Malerkotla Triple Suicide: ਤੀਹਰੇ ਖੁਦਕਸ਼ੀ ਮਾਮਲੇ ’ਚ ਥਾਣੇ ਮੂਹਰੇ ਮੁੜ ਲਾਇਆ ਧਰਨਾ, ਦੋਵੇਂ ਧਿਰਾਂ ਦਾ ਫਸਿਆ ਪੇਚ

Malerkotla-Triple-Suicide

ਇੱਕ ਧਿਰ ਮਿਲੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਦੁਸਰੀ ਮੁੱਦਈ ਧਿਰ ਨੇ ਲਗਾਇਆ ਥਾਣੇ ਮੂਹਰੇ ਧਰਨਾ

ਕਿਹਾ, ਕਰੋ ਦੋਸ਼ੀਆਂ ਨੂੰ ਗ੍ਰਿਫਤਰ ਫਿਰ ਕਰਾਂਗੇ ਸਸਕਾਰ

Malerkotla Triple Suicide: ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਬੀਤੀ ਦਿਨ ਇੱਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਜਾਣ ਦਾ ਮਾਮਲਾ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਿਆ ਹੈ ਇਸ ਮਾਮਲੇ ਵਿਚ ਦੋ ਔਰਤਾਂ ਅਤੇ ਇਕ 7 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। ਮੌਤ ਤੋਂ ਪਹਿਲਾਂ ਇੰਦਰਪਾਲ ਕੌਰ ਨਾਂਅ ਦੀ ਔਰਤ ਨੇ ਵੀਡੀਓ ਜਾਰੀ ਕਰਦੇ ਹੋਏ ਪਿੰਡ ਦੇ 10 ਦੇ ਕਰੀਬ ਲੋਕਾਂ ਤੋਂ ਉਸਦੀ ਜਾਨ ਨੂੰ ਖ਼ਤਰੇ ਦੀ ਗੱਲ ਸਮੇਤ ਕਾਫ਼ੀ ਕੁੱਝ ਕਿਹਾ ਸੀ। ਇਹ ਘਟਨਾ ਹੋ ਜਾਣ ਉਪਰੰਤ ਇਸ ਮਾਮਲੇ ਵਿਚ ਸੰਦੌੜ ਪੁਲਿਸ ਨੇ 10 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਉਨ੍ਹਾਂ ਸਾਰਿਆਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵੱਜੋਂ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀ, ਇਨਸਾਫ਼ ਪਸੰਦ ਲੋਕਾਂ ਥਾਣਾ ਸੰਦੌੜ ਅੱਗੇ ਅੱਜ ਲਗਾਤਾਰ ਦੂਸਰੇ ਦਿਨ ਧਰਨਾ ਲਗਾ ਕੇ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਜਾਮ ਕਰ ਦਿੱਤਾ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਸਾਰੇ ਕਥਿਤ ਦੋਸ਼ੀਆਂ ਨੂੰ ਤੁਰੰਤ ਫੜਨ ਦੀ ਮੰਗ ਕੀਤੀ। ਬੀਤੇ ਕੱਲ੍ਹ ਲਗਾਏ ਗਏ ਧਰਨੇ ਵਿੱਚ ਪੁਲਿਸ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਚੁੱਕ ਦਿੱਤਾ ਸੀ ਪਰ ਅੱਜ ਫਿਰ ਬਾਕੀ ਰਹਿੰਦੇ ਲੋਕਾਂ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਮੁੜ ਧਰਨਾ ਲਗਾ ਦਿੱਤਾ ਗਿਆ।

ਇਹ ਵੀ ਪੜ੍ਹੋ: Road Accident: ਦੋ ਸੜਕ ਹਾਦਸਿਆਂ ’ਚ ਸੱਤ ਦੀ ਮੌਤ, ਪੰਜ ਜ਼ਖਮੀ

ਧਰਨਾਕਾਰੀਆਂ ਵੱਲੋਂ ਇਹ ਮੰਗ ਕੀਤੀ ਗਈ ਕੇ ਮ੍ਰਿਤਕ ਪਾਈ ਗਈ ਲੜਕੀ, ਉਸਦੀ ਮਾਂ ਅਤੇ ਕਰੀਬ ਨੌ ਸਾਲ ਦੇ ਬੱਚੇ ਦੀ ਮੌਤ ਉਹਨਾਂ ਵੱਲੋਂ ਖੁਦ ਕਿਸੇ ਜ਼ਹਿਰੀਲੀ ਚੀਜ਼ ਨਿਗਲ ਜਾਣ ਕਰਕੇ ਨਹੀਂ ਹੋਈ ਸਗੋਂ ਉਹਨਾਂ ਨੂੰ ਕਿਸੇ ਸਾਜਿਸ਼ ਤਹਿਤ ਮਾਰਿਆ ਗਿਆ ਹੈ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ। ਧਰਨਾਕਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਨ੍ਹਾਂ ਚਿਰ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਨਾਂ ਚਿਰ ਲਾਸ਼ਾਂ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਥਾਣੇ ਅੱਗਿਓ ਧਰਨਾ ਚੁੱਕਿਆ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਥਾਣਾ ਸੰਦੌੜ ਅੱਗੇ ਧਰਨਾ ਜਾਰੀ ਸੀ।

ਉਧਰ ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਗ੍ਰਾਮ ਸਭਾ ਬੁਲਾ ਕੇ ਬੀਤੇ ਦਿਨੀਂ ਹੋਏ ਆਤਮ ਹੱਤਿਆ ਮਾਮਲੇ ‘ਚ ਕਥਿਤ ਪਿੰਡ ਵਾਸੀਆਂ ‘ਤੇ ਹੋਏ ਮਾਮਲੇ ਦਰਜ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮ੍ਰਿਤਕ ਇੰਦਰਪਾਲ ਕੌਰ ਵੱਲੋਂ ਆਤਮ ਹੱਤਿਆ ਕਰਨ ਤੋਂ ਪਹਿਲਾਂ ਲਏ ਨਾਵਾਂ ਵਾਲੇ ਵਿਅਕਤੀਆਂ ‘ਤੇ ਹੋਏ ਮੁਕੱਦਮੇ ਦੀ ਜਾਂਚ ਕਰਨ ਦੀ ਮੰਗ ਕੀਤੀ ਤੇ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਸਹਿਯੋਗ ਨਾਲ ਐਸ.ਐਸ.ਪੀ. ਦਫ਼ਤਰ ਮਾਲੇਰਕੋਟਲਾ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਆਤਮ ਹੱਤਿਆ ਮਾਮਲੇ ‘ਚ ਦਰਜ ਮੁਕੱਦਮੇ ਦੀ ਮੁੜ੍ਹ ਤੋਂ ਜਾਂਚ ਕੀਤੀ ਜਾਵੇ ਅਤੇ ਉਕਤ ਮਾਮਲੇ ‘ਚ ਮੌਜੂਦ ਲੋਕਾਂ ਨੂੰ ਬੇਲੋੜਾ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਇਸ ਮੌਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਗੁਰਪ੍ਰੀਤ ਸਿੰਘ ਹਥਨ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਨਿੱਕੂ ਖਾਂ, ਸਹਿਨਜੀਤ, ਗੁਰਮੇਲ ਸਿੰਘ, ਹਰਵਿੰਦਰ ਸਿੰਘ, ਭਲਿੰਦਰ ਸਿੰਘ, ਹਰਬੰਸ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਵਾਸੀ ਮੌਜੂਦ ਸਨ। Malerkotla Triple Suicide