ਪੈਨਸ਼ਨਾਂ ਅਤੇ ਅਦਾਇਗੀਆਂ ਨੂੰ ਲੈ ਕੇ ਦਿੱਤਾ ਰੋਸ ਧਰਨਾ
- ਬਜ਼ੁਰਗਾਂ ਦੇ ਜੋਸ਼ੀਲੇ ਨਾਅਰਿਆਂ ਨਾਲ ਗੂੰਜਿਆ ਅਸਮਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀ.ਆਰ.ਟੀ.ਸੀ. ਪੈਨਸ਼ਨਰਾਂ ਨੇ ਪੈਨਸ਼ਨ ਅਤੇ ਹੋਰ ਅਦਾਇਗੀਆਂ ਨੂੰ ਲੈ ਕੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਆਦੇਸ਼ ਮੁਤਾਬਿਕ ਮੁੱਖ ਦਫਤਰ ਨਾਭਾ ਰੋਡ ਵਿਖੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ, ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ’ਚੋਂ, ਹਰਿਆਣਾ ਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ ਤੇ ਪੈਨਸ਼ਨ ਲੇਟ ਕਰਨ ਲਈ ਮੈਨੇਜਮੈਂਟ ਅਤੇ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜੀ ਕੀਤੀ। (PRTC Pensioners )
ਆਪਣੀਆਂ ਅਦਾਇਗੀਆਂ ਜਿਵੇਂ ਕਿ ਪੈਨਸ਼ਨ ਸਮੇਂ ਸਿਰ ਪਾਏ ਜਾਣ, ਮੈਡੀਕਲ ਤੇ ਪੇ-ਕਮਿਸ਼ਨ ਦੇ ਬਕਾਏ ਆਦਿ ਨੂੰ ਲੈ ਕੇ ਬਜੁਰਗ ਪੈਨਸ਼ਨਰਾਂ ਵਿੱਚ ਬਹੁਤ ਰੋਸ ਤੇ ਜੋਸ਼ ਸੀ ਇਸ ਧਰਨੇ ਦੌਰਾਨ ਮੈਨੇਜਮੈਂਟ ਨੇ ਪੈਨਸ਼ਨਰਾਂ ਦੇ ਨੇਤਾਵਾਂ ਨੂੰ ਦੋ ਵਾਰ ਮੀਟਿੰਗ ਲਈ ਬੁਲਾਇਆ ਪਰੰਤੂ ਗੱਲ ਕਿਸੇ ਤਣ-ਪੱਤਣ ਨਾ ਲੱਗਣ ਕਾਰਨ ਧਰਨਾਕਾਰੀਆਂ ਵਿੱਚ ਹੋਰ ਗੁੱਸਾ ਵਧ ਗਿਆ। ਰੋਹ ਭਰੇ ਧਰਨੇ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਤੇ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਮੈਨੇਜਮੈਂਟ ਦੀ, ਸਾਡੀ ਪੈਨਸ਼ਨ ਤੇ ਅਦਾਇਗੀਆਂ ਸਬੰਧੀ ਟਾਲ-ਮਟੋਲ ਦੀ ਨੀਤੀ ਤੋਂ ਤੰਗ ਆ ਕੇ ਅੱਜ ਸਾਨੂੰ ਮੁੱਖ ਦਫਤਰ ਵਿਖੇ ਇਹ ਰੋਸ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਨੂੰ ਅਸੀਂ ਉਨ੍ਹਾਂ ਦੇ ਕਹਿਣ ’ਤੇ ਪੂਰਾ ਸਮਾਂ ਦਿੱਤਾ ਪਰੰਤੂ ਮੈਨੇਜਮੈਂਟ ਨੇ ਸਾਡੇ ਵੱਲੋਂ ਦਿੱਤੇ ਸਹਿਯੋਗ ਨੂੰ ਸਾਡੀ ਮਜਬੂਰੀ ਸਮਝਦਿਆਂ ਟਾਲ-ਮਟੋਲ ਦੀ ਨੀਤੀ ਅਪਣਾਈ ਹੈ।
-
17 ਅਗਸਤ ਨੂੰ ਸਖਤ ਐਕਸ਼ਨ ਕਰਨ ਦੀ ਦਿੱਤੀ ਚੇਤਾਵਨੀ
ਉਨ੍ਹਾਂ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਤੀਜੇ ਬੁੱਧਵਾਰ 17 ਅਗਸਤ ਨੂੰ ਬੱਸ ਸਟੈਂਡ ਪਟਿਆਲਾ ਵਿਖੇ ਹੋਣ ਵਾਲੀ ਮਾਸਿਕ ਮੀਟਿੰਗ ਵਿੱਚ ਇਸ ਤੋਂ ਵੀ ਵੱਧ ਇਕੱਠ ਹੋਵੇਗਾ। ਜੇਕਰ ਇਸ ਤੋਂ ਪਹਿਲਾਂ-ਪਹਿਲਾਂ ਸਾਡੀ ਪੈਨਸ਼ਨ ਨਾ ਪਾਈ ਤੇ ਰਹਿੰਦੀਆਂ ਅਦਾਇਗੀਆਂ ਨਾ ਹੋਈਆਂ ਤਾਂ ਉਸ ਸਮੇਂ ਕਿਸੇ ਤਰ੍ਹਾਂ ਦਾ ਵੀ ਸਖਤ ਐਕਸ਼ਨ ਲੈਣ ਤੋਂ ਗੁਰੇਜ ਨਹੀਂ ਕਰਾਂਗੇ। ਚੇਅਰਮੈਨ ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਸਮੂਹ ਪੈਨਸ਼ਨਰਾਂ ਨੂੰ ਡਸਿਪਲਨ ਵਿੱਚ ਰਹਿੰਦਿਆਂ ਕੇਂਦਰੀ ਬਾਡੀ ਵੱਲੋਂ ਉਲੀਕੇ ਹਰ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਲਈ ਕਿਹਾ ਅਤੇ 17 ਅਗਸਤ ਦੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਬੇਨਤੀ ਕਰਨ ਦੇ ਨਾਲ ਨਾਲ ਮੈਨੇਜਮੈਂਟ ਨੂੰ, ਬਜੁਰਗ ਪੈਨਸ਼ਨਰਾਂ ਦਾ ਸਬਰ ਪਰਖਣ ਤੋਂ ਗੁਰੇਜ ਕਰਨ ਲਈ ਕਿਹਾ। ਉਨ੍ਹਾਂ ਨੂੰ ਪੈਨਸ਼ਨ ਲਈ ਹਰ ਮਹੀਨੇ ਦੀ 10 ਤਾਰੀਖ ਨਿਸ਼ਚਿਤ ਕਰਨ ਲਈ ਕਿਹਾ। ਇਸ ਮੌਕੇ ਬਖਸ਼ੀਸ਼ ਦਫਤਰ ਸਕੱਤਰ, ਮਹਿੰਦਰ ਸਿੰਘ, ਬਲਵੰਤ ਸਿੰਘ, ਕਪੂਰ ਚੰਦ, ਗੁਰਮੀਤ ਸਿੰਘ, ਬਲਬੀਰ ਸਿੰਘ, ਨਿਰਪਾਲ ਸਿੰਘ, ਗੁਰਬਖਸ਼ੀਸ਼ ਸਿੰਘ ਤੇ ਸੋਹਨ ਸਿੰਘ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ