ਡੈਂਟਲ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਸ਼ਹਿਰ ‘ਚ ਰੋਸ ਮਾਰਚ

Dental Students, Association Marched, in the City

ਪੰਜਾਬ ਸਰਕਾਰ ਫੀਸਾਂ ਦੀ ਤਰ੍ਹਾਂ ਵਜੀਫ਼ਾ ਵਧਾਵੇ: ਆਗੂ

ਪਟਿਆਲਾ (ਸੱਚ ਕਹੂੰ ਨਿਊਜ਼)। ਡੈਂਟਲ ਸਟੂਡੈਂਟਸ ਐਸੋਸੀਏਸ਼ਨ ਪੰਜਾਬ ਦੀ ਅਗਵਾਈ ‘ਚ ਪੰਜਾਬ ਦੇ ਦੋਵੇਂ ਸਰਕਾਰੀ ਡੈਂਟਲ ਕਾਲਜਾਂ ਅੰਮ੍ਰਿਤਸਰ ਤੇ ਪਟਿਆਲਾ ਵਿਖੇ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਦੌਰਾਨ ਅੱਜ ਪਟਿਆਲਾ ਦੇ ਡੈਂਟਲ ਕਾਲਜ ‘ਚੋਂ ਵਿਦਿਆਰਥੀਆਂ ਵੱਲੋਂ ਮਾਰਚ ਕੱਢਿਆ ਗਿਆ। ਅੱਜ ਇਸ ਸੰਘਰਸ਼ ਦੇ ਹੱਕ ‘ਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਮੂਲੀਅਤ ਕੀਤੀ ਗਈ।  ਵਿਦਿਆਰਥੀਆਂ ਦੀ ਮੰਗ ਹੈ ਕਿ ਇੰਟਰਨਸ਼ਿਪ ਦੌਰਾਨ ਦਿੱਤਾ ਜਾਣ ਵਾਲਾ ਵਜੀਫਾ ਜੋ ਕਿ ਅਜੇ ਸਿਰਫ 9000 ਮਿਲਦਾ ਹੈ ਇਸਨੂੰ ਵਧਾ ਕੇ 20000 ਕੀਤਾ ਜਾਵੇ।

ਜੱਥੇਬੰਦੀ ਦੇ ਸਕੱਤਰ ਸਾਹਿਲ ਭਾਟੀਆ ਨੇ ਦੱਸਿਆ ਕਿ ਜਿੱਥੇ ਗੁਆਂਢੀ ਸੂਬੇ ਹਰਿਆਣਾ ‘ਚ  17,000 ਰੁਪਏ ਵਜੀਫਾ ਮਿਲਦਾ ਹੈ, ਉੱਥੇ ਹੀ ਹਿਮਾਚਲ ਪ੍ਰਦੇਸ਼ ਵਿੱਚ 15,000 ਰੁਪਏ ਮਿਲਦਾ ਹੈ। ਹੋਰਨਾਂ ਬਹੁਤੇ ਸੂਬਿਆਂ ‘ਚ ਇਹ ਪੰਜਾਬ ਨਾਲੋਂ ਵੱਧ ਹੀ ਮਿਲ ਰਿਹਾ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐੱਮਬੀਬੀਐੱਸ ਤੇ ਬੀਡੀਐੱਸ ਦੀ ਫ਼ੀਸ ਵੀ ਕਈ ਵਾਰ ਵਧਾਈ ਹੈ, ਪਹਿਲਾਂ 2013 ‘ਚ ਫੀਸ 13,000 ਤੋਂ 26,000 ਕੀਤੀ ਤੇ ਫੇਰ 2015 ‘ਚ 80,000 ਕੀਤੀ ਗਈ, ਜੋ ਕਿ ਭਾਰਤ ‘ਚ ਬਾਕੀ ਸੂਬਿਆਂ ਦੀ ਫੀਸ ਨਾਲੋਂ ਕਾਫੀ ਵੱਧ ਹੈ।

ਵਿਦਿਆਰਥੀ ਆਗੂ ਮਦੂਸੂਧਨ ਤੇ ਆਯੂਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਇਸ ਸਬੰਧੀ ਮੰਗ ਪੱਤਰ ਦੋਵੇਂ ਸਰਕਾਰੀ ਡੈਂਟਲ ਕਾਲਜਾਂ ਅੰਮ੍ਰਿਤਸਰ ਤੇ ਪਟਿਆਲਾ ਦੇ ਪ੍ਰਿੰਸੀਪਲ ਰਾਹੀਂ ਸਬੰਧਿਤ ਅਧਿਕਾਰੀਆਂ ਨੂੰ ਭੇਜਿਆ ਸੀ। ਦੋ ਹਫਤੇ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਵੀ ਇਹ ਮੰਗ ਪੱਤਰ ਮਹਿਕਮੇ ਨੂੰ ਫੇਰ ਭੇਜਿਆ ਸੀ ਫੇਰ ਉਨ੍ਹਾਂ ਵੱਲੋਂ ਪੰਜ ਮੈਂਬਰੀ ਵਫ਼ਦ ਨੇ ਇਹ ਮੰਗ ਪੱਤਰ ਮੈਡੀਕਲ ਸਿੱਖਿਆ ਤੇ ਖ਼ੋਜ ਸਕੱਤਰ ਨੂੰ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਸਲੇ ‘ਤੇ ਮੋਨ ਧਾਰੀ ਬੈਠੀ ਹੈ।