Faridkot News: ਮਜ਼ਦੂਰਾਂ ਦੇ ਢਾਹੇ ਘਰਾਂ ਦਾ ਇਨਸਾਫ ਲੈਣ ਲਈ ਫਰੀਦਕੋਟ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ

Faridkot News
Faridkot News: ਮਜ਼ਦੂਰਾਂ ਦੇ ਢਾਹੇ ਘਰਾਂ ਦਾ ਇਨਸਾਫ ਲੈਣ ਲਈ ਫਰੀਦਕੋਟ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ

ਮਜ਼ਦੂਰਾਂ ਦੇ ਢਾਹੇ ਹੋਏ ਘਰਾਂ ਦਾ ਇਨਸਾਫ ਲੈਣ ਲਈ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ

Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪਿਛਲੇ ਦਿਨੀਂ ਕੋਟਕਪੂਰਾ-ਬਠਿੰਡਾ ਰੋਡ ’ਤੇ ਅਨਾਜ ਮੰਡੀ ਦੀ ਕੰਧ ਦੇ ਨਾਲ ਝੋਪੜੀਆਂ ਬਣਾ ਕੇ ਬੈਠੇ ਹੋਏ ਮਜ਼ਦੂਰਾਂ ਦੇ ਘਰਾਂ ਨੂੰ ਕੋਟਕਪੂਰਾ ਪ੍ਰਸ਼ਾਸਨ ਵੱਲੋਂ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ ਸੀ। ਜਿਸ ਕਰਕੇ ਬਹੁਤ ਸਾਰੇ ਮਜ਼ਦੂਰ ਬੇਘਰ ਹੋ ਗਏ। ਇਸ ਮਸਲੇ ਦਾ ਨੋਟਿਸ ਲੈਂਦਿਆ ਪੰਜਾਬ ਸਟੂਡੈਂਟਸ ਯੂਨੀਅਨ ਦੀ ਫ਼ਰੀਦਕੋਟ ਇਕਾਈ ਨੇ ਕੋਟਕਪੂਰਾ ਸ਼ਹਿਰ ਵਿੱਚ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਲਈ ਰੋਸ ਮਾਰਚ ਕੀਤਾ। ਜਿਸ ਤੋਂ ਬਾਅਦ ਨੌਜਵਾਨ ਭਾਰਤ ਸਭਾ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੀ ਮਜ਼ਦੂਰਾਂ ਦੇ ਹੱਕ ਵਿੱਚ ਆਏ।

ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਵੀਰ ਗੰਧੜ,ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਸਤਨਾਮ ਸਿੰਘ ਨੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਦੀ ਬੁਲਡੋਜ਼ਰ ਨੀਤੀ ਭਾਜਪਾ ਸਰਕਾਰ ਯੂਪੀ ਬਿਹਾਰ ਵਿੱਚ ਵਰਤਦੀ ਹੈ ਉਸੇ ਤਰ੍ਹਾਂ ਦਾ ਤਾਨਾਸ਼ਾਹੀ ਵਾਲਾ ਰਾਜ ਆਮ ਆਦਮੀ ਪਾਰਟੀ ਪੰਜਾਬ ਵਿੱਚ ਚਲਾ ਰਹੀ ਹੈ। ਨਸ਼ਾ ਤਸਕਰਾਂ ਦੇ ਘਰਾਂ ’ਤੇ ਕਾਰਵਾਈ ਦੇ ਨਾਂਅ ’ਤੇ ਪੰਜਾਬ ਸਰਕਾਰ ਲਗਾਤਾਰ ਸੰਘਰਸ਼ ਕਰ ਰਹੇ ਲੋਕਾਂ ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।

Faridkot News
Faridkot News: ਮਜ਼ਦੂਰਾਂ ਦੇ ਢਾਹੇ ਘਰਾਂ ਦਾ ਇਨਸਾਫ ਲੈਣ ਲਈ ਫਰੀਦਕੋਟ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ

Faridkot News

ਇਹ ਵੀ ਪੜ੍ਹੋ: Crime News: ਲੁੱਟਾ-ਖੋਹਾਂ ਕਰਨ ਵਾਲੇ ਦੋ ਗਿਰੋਹਾਂ ਦੇ 9 ਮੈਂਬਰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ

ਜਥੇਬੰਦੀਆਂ ਵੱਲੋਂ ਅੱਜ ਝੋਪੜੀਆਂ ਵਾਲੇ ਮਜ਼ਦੂਰਾਂ ਦਾ ਇਕੱਠ ਕਰਕੇ ਫਰੀਦਕੋਟ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀਆਂ ਨੇ ਮੰਗ ਕੀਤੀ ਕਿ ਜਿਹੜੇ ਮਜ਼ਦੂਰਾਂ ਦੇ ਘਰ ਢਾਹੇ ਗਏ ਹਨ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਵਸਾਉਣ ਦਾ ਪ੍ਰਬੰਧ ਕੀਤਾ ਜਾਵੇ। ਮਜ਼ਦੂਰਾਂ ਦਾ ਜੋ ਮਾਲੀ ਨੁਕਸਾਨ ਹੋਇਆ ਹੈ ਓਸਦੀ ਭਰਪਾਈ ਕੀਤੀ ਜਾਵੇ। ਜਥੇਬੰਦੀਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਫ਼ਰੀਦਕੋਟ ਪ੍ਰਸ਼ਾਸਨ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਖ਼ਤ ਐਕਸ਼ਨ ਕੀਤਾ ਜਾਵੇਗਾ। Faridkot News