀਟਿੰਗਾਂ ਲੰਘ ਚੁੱਕੀਆਂ ਹਨ ਪਰ ਹਾਲੇ ਤੱਕ ਪੱਕਾ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਹਮੇਸ਼ਾ ਹੀ ਲਾਅਰੇ ਲਗਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਲਾਗੂ ਨਾ ਹੋਈਆਂ ਤਾਂ 4 ਅਗਸਤ ਨੂੰ ਮੁੜ ਗੇਟ ਮੂਹਰੇ ਰੈਲੀ ਕੀਤੀ ਜਾਵੇਗੀ ਤੇ 9 ਅਗਸਤ ਤੋਂ 11 ਅਗਸਤ ਤੱਕ ਕੰਮਛੋੜ ਹੜਤਾਲ ਕਰਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਵਿਸਾਲ ਕੁਮਾਰ, ਹੈਪੀ ਬੰਗਾ, ਜਸਵਿੰਦਰ ਸਿੰਘ, ਕੁੱਲਵਿੰਦਰ ਸਿੰਘ, ਹਰਮੇਸ ਕੁਮਾਰ, ਰਜਿੰਦਰ ਸਿੰਘ, ਦਲਵੀਰ ਸਿੰਘ, ਕਰਤਾਰ ਸਿੰਘ, ਕੁਲਜੀਤ ਸਿੰਘ ਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ