ਹੜ੍ਹਾਂ/ਮੀਂਹਾਂ ਕਾਰਨ ਹੋਏ ਨੁਕਸਾਨ ਲਈ ਢੁੱਕਵੇਂ ਮੁਆਵਜ਼ੇ ਦੀ ਕੀਤੀ ਮੰਗ
Labor Protest: (ਨਰੇਸ਼ ਕੁਮਾਰ) ਸੰਗਰੂਰ। ਕੇਂਦਰ ਤੇ ਸੂਬਾ ਸਰਕਾਰ ਵੱਲੋਂ ਮਨਰੇਗਾ ਮਜ਼ਦੂਰਾਂ ਦੇ ਰੁਜ਼ਗਾਰ ਤੇ ਕੀਤੀਆਂ ਜਾ ਰਹੀਆਂ ਕਟੌਤੀਆਂ ਖਿਲਾਫ ਮਨਰੇਗਾ ਮਜ਼ਦੂਰਾਂ ਲਈ 200 ਦਿਨ ਕੰਮ ਅਤੇ ਹਰੇਕ ਮਜ਼ਦੂਰ ਲਈ 700 ਰੁਪਏ ਦਿਹਾੜੀ ਦੀ ਗਾਰੰਟੀ ਕਰਵਾਏ ਜਾਣ, ਹੜ੍ਹਾਂ/ਮੀਂਹਾਂ ਕਾਰਨ ਡਿੱਗੇ ਘਰਾਂ ਲਈ ਪੰਜ ਲੱਖ ਰੁਪਏ, ਨੁਕਸਾਨੇ ਗਏ ਘਰਾਂ ਦੀ ਮੁਰੰਮਤ ਲਈ 1 ਲੱਖ ਰੁਪਏ, ਟੁੱਟੀਆਂ ਦਿਹਾੜੀਆਂ ਲਈ ਪ੍ਰਤੀ ਮਜ਼ਦੂਰ ਪਰਿਵਾਰ ਲਈ 25000 ਰੁਪਏ ਮੁਆਵਜ਼ਾ ਦਿੱਤਾ ਜਾਵੇ।
ਹੜ੍ਹਾਂ ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਘੱਟੋ ਘੱਟ 10 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ, ਜਿਹੜੇ ਬੇਜਮ਼ੀਨੇ ਮਜ਼ਦੂਰ ਕਿਸਾਨ ਹਿੱਸੇ ਠੇਕੇ ਤੇ ਜ਼ਮੀਨ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਉਨ੍ਹਾਂ ਲਈ ਵੀ ਜ਼ਮੀਨ ਦੇ ਠੇਕੇ ਸਮੇਤ ਉਨ੍ਹਾਂ ਦੇ ਹੋਏ ਨੁਕਸਾਨ ਦੀ ਵੀ ਭਰਪਾਈ ਕੀਤੀ ਜਾਵੇ। ਇਸ ਤੋਂ ਇਲਾਵਾ ਹੜ੍ਹਾਂ ਲਈ ਜ਼ਿੰਮੇਵਾਰ ਅਧਿਕਾਰੀਆਂ ’ਤੇ ਕਾਰਵਾਈ ਤੋਂ ਇਲਾਵਾ ਨਹਿਰਾਂ, ਕੱਸੀਆਂ, ਸੂਏਆਂ ਡਰੇਨਾਂ ਆਦਿ ਦੀ ਸਾਫ ਸਫਾਈ ਲਈ ਪੱਕੇ ਮੁਲਾਜ਼ਮ ਰੱਖਣ ਅਤੇ ਢੁਕਵੇਂ ਪ੍ਰਬੰਧ ਕੀਤੇ ਜਾਣ ਅਤੇ ਹੜ੍ਹਾਂ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਦੇ ਰੋਕਥਾਮ ਲਈ ਅਗਾਊਂ ਪ੍ਰਬੰਧ ਕੀਤੇ ਜਾਣ ਆਦਿ ਮੰਗਾਂ ਨੂੰ ਲੈਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਹੇਠ ਮੰਗ ਪੱਤਰ ਭੇਜਿਆ ਗਿਆ।
ਇਹ ਵੀ ਪੜ੍ਹੋ: New Trains: ਰੇਲ ਮੰਤਰੀ ਨੇ 7 ਰੇਲ ਗੱਡੀਆਂ ਨੂੰ ਵਿਖਾਈ ਹਰੀ ਝੰਡੀ
ਅੱਜ ਦੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਜ਼ਿਲ੍ਹਾ ਪ੍ਰਧਾਨ ਬਿੱਟੂ ਸਿੰਘ ਖੋਖਰ ਆਲ ਇੰਡੀਆ ਪ੍ਰੋਗਰੈਸਿਵ ਵੂਮੈੱਨ ਐਸੋਸੀਏਸਨ (ਏਪਵਾ) ਦੇ ਆਗੂ ਜਸਵੀਰ ਕੌਰ ਨੱਤ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਹੜ੍ਹਾਂ ਤੇ ਮੀਂਹਾਂ ਕਾਰਨ ਮਜ਼ਦੂਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਕੋਈ ਠੋਸ ਹੱਲ ਕਰਨਾ ਤਾਂ ਇੱਕ ਪਾਸੇ ਰਿਹਾ ਉਲਟਾ ਮਨਰੇਗਾ ਕਾਨੂੰਨ ਤਹਿਤ ਮਿਲਦਾ ਕੰਮ ਵੀ ਸਹੀ ਢੰਗ ਨਾਲ ਨਹੀਂ ਮਿਲ ਰਿਹਾ।
ਇਸ ਮੌਕੇ ਜਿੱਥੇ ਮਜ਼ਦੂਰ ਆਗੂਆਂ ਨੇ ਮਜਦੂਰ ਮੰਗਾਂ ’ਤੇ ਜ਼ੋਰ ਦਿੱਤਾ, ਉੱਥੇ ਬਕਾਇਦਾ ਮਤਾ ਪਾਸ ਕਰਕੇ ਹੁਸ਼ਿਆਰਪੁਰ ਕਾਂਡ ਅਤੇ ਕੰਮੇਆਣਾ ਕਾਂਡ ਵਿੱਚ ਬੱਚਿਆਂ ਨਾਲ ਘਿਨਾਉਣੀਆਂ ਹਰਕਤਾਂ ਕਰਨ ਵਾਲੇ ਦੋਸ਼ੀਆਂ ਖਿਲਾਫ ਫਾਸਟ ਟਰੈਕ ਅਦਾਲਤਾਂ ਵਿੱਚ ਕੇਸ ਚਲਾ ਕੇ ਸਖਤ ਸਜ਼ਾਵਾਂ ਦਿੱਤੇ ਜਾਣ, ਪ੍ਰਵਾਸੀ ਮਜ਼ਦੂਰਾਂ ਖਿਲਾਫ ਭੜਕਾਊ ਮਾਹੌਲ ਸਿਰਜਣ ਵਾਲਿਆਂ ਖਿਲਾਫ ਕਾਰਵਾਈ ਕੀਤੇ ਜਾਣ ਦੀ ਵੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਲੱਦਾਖ ਦੇ ਉੱਘੇ ਵਿਗਿਆਨੀ ਅਤੇ ਲੱਦਾਖ ਦੇ ਲੋਕਾਂ ਲਈ ਸੰਘਰਸ਼ ਕਰਨ ਵਾਲੇ ਸੋਨੂੰ ਵਾਂਗ ਚੁੱਕ ਖਿਲਾਫ ਲਾਏ ਝੂਠੇ ਐਨ ਐਸ ਏ ਐਕਟ ਨੂੰ ਤੁਰੰਤ ਰੱਦ ਕਰਕੇ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰੈਸ ਸਕੱਤਰ ਹਰਮਨਦੀਪ ਹਿੰਮਤਪੁਰਾ, ਕੁਲਵਿੰਦਰ ਕੋਰ ਰੇਤਗੜ, ਸੇਬੀ ਖੰਡੇਬਾਦ, ਘਮੁੰਡ ਸਿੰਘ ਖਾਲਸਾ, ਕਾਮਰੇਡ ਨਿਰੰਜਣ ਸਿੰਘ ਚੁਨਾਗਰਾ ਆਦਿ ਹਾਜ਼ਰ ਸਨ।