ਮੀਟਿੰਗ ਦੇ ਭਰੋਸੇ ਤੋਂ ਬਾਅਦ ਸਮਾਪਤ ਕੀਤਾ ਧਰਨਾ
-
ਪੁਲਿਸ ਵੱਲੋਂ ਕੀਤੇ ਗਏ ਸਨ ਸਖ਼ਤ ਸੁਰੱਖਿਆ ਪ੍ਰਬੰਧ
ਲੰਬੀ/ਕਿੱਲਿਆਂਵਾਲੀ ਮੰਡੀ, (ਮੇਵਾ ਸਿੰਘ)। ਪੀ.ਆਰ.ਟੀ.ਸੀ., ਪੰਜਾਬ ਰੋਡਵੇਜ ਤੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ 6 ਡਿਪੂਆਂ ਜਿੰਨ੍ਹਾਂ ਵਿੱਚ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਸੰਗਰੂਰ, ਬਰਨਾਲਾ, ਬੁਢਲਾਡਾ ਅਤੇ ਸੰਗਰੂਰ ਵੱਲੋਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਲੈਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਹਾਇਸ਼ ਪਿੰਡ ਬਾਦਲ ਦੇ ਐਨ ਨਜ਼ਦੀਕ ਰੋਸ ਧਰਨਾ ਦਿੱਤਾ ਗਿਆ। ਪੁਲਿਸ ਵੱਲੋਂ ਜਥੇਬੰਦੀ ਨੂੰ ਮਨਪ੍ਰੀਤ ਸਿੰਘ ਬਾਦਲ ਦੀ ਰਹਾਇਸ਼ ਮੂਹਰੇ ਜਾਣ ਤੋਂ ਰੋਕਣ ਲਈ ਭਾਰੀ ਪੁਲਿਸ ਨਾਕਾਬੰਦੀ ਰਾਜਪਾਲ ਸਿੰਘ ਹੁੰਦਲ ਐਸਪੀ ਦੀ ਅਗਵਾਈ ਵਿੱਚ ਕੀਤੀ ਗਈ ਸੀ।
ਰੋਸ ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਕਿਹਾ ਕਿ ਜੇਕਰ ਸਰਕਾਰ ਨਾਲ ਮੀਟਿੰਗ ਦਾ ਟਾਈਮ ਅੱਜ ਨਾ ਮਿਲਿਆ ਤਾਂ ਫਿਰ ਉਹ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਦੀ ਰਹਾਇਸ਼ ਪਿੰਡ ਬਾਦਲ ਮੂਹਰੇ ਜਾਕੇ ਜਰੂਰ ਬੈਠਣਗੇ, ਉਸ ਲਈ ਭਲਾਂ ਉਨ੍ਹਾਂ ਨੂੰ ਪੁਲਿਸ ਦੀਆਂ ਡਾਂਗਾਂ ਵੀ ਕਿਉਂ ਨਾ ਖਾਣੀਆਂ ਪੈਣ। ਪਰੰਤੂ ਪੁਲਿਸ ਪ੍ਰਸਾਸ਼ਨ ਵੱਲੋਂ ਮੌਕਾ ਖੂੰਝਾਏ ਬਗੈਰ ਫੁਰਤੀ ਦਿਖਾਉਂਦਿਆਂ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਨਬਸ ਸੂਬਾ ਕਮੇਟੀ ਦੀ ਮੀਟਿੰਗ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਕਰਾਉਣ ਦਾ ਭਰੋਸਾ ਦਿੱਤਾ, ਇਸ ’ਤੇ ਮੌਜੂਦ ਜਥੇਬੰਦੀ ਆਗੂਆਂ ਨੇ ਪਨਬਸ ਅਤੇ ਪੀਆਰਟੀਸੀ ਦੇ ਸਮੂਹ ਮੁਲਾਜਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈਕੇ ਇੱਕ ਮੰਗ ਪੱਤਰ ਮੌਕੇ ’ਤੇ ਮੌਜੂਦ ਰਾਕੇਸ ਕੁਮਾਰ ਬਿਸਨੋਈ(ਪੀਸੀਐਸ) ਬਲਾਕ ਵਿਕਾਸ ਤੇ ਪੰਚਾਇਤ ਅਫਸਰ ਲੰਬੀ ਨੂੰ ਦਿੱਤਾ ਤੇ ਜਥੇਬੰਦੀ ਨੇ ਪਿੰਡ ਬਾਦਲ ਵਿਚਲਾ ਰੋਸ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਸੂਬਾ ਸਕੱਤਰ ਸ੍ਰਪਰਸਤ ਕਮਲ ਕੁਮਾਰ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਵੱਖ-ਵੱਖ ਸਥਾਨਾਂ ’ਤੇ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੰਗ ਪੱਤਰ ਹਾਸਲ ਕਰਕੇ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। ਹੱਕੀ ਮੰਗਾਂ ਵਿੱਚ ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ, ਸਰਕਾਰੀ ਬੱਸਾਂ ਦੀ ਗਿਣਤੀ ਘੱਟੋ ਘੱਟ 10 ਹਜਾਰ ਕਰਨ, ਬਰਾਬਰ ਕੰਮ, ਬਰਾਬਰ ਤਨਖਾਹ ਲਾਗੂ ਕਰਾਉਣ, ਪੀਆਰਟੀਸੀ ਦੇ ਠੇਕੇਦਾਰਾਂ ਦਾ ਐਗਰੀਮੈਂਟ ਰੱਦ ਕਰਾਉਣ ਦੀਆਂ ਮੰਗਾਂ ਲਈ ਰੱਖੇ ਗਏ ਪ੍ਰੋਗਰਾਮ ਵਿੱਚ 7 ਜੁੂਨ ਨੂੰ ਨਵੇਂ ਜਿਲ੍ਹੇ ਮਲੇਰਕੋਟਲਾ ਵਿਖੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਤੋਂ ਬਾਅਦ 28, 29 ਅਤੇ 30 ਜੂਨ ਨੂੰ ਪਟਿਆਲਾ ਵਿੱਚ ਮਹਾਂ ਰੈਲੀ ਕੀਤੀ ਜਾਵੇਗੀ ਅਤੇ 29 ਜੂਨ ਨੂੰ ਮੋਤੀ ਮਹਿਲ ਵੱਲ ਕੂਚ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਫਿਰ ਵੀ ਨਾ ਕੀਤਾ ਤਾਂ ਫਿਰ ਅਣਮਿਥੇ ਸਮੇਂ ਦੀ ਹੜਤਾਲ ਸਮੇਤ ਤਿੱਖੇ ਸੰਘਰਸ ਕੀਤੇ ਜਾਣਗੇ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਤੋਂ ਡਿਪੂ ਪ੍ਰਧਾਨ ਹਰਜਿੰਦਰ ਸਿੰਘ, ਸੈਕਟਰੀ ਤਰਸੇਮ ਸਿੰਘ, ਪੀਆਰਟੀਸੀ ਬਠਿੰਡਾ ਤੋਂ ਗੁਰਸਿਕੰਦਰ ਸਿੰਘ, ਬਰਨਾਲਾ ਤੋਂ ਪ੍ਰਧਾਨ ਨਿਰਪਾਲ ਸਿੰਘ, ਬੁਢਲਾਡਾ ਤੋਂ ਗੁਰਸੇਵਕ ਸਿੰਘ, ਫਰੀਦਕੋਟ ਤੋਂ ਹਰਜਿੰਦਰ ਸਿੰਘ, ਸੰਗਰੂਰ ਤੋਂ ਜਸਵਿੰਦਰ ਸਿੰਘ ਅਤੇ ਪੰਜਾਬ ਦੇ 6 ਡਿਪੂਆਂ ਪੰਜਾਬ ਰੋਡਵੇਜ-ਪਨਬਸ ਅਤੇ ਪੀਆਰਟੀਸੀ ਦੇ ਵਰਕਰ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।