ਬੱਸ ਨਾ ਖੜ੍ਹਾਉਣਾ ਪੀਆਰਟੀਸੀ ਦੇ ਡਰਾਈਵਰ ਤੇ ਕੰਡਕਟਰ ਨੂੰ ਪਿਆ ਮਹਿੰਗਾ, ਭਰਨਾ ਪਿਆ ਜ਼ੁਰਮਾਨਾ

ਮਾਮਲਾ ਧਿਆਨ ’ਚ ਆਉਣ ’ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਲਏ ਐਕਸ਼ਨ ਸਦਕਾ ਹੋਈ ਕਾਰਵਾਈ

(ਜਸਵੀਰ ਸਿੰਘ ਗਹਿਲ) ਸ਼ਹਿਣਾ/ਬਰਨਾਲਾ। ਫਰੀਦਕੋਟ ਡਿੱਪੂ ਦੀ ਪੀਆਰਟੀਸੀ ਬੱਸ ਦੇ ਡਰਾਇਵਰ ਤੇ ਕੰਡਕਟਰ ਨੂੰ ਕਸਬਾ ਸ਼ਹਿਣਾ ਵਿਖੇ ਬੱਸ ਨਾ ਖੜ੍ਹਾਉਣਾ ਮਹਿੰਗਾ ਪੈ ਗਿਆ, ਕਿਉਂਕਿ ਕੀਤੀ ਗਈ ਸ਼ਿਕਾਇਤ ’ਤੇ ਨਵ ਨਿਯੁਕਤ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਤੁਰੰਤ ਐਕਸ਼ਨ ਲੈਂਦਿਆਂ ਡਿੱਪੂ ਦੇ ਜਨਰਲ ਮੈਨੇਜ਼ਰ ਨੂੰ ਤਲਬ ਕੀਤਾ, ਜਿਸ ਤੋਂ ਬਾਅਦ ਮੈਨੇਜ਼ਰ ਨੇ ਸਬੰਧਿਤ ਡਰਾਇਵਰ ਤੇ ਕੰਡਕਟਰ ਨੂੰ ਖਿੱਚਦਿਆਂ ਅੱਗੇ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਮਿਲਣ ’ਤੇ ਜ਼ੁਰਮਾਨਾ ਭਰਵਾ ਕੇ ਛੱਡ ਦਿੱਤਾ।

ਇਸ ਸਬੰਧੀ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਗੁਰਦੀਪ ਦਾਸ ਦੀਪੀ ਬਾਵਾ ਨੇ ਦੱਸਿਆ ਕਿ ਅਕਸਰ ਹੀ ਕਸਬਾ ਸ਼ਹਿਣਾ ਵਿਖੇ ਫਰੀਦਕੋਟ ਡਿੱਪੂ ਦੀਆਂ ਪੀਆਰਟੀਸੀ ਬੱਸਾਂ ਦੇ ਨਾ ਰੁਕਣ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਮਹਣਾ ਕਰਨਾ ਪੈਂਦਾ ਸੀ, ਜਿਸ ਸਬੰਧੀ ਕੈਬਨਿਟ ਮੰਤਰੀ ਰਾਜਾ ਵੜਿੰਗ ਦੇ ਧਿਆਨ ’ਚ ਲਿਆ ਕੇ 7 ਅਕਤੂਬਰ ਨੂੰ ਕਰੀਬ ਸਾਢੇ 4 ਵਜੇ ਫਰੀਦਕੋਟ ਡਿੱਪੂ ਦੀ ਬੱਸ ਸ਼ਹਿਣਾ ਵਿਖੇ ਨਾ ਰੁਕਣ ਦੀ ਤਾਜ਼ਾ ਉਦਾਹਰਨ ਦਿੱਤੀ ਗਈ, ਜਿਸ ’ਤੇ ਟਰਾਂਸਪੋਰਟ ਮੰਤਰੀ ਵੜਿੰਗ ਨੇ ਤਰੁੰਤ ਕਾਰਵਾਈ ਕਰਦਿਆਂ 7 ਅਕਤੂਬਰ ਦੀ ਦੇਰ ਰਾਤ ਫਰੀਦਕੋਟ ਡਿੱਪੂ ਦੇ ਜਨਰਲ ਮੈਨੇਜਰ ਨੂੰ ਤਲਬ ਕਰ ਲਿਆ ਤੇ ਤਰੁੰਤ ਕਮੇਟੀ ਮੈਂਬਰ ਨਾਲ ਤਾਲਮੇਲ ਕਰਕੇ ਸਬੰਧਿਤ ਬੱਸ ਦੇ ਡਰਾਈਵਰ ਤੇ ਕੰਡਕਟਰ ਖਿਲਾਫ ਬਣਦੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ।


ਇਸ ਉਪਰੰਤ ਫਰੀਦਕੋਟ ਡਿੱਪੂ ਦੇ ਅਧਿਕਾਰੀਆਂ ਨੇ ਕਮੇਟੀ ਮੈਂਬਰ ਨਾਲ ਤਾਲਮੇਲ ਕਰਕੇ ਅਜਿਹੀ ਗਲਤੀ ਅੱਗੋਂ ਨਾ ਹੋਣ ’ਤੇ ਸਬੰਧਿਤ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਜ਼ਰਮਾਨਾ ਕਰਨ ਦਾ ਭਰੋਸਾ ਦਿਵਾ ਕੇ ਖਹਿੜਾ ਛੁਡਵਾਇਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਨਰਲ ਮੈਨੇਜ਼ਰ ਪੀਆਰਟੀਸੀ ਫਰੀਦਕੋਟ ਵੱਲੋਂ ਪੱਤਰ ਜਾਰੀ ਕਰਕੇ ਸਬੰਧਿਤ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ 700-700 ਰੁਪਏ ਦਾ ਜ਼ੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਉਂਦਿਆਂ ਕਿਹਾ ਹੈ ਕਿ ਪੀਆਰਟੀਸੀ ਦੀ ਬੱਸ ਨਾ ਰੋਕ ਕੇ ਮਹਿਕਮੇ ਦਾ ਮਾਲੀ ਨੁਕਸਾਨ ਕੀਤਾ ਹੈ ਅਤੇ ਲੋਕਾਂ ’ਚ ਪੀਆਰਟੀਸੀ ਦਾ ਅਕਸ ਖਰਾਬ ਕੀਤਾ ਹੈ। ]

ਜਿਸ ਤਹਿਤ ਇਹ ਰਿਕਵਰੀ ਪਾਈ ਜਾਂਦੀ ਹੈ। ਉਨ੍ਹਾਂ ਹੋਈ ਇਸ ਕਾਰਵਾਈ ਉੱਪਰ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਪੀਆਰਟੀਸੀ ਦੇ ਉੱਚ ਅਧਿਕਾਰੀਆਂ ਨੂੰ ਏਸੀ ਕਮਰਿਆਂ ’ਚੋਂ ਬਾਹਰ ਨਿਕਲ ਕੇ ਬੱਸਾਂ ਦੀ ਚੈਕਿੰਗ ਵੀ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ’ਚ ਪੀਆਰਟੀਸੀ ਅਦਾਰੇ ਪ੍ਰਤੀ ਭਰੋਸੇਯੋਗਤਾ ਬਰਕਰਾਰ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ