ਮੁਲਜ਼ਮ ਇੰਸਪੈਕਟਰ ਨੇ ਪੀ.ਆਰ.ਟੀ.ਸੀ. ਦੇ ਬਰਖਾਸਤ ਡਰਾਈਵਰ ਨੂੰ ਬਹਾਲ ਕਰਵਾਉਣ ਬਦਲੇ ਮੰਗੀ ਸੀ ਰਿਸ਼ਵਤ (Bribe)
(ਸੁਖਜੀਤ ਮਾਨ) ਬਠਿੰਡਾ। ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੀ.ਆਰ.ਟੀ.ਸੀ. ਡਿੱਪੂ, ਬਠਿੰਡਾ ਵਿਖੇ ਤਾਇਨਾਤ ਇੰਸਪੈਕਟਰ ਦਵਿੰਦਰ ਸਿੰਘ ਨੂੰ 2 ਲੱਖ ਰੁਪਏ ਰਿਸ਼ਵਤ ਮੰਗਣ ਦੇ ਕਥਿਤ ਦੋਸ਼ ਵਿੱਚ ਗਿ੍ਰਫ਼ਤਾਰ ਕੀਤਾ ਹੈ। ਇਸ ਇੰਸਪੈਕਟਰ ਨੂੰ ਹਰਦੇਵ ਸਿੰਘ ਵਾਸੀ ਪਿੰਡ ਰੱਲਾ, ਜ਼ਿਲ੍ਹਾ ਮਾਨਸਾ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ। (Bribe)
ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਹਰਦੇਵ ਸਿੰਘ ਨੇ ਭਿ੍ਰਸ਼ਟਾਚਾਰ ਰੋਕੂ ਐਕਸਨ ਲਾਈਨ ’ਤੇ ਸ਼ਿਕਾਇਤ ਦਰਜ ਕੀਤੀ ਸੀ ਕਿ ਉਹ ਪੀ.ਆਰ.ਟੀ.ਸੀ. ਡਿੱਪੂ ਬਠਿੰਡਾ ਵਿਖੇ ਡਰਾਈਵਰ ਵਜੋਂ ਤਾਇਨਾਤ ਸੀ ਅਤੇ ਉਸ ਨੂੰ ਪੰਜ ਲੀਟਰ ਡੀਜ਼ਲ ਚੋਰੀ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ’ਤੇ 16 ਮਾਰਚ 2023 ਨੂੰ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜਮ ਇੰਸਪੈਕਟਰ ਨੇ ਉਸਨੂੰ ਬਹਾਲ ਕਰਵਾਉਣ ਬਦਲੇ 2 ਲੱਖ ਰੁਪਏ ਰਿਸ਼ਵਤ ਮੰਗੀ ਸੀ। ਉਸ ਨੇ ਇੰਸਪੈਕਟਰ ਵੱਲੋਂ ਰਿਸ਼ਵਤ ਮੰਗਣ ਦੀ ਆਡੀਓ ਰਿਕਾਰਡਿੰਗ ਵੀ ਪੇਸ਼ ਕੀਤੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਇੰਸਪੈਕਟਰ ਦਵਿੰਦਰ ਸਿੰਘ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਅੱਜ ਐਫ.ਆਈ.ਆਰ ਨੰਬਰ 14, 31-07-2023 ਦਰਜ ਕੀਤੀ ਗਈ ਹੈ। ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਮਾਮਲੇ ‘ਚ ਹੋਰ ਮੁਲਾਜ਼ਮਾਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।