ਪੜ੍ਹ ਕਿਤਾਬਾਂ ਪਾਈਏ ਮਾਣ
ਕਿਤਾਬਾਂ ਬੋਲਦੀਆਂ ਨਹੀਂ ਹਨ ਉਹ ਚੁੱਪ ਰਹਿ ਕੇ ਵੀ ਉਹ ਕੁਝ ਕਹਿ ਦਿੰਦੀਆਂ ਹਨ ਜਿਸ ਨਾਲ ਕਿਤਾਬਾਂ ਪੜ੍ਹਨ ਵਾਲੇ ਦੀ ਜ਼ਿੰਦਗੀ ਵਿੱਚ ਅਣ-ਸੋਚੀਆਂ ਤਬਦੀਲੀਆਂ ਆ ਜਾਂਦੀਆਂ ਹਨ। ਕਿਤਾਬਾਂ ਮਨੁੱਖ ਦੀ ਜ਼ਿੰਦਗੀ ਵਿੱਚ ਸੱਚੇ ਸਾਥੀ ਵਾਲਾ ਸਾਥ ਨਿਭਾਉਂਦੀਆਂ ਹਨ। ਜਿੰਨੀਆਂ ਸੱਚੀਆਂ ਮਿੱਤਰ ਕਿਤਾਬਾਂ ਸਾਬਿਤ ਹੁੰਦੀਆਂ ਹਨ, ਹੋਰ ਕੋਈ ਏਨਾ ਸੱਚਾ ਮਿੱਤਰ ਨਹੀਂ?ਬਣ?ਸਕਦਾ। ਚੰਗੀਆਂ ਕਿਤਾਬਾਂ ਨਾਲੋਂ ਚੰਗਾ ਸਲਾਹਕਾਰ ਕੋਈ ਹੋਰ ਹੋ ਈ ਨਹੀਂ ਸਕਦਾ। ਕਿਤਾਬਾਂ ਹੀ ਹਨ ਜੋ ਪੜ੍ਹਨ ਵਾਲੇ ਨੂੰ ਨਿਰਸਵਾਰਥ ਸਹੀ ਰਸਤਾ ਦੱਸਦੀਆਂ ਹਨ। ਕਿਤਾਬਾਂ ਪੜ੍ਹਨਾ ਸਿਰਫ਼ ਰੂਹ ਨੂੰ ਸਕੂਨ ਹੀ ਨਹੀਂ ਦਿੰਦਾ, ਕਿਤਾਬਾਂ ਤੋਂ ਪ੍ਰਾਪਤ ਗਿਆਨ ਰੂਹ ਨੂੰ ਰੂਹ ਤੱਕ ਪਛਾਨਣ ਦਾ ਤਰੀਕਾ ਵੀ ਦੱਸਦਾ ਹੈ।
ਬੇਸ਼ੱਕ ਕਿਤਾਬਾਂ ਪੜ੍ਹ ਕੇ ਹੀ ਡਿਗਰੀਆਂ ਮਿਲਦੀਆਂ ਹਨ ਪਰ ਡਿਗਰੀਆਂ ਲੈਣਾ ਹੀ ਕਾਫ਼ੀ ਨਹੀਂ ਹੈ।
ਕਿਤਾਬਾਂ ਪੜ੍ਹਨ ਵਾਲੇ ਤੇ ਉਨ੍ਹਾਂ ਨੂੰ ਵਾਚਣ ਵਾਲੇ ਦੁਨੀਆਂ ਨੂੰ ਇੱਕ ਅਲੱਗ ਨਜ਼ਰੀਏ ਨਾਲ ਦੇਖਦੇ ਹਨ। ਕਿਤਾਬਾਂ ’ਚੋਂ ਸ਼ਬਦਾਂ ਦੀ ਪੈਣ ਵਾਲੀ ਮਿੰਨ੍ਹੀ-ਮਿੰਨ੍ਹੀ ਭੂਰ ਨਾਲ ਭਿੱਜ ਕੇ ਕਿਤਾਬ ਪ੍ਰੇਮੀ ਪਪੀਹੇ ਨੂੰ ਇੱਕ-ਇੱਕ ਬੂੰਦ ਨਾਲ ਸੰਤੁਸ਼ਟੀ ਮਿਲਦੀ ਹੈ। ਕਿਤਾਬਾਂ ਦੀ ਭੁੱਖ ਰੱਖਣ ਵਾਲੇ ਕਿਤਾਬਾਂ ਦੇ ਪਿਆਰੇ ਕਦੇ ਵੀ ਅੱਖਰ ਗਿਆਨ ਨਾਲ ਪੇਟ ਭਰ ਰੱਜਦੇ ਨਹੀਂ ਹਨ। ਕਿਤਾਬਾਂ ਜਿੰਦਗੀ ਦਾ ਅਹਿਮ ਹਿੱਸਾ ਹਨ। ਜਿਨ੍ਹਾਂ ਨੇ ਕਿਤਾਬਾਂ ਨੂੰ ਆਪਣੀ ਜਿੰਦਗੀ ਦਾ ਜਰੂਰੀ ਹਿੱਸਾ ਬਣਾਇਆ ਹੈ, ਕਿਤਾਬਾਂ ਨੂੰ ਨੇੜਲਾ ਸਾਥੀ ਬਣਾਇਆ ਹੈ, ਉਨ੍ਹਾਂ ਨਾਲ ਕਿਤਾਬਾਂ ਨੇ ਹਮੇਸ਼ਾ ਹੀ ਵਫ਼ਾਦਾਰੀ ਨਿਭਾਈ ਹੈ। ਕਿਤਾਬਾਂ ਪੜ੍ਹਨ ਵਾਲੇ ਮਨੁੱਖਾਂ ਵਿੱਚ ਸਹਿਣਸ਼ੀਲਤਾ ਦਾ ਵਾਸ ਹੋ ਜਾਂਦਾ ਹੈ।
ਅੱਜ-ਕੱਲ੍ਹ ਸੰਸਾਰ ਵਿੱਚ ਨੈਤਿਕਤਾ ਦੀ ਘਾਟ ਹੋ ਰਹੀ ਹੈ, ਜਿਸ ਨੂੰ ਕਿਤਾਬਾਂ ਪੜ੍ਹ ਕੇ ਹੀ ਪੂਰਾ ਕੀਤਾ ਜਾ ਸਕਦਾ ਹੈ। ਕਿਤਾਬਾਂ ਜਿੱਥੇ ਸਮੇਂ ਦੀ ਪੂਰਤੀ ਲਈ ਸਹਾਰਾ ਹੁੰਦੀਆਂ ਹਨ, ਉੱਥੇ ਪੜ੍ਹਨ ਵਾਲੇ ਦੀ ਸੋਚ ਨੂੰ ਵੀ ਉਸਾਰੂ ਬਣਾਉਂਦੀਆਂ ਹਨ। ਮੁਸ਼ਕਲਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੀਆਂ ਹਨ, ਸੁਨਹਿਰੀ ਜੀਵਨ ਜਿਊਣ ਵਾਲੀ ਬੁੱਧੀ ਬਖਸ਼ਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਜਾਣਕਾਰੀ ਤੇ ਯਾਦ ਸ਼ਕਤੀ ਦੋਵਾਂ ਵਿੱਚ ਹੀ ਵਾਧਾ ਹੁੰਦਾ ਹੈ। ਕਿਤਾਬਾਂ ਹੀ ਹਨ ਜੋ ਜ਼ਿੰਦਗੀ ਨੂੰ ਬਦਲ ਦੇਣ ਦੀ ਸ਼ਕਤੀ ਰੱਖਦੀਆਂ ਹਨ। ਚੰਗੀਆਂ ਕਿਤਾਬਾਂ ਤਾਂ ਗਿਆਨ ਦਾ ਸਾਗਰ ਹੀ ਹੁੰਦੀਆਂ ਹਨ। ਜਿੰਨੀ ਡੂੰਘਾਈ ’ਚ ਜਾਇਆ ਜਾਂਦਾ ਹੈ, ਉਨੇ ਹੀ ਸੁੱਚੇ ਮੋਤੀ ਹੱਥ ਆਉਂਦੇ ਹਨ।
ਇਹ ਗਿਆਨ ਦੇ ਸੁੱਚੇ ਮੋਤੀ ਕੋਈ ਖੋਹ ਵੀ ਨਹੀਂ ਸਕਦਾ, ਨਾ ਹੀ ਕੋਈ ਖਰੀਦ ਸਕਦਾ ਹੈ। ਪ੍ਰਾਪਤ ਗਿਆਨ ਇੱਕੋ-ਇੱਕ ਅਜਿਹਾ ਖਜਾਨਾ ਹੈ ਜਿਸ ਉੱਤੇ ਕੋਈ ਹੱਕ ਨਹੀਂ ਜਤਾ ਸਕਦਾ। ਕਿਤਾਬਾਂ ਤੋਂ ਪ੍ਰਾਪਤ ਗਿਆਨ ਖਜ਼ਾਨੇ ਦੀ ਕੋਈ ਥਾਹ ਨਹੀਂ ਪਾ ਸਕਦਾ। ਹਰ ਇੱਕ ਇਨਸਾਨ ਦੀ ਜਿੰਦਗੀ ਵਿੱਚ ਕਿਤਾਬਾਂ ਦੀ ਬੜੀ ਹੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਕਿਤਾਬਾਂ ’ਚੋਂ ਪ੍ਰਾਪਤ ਗਿਆਨ ਦੀ ਕੀਮਤ ਕਿਤਾਬਾਂ ਪੜ੍ਹ ਕੇ ਹੀ ਪਤਾ ਲੱਗਦੀ ਹੈ। ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣਾ ਆਪਣੇ-ਆਪ ਨੂੰ ਸਿੱਧੇ ਰਸਤੇ ਪਾਉਣਾ ਹੀ ਕਹਿ ਸਕਦੇ ਹਾਂ।
ਕਿਤਾਬਾਂ ਪੜ੍ਹ ਕੇ ਹੀ ਸਮਾਜ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ। ਸਮਾਜ ਵਿਚ ਲਾਇਬ੍ਰੇਰੀਆਂ ਦੀ ਜਿੰਨੀ ਜ਼ਿਆਦਾ ਗਿਣਤੀ ਹੋਵੇਗੀ ਸਮਾਜ ਓਨਾ ਹੀ ਸੱਭਿਅਕ ਹੋਵੇਗਾ। ਮਾਪੇ ਅਤੇ ਅਧਿਆਪਕਾਂ ਨੂੰ ਬੱਚਿਆਂ ਨੂੰ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਸਮਾਜ ਨੂੰ ਸੋਹਣਾ ਬਣਾਉਣ ਲਈ ਘਰ-ਘਰ, ਹਰ ਮੋੜ ’ਤੇ, ਗਲੀ-ਮੁਹੱਲੇ, ਜਨਤਕ ਥਾਵਾਂ ’ਤੇ ਕਿਤਾਬਾਂ ਦੀ ਉਪਲੱਬਧੀ ਹੋਣੀ ਚਾਹੀਦੀ ਹੈ। ਸਕੂਲਾਂ ਨੂੰ ਸਿਲੇਬਸ ਦੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਜ਼ਰੂਰੀ ਵਿਵਸਥਾ ਹੋਣੀ ਚਾਹੀਦੀ ਹੈ। ਸਕੂਲਾਂ ਵਿਚ ਕਿਤਾਬਾਂ ਪੜ੍ਹਨ ਵਾਲੇ ਅਮਲੇ ਨੂੰ ਪਹਿਲ ਦੇਣੀ ਚਾਹੀਦੀ ਹੈ। ਘਰਾਂ ਵਿਚ ਸਾਹਿਤਕ ਮਾਹੌਲ ਪੈਦਾ ਕਰਕੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਿਆ ਜਾ ਸਕਦਾ ਹੈ।
ਮਹਾਨ ਲੋਕਾਂ ਦੀਆਂ ਜੀਵਨੀਆਂ ਪੜ੍ਹਨ ਨਾਲ ਜੀਵਨ ਨੂੰ ਸੇਧ ਮਿਲਦੀ ਹੈ। ਹੱਕਾਂ?ਲਈ ਸੰਘਰਸ਼ ਕਰਨ, ਹਾਲਾਤਾਂ ਨਾਲ ਲੜਨ ਦੀ ਸ਼ਕਤੀ ਕਿਤਾਬਾਂ ਤੋਂ ਹੀ ਮਿਲਦੀ ਹੈ। ਵਿਦਿਆਰਥੀ ਵਰਗ ਵਿਸ਼ੇਸ਼ ਕਰਕੇ ਨੌਜਵਾਨਾਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਖ਼ਤਮ ਹੋ ਰਹੀ ਹੈ। ਨੌਜਵਾਨ ਪੀੜ੍ਹੀ ਨੂੰ ਮੋਬਾਇਲ ਸੋਸ਼ਲ ਮੀਡੀਆ ਨੇ ਕਿਤਾਬਾਂ ਤੋਂ ਦੂਰ ਕਰ ਦਿੱਤਾ ਹੈ। ਅੱਜ-ਕੱਲ੍ਹ ਲਾਇਬ੍ਰੇਰੀਆਂ ਵਿੱਚ ਸੁੰਨਸਾਨ ਦੇਖੀ ਜਾ ਸਕਦੀ ਹੈ। ਪੜ੍ਹਨ ਦਾ ਰੁਝਾਨ ਵੀ ਇੰਟਰਨੈੱਟ ਵੱਲ ਹੋ ਗਿਆ ਹੈ।
ਅੱਜ-ਕੱਲ੍ਹ ਆਨਲਾਈਨ ਪੜ੍ਹਾਈ ਕਰਨ ਦੇ ਬਹੁਤ ਸਾਰੇ ਸਾਧਨ ਹਨ। ਜਿਸ ਕਰਕੇ ਕਿਤਾਬਾਂ ਪੜ੍ਹਨ ਵੱਲੋਂ ਰੁਚੀ ਘਟ ਰਹੀ ਹੈ।ਪਰ ਕਿਤਾਬਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਰਲ-ਮਿਲ ਕੇ ਨਿੱਗਰ ਉਪਰਾਲਿਆਂ ਦੀ ਲੋੜ ਹੈ। ਸਕੂਲਾਂ ਵਿੱਚ ਲਾਇਬ੍ਰੇਰੀ ਪੀਰੀਅਡ ਹੋਣੇ ਜਰੂਰੀ ਕੀਤੇ ਜਾਣੇ ਚਾਹੀਦੇ ਹਨ। ਸਕੂਲਾਂ, ਕਾਲਜਾਂ, ਜਨਤਕ ਥਾਵਾਂ ’ਤੇ ਸੈਮੀਨਾਰ ਲਾ ਕੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਕਿਤਾਬਾਂ ਦੇ ਮੁੱਲ ਘੱਟ ਨਿਸ਼ਚਿਤ ਕੀਤੇ ਜਾਣੇ ਚਾਹੀਦੇ ਹਨ। ਮਾਪਿਆਂ ਨੂੰ ਕਿਤਾਬਾਂ ਪੜ੍ਹਨ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਆਉਣ ਵਾਲੀ ਪੀੜ੍ਹੀ ਆਪਣੇ-ਆਪ ਹੀ ਰੁਚਿਤ ਹੋ ਜਾਵੇਗੀ। ਸੋ ਚੰਗਾ ਸਾਹਿਤ, ਚੰਗੀਆਂ ਕਿਤਾਬਾਂ ਪੜ੍ਹੋ ਤੇ ਪੜ੍ਹਾਓ ਸਮਾਜ ਨੂੰ ਹੋਰ ਵੀ ਚੰਗਾ ਬਣਾਓ ਕਿਤਾਬਾਂ ਦੀ ਥਾਂ ਕਦੇ ਵੀ ਇੰਟਰਨੈੱਟ ਨਹੀਂ ਲੈ ਸਕਦਾ ਸੋਸ਼ਲ ਮੀਡੀਆ ’ਤੇ ਸਮਾਂ ਬਿਤਾਉਣ ਦੀ ਬਜਾਏ ਕੁਝ ਪਲ ਕਿਤਾਬਾਂ ਪੜ੍ਹਨ ਲਈ ਕੱਢ ਲਏ ਜਾਣੇ ਚਾਹੀਦੇ ਹਨ।
ਅੱਖਰਾਂ ਨਾਲ ਸਮਾਜ ਸਜਾਓ,
ਘਰ-ਘਰ ਚਾਰ ਕਿਤਾਬਾਂ ਲਿਆਓ
ਹਰ ਹੱਥ ਵਿੱਚ ਕਿਤਾਬ ਫੜਾਓ,
ਸੋਹਣਾ ਹੋਰ ਸਮਾਜ ਬਣਾਓ
ਮੋ. 85690-01590
ਵੀਰਪਾਲ ਕੌਰ ਕਮਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.