ਮਨੁੱਖਤਾ ਦੇ ਭਲੇ ਲਈ ਵਾਤਾਵਰਨ ਬਚਾਉਣਾ ਜ਼ਰੂਰੀ
ਪਹਿਲਾਂ ਅਮਰੀਕਾ ਨੇ ਪੈਰਿਸ ਜਲਵਾਯੂ ਸਮਝੌਤੇ ਵਿਚੋਂ ਆਪਣੇ ਆਪ ਨੂੰ ਵੱਖ ਕਰ ਲਿਆ ਦਸੰਬਰ 2015 ਵਿਚ ਪੈਰਿਸ ਵਿਖੇ ਇਕੱਠੇ ਹੋਏ ਦੁਨੀਆਂ ਦੇ 195 ਦੇਸ਼ਾਂ ਦੇ ਖਾਬੋ-ਖਿਆਲ ‘ਚ ਵੀ ਨਹੀਂ ਸੀ ਕਿ ਇਸ ਸਮਝੌਤੇ ਦੀ ਬੁਨਿਆਦ ਰੱਖਣ ਵਾਲਾ ਹੀ ਉਡਾਰੀ ਮਾਰ ਜਾਵੇਗਾ
ਵ੍ਹਾਈਟ ਹਾਊਸ ਦੇ ‘ਰੋਜ਼ ਗਾਰਡਨ’ ਵਿਚ ਟਰੰਪ ਦੇ ਮੂੰਹੋਂ ਨਿੱਕਲ ਰਿਹਾ ‘ਕੱਲਾ-‘ਕੱਲਾ ਬੋਲ ਅੰਗਾਰਿਆਂ ਤੋਂ ਘੱਟ ਨਹੀਂ ਸੀ ‘ਰੋਜ਼ ਗਾਰਡਨ’ ਵਿਚ ਜੋ ਗੁਲਾਬ ਕੁਝ ਪਲ ਪਹਿਲਾਂ ਟਹਿਕ ਤੇ ਮਹਿਕ ਰਹੇ ਸਨ, ਉਹ ਹੁਣ ਕੁਮਲਾ ਗਏ ਸਨ ਪੈਰਿਸ ਜਲਵਾਯੂ ਸਮਝੌਤੇ ਨੂੰ ‘ਧੋਖੇਬਾਜ਼ੀ’ ਕਰਾਰ ਦੇ ਰਹੇ ਟਰੰਪ ਨੂੰ ਖੁਦ ਨਹੀਂ ਪਤਾ ਸੀ ਕਿ ਉਹ ਕੁਦਰਤ ਨਾਲ ਕਿੱਡਾ ਵੱਡਾ ਦਗਾ ਕਮਾ ਰਹੇ ਹਨ
ਦਸੰਬਰ 2015 ਵਿਚ ਹੋਏ ਸਮਝੌਤਿਆਂ ਤਹਿਤ ਉਹ 4 ਨਵੰਬਰ 2020 ਤੱਕ ਇਸ ਸਮਝੌਤੇ ਤੋਂ ਭੱਜ ਨਹੀਂ ਸੀ ਸਕਦਾ ਭਾਵ ਅਗਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਇੱਕ ਦਿਨ ਬਾਦ ਤੱਕ ਪਰ ਅਮਰੀਕਾ ਦਾ ਵਿਸ਼ਵ ਨੂੰ ਮੰਝਧਾਰ ਵਿਚ ਛੱਡ ਜਾਣਾ ਕੁਦਰਤ ਦੇ ਮੱਥੇ ‘ਤੇ ਫਿਕਰਾਂ ਦੀਆਂ ਝੁਰੜੀਆਂ ਛੱਡ ਗਿਆ ਹੈ ਵਿਸ਼ਵ ਦੇ ਲੰਬੜਦਾਰ ਮੁਲਕ ਦਾ ਗਿੱਟਿਆਂ ਨੂੰ ਥੁੱਕ ਲਾ ਕੇ ਇੰਜ ਭੱਜਣਾ ਵਿਕਾਸਸ਼ੀਲ ਤੇ ਗਰੀਬ ਮੁਲਕਾਂ ਦੇ ਹੌਂਸਲੇ ਤੋੜ ਗਿਆ
ਡੋਨਾਲਡ ਟਰੰਪ ਨੇ ਭਾਵੇਂ ਆਪਣੀ ਤਕਰੀਰ ਦੀ ਸ਼ੁਰੂਆਤ ਅੱਤਵਾਦ ਤੋਂ ਕੀਤੀ ਤੇ ਤਤਕਾਲੀ ਰਾਸ਼ਟਰਪਤੀ ਵੱਲੋਂ ਵੱਖ-ਵੱਖ ਮੁਲਕਾਂ ਨੂੰ ਦਿੱਤੀ ਆਰਥਿਕ ਸਹਾਇਤਾ ਦਾ ਜ਼ਿਕਰ ਵੀ ਕੀਤਾ ਪਰ ਉਹ ਸਮਾਂ ਵੀ ਆਇਆ ਜਦੋਂ ਟਰੰਪ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਹਟਣ ਦਾ ਐਲਾਨ ਕੀਤਾ ਲਗਾਤਾਰ 23 ਸੈਕਿੰਡ ਤਾੜੀਆਂ ਵੱਜਦੀਆਂ ਰਹੀਆਂ ਆਪਣੀ ਤਕਰੀਰ ਦੌਰਾਨ ਟਰੰਪ ਦਾ ਇਹ ਕਹਿਣਾ ਕਿ ‘ਮੈਂ ਪੀਟਜ਼ਬਰਗ ਦੇ ਲੋਕਾਂ ਦੀ ਅਗਵਾਈ ਲਈ ਚੁਣਿਆ ਗਿਆ ਹਾਂ, ਪੈਰਿਸ ਦੇ ਲੋਕਾਂ ਲਈ ਨਹੀਂ’ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਬੰਦੇ ਵਿਚ ਸਵਾਰਥ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਟਰੰਪ ਦੇ ਫ਼ੈਸਲੇ ਮਗਰੋਂ ਵਿਸ਼ਵ ਦੇ ਚੋਟੀ ਦੇ ਆਗੂਆਂ ਨੇ ਉਸ ਨੂੰ ਫਿਟਕਾਰਾਂ ਪਾਈਆਂ ਪਰ ਉਸ ‘ਤੇ ਕੋਈ ਅਸਰ ਨਾ ਹੋਇਆ
ਭਾਵੇਂ ਅਮਰੀਕਾ ਨੇ ਪੈਰਿਸ ਜਲਵਾਯੂ ਸਮਝੌਤੇ ਨੂੰ ਛੱਡਣ ਦਾ ਮੁੱਖ ਤਰਕ ਭਾਰਤ ਤੇ ਚੀਨ ‘ਤੇ ਅਰਬਾਂ ਡਾਲਰ ਲੈਣ ਦਾ ਦਿੱਤਾ ਹੈ ਪਰ ਅਸਲ ਗੱਲ ਹੋਰ ਹੈ ਜਦੋਂ ਅਮਰੀਕਾ ਨੂੰ 2 ਡਿਗਰੀ ਸੈਲਸੀਅਸ ਤਾਪਮਾਨ ਵਧਣ ਦਾ ਮੁੱਖ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਤਾਂ ਉਸ ਨੇ ਆਪਣੇ ਆਪ ਨੂੰ ਬਚਾਉਣ ਤੇ ਕੁਦਰਤ ਪ੍ਰੇਮੀ ਹੋਣ ਦਾ ਦਾਅਵਾ ਕਰਨ ਲਈ ਪੈਰਿਸ ਜਲਵਾਯੂ ਸਮਝੌਤੇ ਦਾ ਖਰੜਾ ਤਿਆਰ ਕਰਨਾ ਸਹੀ ਸਮਝਿਆ ਦਸੰਬਰ 2015 ਨੂੰ ਸਹੀਬੱਧ ਹੋਏ ਪੈਰਿਸ ਜਲਵਾਯੂ ਸਮਝੌਤੇ ਤਹਿਤ 195 ਦੇਸ਼ਾਂ ਨੇ ਇਸ ‘ਤੇ ਦਸਤਖ਼ਤ ਕਰਕੇ ਵਾਅਦਾ ਕੀਤਾ ਸੀ ਕਿ ਉਹ ਕਾਰਬਨ ਡਾਈ ਆਕਸਾਈਡ ਦੀ ਨਿਕਾਸੀ ਘਟਾਉਣਗੇ
ਵਿਸ਼ਵ ਦੀ ਕੁੱਲ ਆਬਾਦੀ ਵਿਚ ਅਮਰੀਕਾ ਦਾ ਭਾਵੇਂ 4 ਫ਼ੀਸਦੀ ਹਿੱਸਾ ਹੈ ਪਰ ਕਾਰਬਨ ਡਾਇ ਆਕਸਾਈਡ ਦੀ ਨਿਕਾਸੀ ਵਿਚ ਉਹ ਸਭ ਤੋਂ ਵੱਡਾ ਦੇਸ਼ ਹੈ ਕੌਮਾਂਤਰੀ ਪੱਧਰ ‘ਤੇ ਪੈ ਰਹੇ ਦਬਾਅ ਕਾਰਨ ਅਮਰੀਕਾ ਨੇ 2020 ਤੱਕ ਗਰੀਬ ਦੇਸ਼ਾਂ ਨੂੰ ਜਲਵਾਯੂ ਤਬਦੀਲੀ ਕਾਰਨ ਸਥਿਤੀ ਦਾ ਸਾਹਮਣਾ ਕਰਨ ਲਈ ਤਿੰਨ ਬਿਲੀਅਨ ਡਾਲਰ ਅਤੇ 2025 ਤੱਕ ਕਾਰਬਨ ਡਾਇ ਆਕਸਾਈਡ ਨਿਕਾਸੀ ਵਿਚ 26 ਤੋਂ 28 ਫੀਸਦੀ ਕਟੌਤੀ ਕਰਨ ਦਾ ਸਮਝੌਤਾ ਸਹੀਬੱਧ ਕੀਤਾ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਸਮਝੌਤੇ ਵਿਚ ਖ਼ਾਸ ਭੂਮਿਕਾ ਨਿਭਾਈ ਸੀ
ਅਮਰੀਕਾ ਦਾ ਪੈਰਿਸ ਜਲਵਾਯੂ ਸਮਝੌਤੇ ‘ਚੋਂ ਪਿਛਾਂਹ ਹਟਣ ਨਾਲ ਸੰਸਾਰ ‘ਤੇ ਵੀ ਅਸਰ ਪਵੇਗਾ ਵਿਸ਼ਵ ਦੀ ਕਾਰਬਨ ਨਿਕਾਸੀ ਵਿੱਚ ਅਮਰੀਕਾ ਦਾ 15 ਫ਼ੀਸਦੀ ਯੋਗਦਾਨ ਹੈ ਇਸਦੇ ਨਾਲ ਹੀ ਅਮਰੀਕਾ ਵਿਕਾਸਸ਼ੀਲ ਦੇਸ਼ਾਂ ਵਿਚ ਵਧਦੇ ਤਾਪਮਾਨ ਨੂੰ ਰੋਕਣ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਵਾਲਾ ਅਹਿਮ ਵਸੀਲਾ ਹੈ ਇਸ ਸਮਝੌਤੇ ਤੋਂ ਪੈਰ ਪਿਛਾਂਹ ਖਿੱਚਣ ਲਈ ਟਰੰਪ ਦੀ ਉਹ ਦਲੀਲ ‘ਅਮਰੀਕਾ ਵਿਚ ਨੌਕਰੀਆਂ ਦਾ ਕਾਲ ਪੈ ਜਾਵੇਗਾ’ ਤਰਕਸੰਗਤ ਨਹੀਂ ਜਾਪਦੀ ਬਾਕੀ ਵਿਕਸਤ ਦੇਸ਼ਾਂ ਵਾਂਗ ਅਮਰੀਕਾ ਵੀ ਕੋਲੇ ਨਾਲ ਬਿਜਲੀ ਪੈਦਾ ਕਰਨਾ ਛੱਡ ਚੁੱਕਾ ਹੈ
ਅਮਰੀਕਾ ਦੇ ਕੋਲਾ ਉਦਯੋਗ ਵਿਚ ਹੁਣ ਸੌਰ ਊਰਜਾ ਉਦਯੋਗ ਦੇ ਮੁਕਾਬਲੇ ਨੌਕਰੀਆਂ ਕੁਝ ਵੀ ਨਹੀਂ ਬਚੀਆਂ ਅਸਲ ਗੱਲ ਤਾਂ ਇਹ ਹੈ ਕਿ ਅਮਰੀਕਾ ਜੇਕਰ ਕਾਰਬਨ ਦੀ ਨਿਕਾਸੀ ਘੱਟ ਕਰਦਾ ਹੈ ਤਾਂ ਉਸ ਨੂੰ ਡਰ ਹੈ ਕਿ ਕਿਤੇ ਮੰਦੀ ਕਾਰਨ ਉਸ ਦੀ ਅਰਥ ਵਿਵਸਥਾ ਲੀਹ ਤੋਂ ਨਾ ਲਹਿ ਜਾਵੇ ਤੇ ਮਹਾਂਸ਼ਕਤੀ ਬਣਨ ਦਾ ਸੁਫ਼ਨਾ ਵੇਖ ਰਹੇ ਚੀਨ ਤੇ ਰੂਸ ਉਸ ਨੂੰ ਪਛਾੜ ਨਾ ਦੇਣ ਹੁਣ ਜਦੋਂ ਗਰੀਬ ਦੇਸ਼ਾਂ ਨੂੰ ਪੈਰਿਸ ਜਲਵਾਯੂ ਸਮਝੌਤੇ ਤਹਿਤ ਫੰਡ ਦੇਣ ਦਾ ਵੇਲਾ ਆਇਆ ਤਾਂ ਟਰੰਪ ਨੇ ਇਸ ਨੂੰ ਅਮਰੀਕਾ ਦੀ ਪ੍ਰਭੂਸੱਤਾ, ਸਨਅਤ ਅਤੇ ਅਰਥ ਵਿਵਸਥਾ ‘ਤੇ ਡੂੰਘੀ ਸੱਟ ਵੱਜਣ ਦਾ ਦਾਅਵਾ ਕਰਦਿਆਂ ਪੈਰ ਪਿਛਾਂਹ ਨੂੰ ਖਿੱਚ ਲਿਆ ਹੋ ਸਕਦਾ ਹੈ ਕਿ ਹੁਣ ਕੁਝ ਹੋਰ ਦੇਸ਼ ਵੀ ਅਜਿਹੇ ਬਹਾਨੇ ਲਾ ਕੇ ਇਸ ਸਮਝੌਤੇ ਤੋਂ ਹਟ ਜਾਣ ਹਾਲਾਂਕਿ ਵਾਤਾਵਰਨ ਪ੍ਰੇਮੀ, ਸੂਬਿਆਂ ਦੇ ਗਵਰਨਰ, ਵੱਖ-ਵੱਖ ਸਨਅਤਾਂ ਦੇ ਮੁਖੀ ਅਤੇ ਰਾਸ਼ਟਰਪਤੀ ਦੇ ਸਟਾਫ਼ ਮੈਂਬਰ ਅਖੀਰਲੇ ਮਿੰਟ ਤਕ ਪੈਰਿਸ ਜਲਵਾਯੂ ਸਮਝੌਤੇ ਤੋਂ ਨਾ ਹਟਣ ਦੀ ਦੁਹਾਈ ਦਿੰਦੇ ਰਹੇ
ਪਰ ਟਰੰਪ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਇਹ ਗੱਲ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਇੱਕ ਦਿਨ ਪਹਿਲਾਂ ਬੋਲੇ ਉਨ੍ਹਾਂ ਬੋਲਾਂ ਨੂੰ ਸੱਚ ਕਰਦੀ ਹੈ ‘ਟਰੰਪ ਨੂੰ ਕਿਸੇ ਦੀ ਸਲਾਹ ਨਹੀਂ ਚਾਹੀਦੀ ਖ਼ਾਸਕਰ ਗੱਲ ਜਦੋਂ ਸਿਆਸਤ ਦੀ ਹੋਵੇ ਤਾਂ’ ਭਾਵੇਂ ਇਹ ਮੁੱਦਾ ਸਿਆਸਤ ਦਾ ਨਹੀਂ ਹੈ ਪਰ ਟਰੰਪ ਦੇ ਇਸ ਫ਼ੈਸਲੇ ਵਿਚ ਵੀ ਵੋਟ ਬੈਂਕ ਦੀ ਬੋ ਆ ਰਹੀ ਹੈ ਉਹ ‘ਅਮਰੀਕਾ ਫ਼ਸਟ’ ਦੇ ਨਾਅਰੇ ਨੂੰ ਵੀ ਇਸ ਕੌਮਾਂਤਰੀ ਮੁੱਦੇ ਵਿਚ ਘਸੀਟਣਾ ਚਾਹੁੰਦਾ ਸੀ ਹੈ
ਅਮਰੀਕਾ ਦੇ ਕੁਝ ਸਾਹਸੀ ਲੋਕ ਅਜੇ ਵੀ ਇਸ ਸਮਝੌਤੇ ਦੇ ਹੱਕ ਵਿਚ ਹਨ 30 ਮੇਅਰ, 3 ਗਵਰਨਰ, 80 ਯੂਨੀਵਰਸਿਟੀਆਂ ਦੇ ਮੁਖੀ ਅਤੇ 100 ਦੇ ਕਰੀਬ ਸਨਅਤਕਾਰਾਂ ਨੇ ਇੱਕ ਸਮੂਹ ਬਣਾ ਕੇ ਸੰਯੁਕਤ ਰਾਸ਼ਟਰ ਤੱਕ ਪਹੁੰਚ ਕੀਤੀ ਹੈ ਕਿ ਉਹ ਪੈਰਿਸ ਜਲਵਾਯੂ ਸਮਝੌਤੇ ‘ਤੇ ਖਰੇ ਉੱਤਰਨਗੇ ਪੈਰਿਸ ਜਲਵਾਯੂ ਸਮਝੌਤੇ ਨੂੰ ਲੈ ਕੇ ਅਮਰੀਕਾ ਦੇ ਕੁਝ ਵਿਅਕਤੀ ਇਸ ਕਦਰ ਉਤਸ਼ਾਹਿਤ ਸਨ ਕਿ ਉਹ ਵਾਤਾਵਰਨ ਦੀ ਸੁਰੱਖਿਆ ਲਈ ਕੁਝ ਵੀ ਕਰਨ ਲਈ ਤਿਆਰ ਸਨ ਬਲੂਮਬਰਗ ਫਿਲਾਥ੍ਰੌਂਪਿਸ ਚੈਰੀਟੇਬਲ ਸੰਸਥਾ ਦੇ ਮੁਖੀ ਨੇ ਇਸ ਸਮਝੌਤੇ ਨੂੰ ਲਾਗੂ ਕਰਨ ਲਈ ਦੋ ਸਾਲ 14 ਮਿਲੀਅਨ ਡਾਲਰ ਦਾਨ ਦੇਣ ਦਾ ਐਲਾਨ ਵੀ ਕਰ ਦਿੱਤਾ ਸੀ
ਸਾਲਟ ਲੇਕ ਸਿਟੀ ਦੇ ਮੇਅਰ ਜੈਕੀ ਬਿਸਕਪਸਕੀ ਨੇ ਪ੍ਰਸ਼ਾਸਨ ਦੀ ਸਹਾਇਤਾ ਨਾਲ ਅਜਿਹੀ ਸਕੀਮ ਘੜੀ ਸੀ ਜਿਸ ਨਾਲ ਪੂਰੇ ਸ਼ਹਿਰ ਨੂੰ 2032 ਤੱਕ ਨਵਿਆਉਣਯੋਗ ਊਰਜਾ ‘ਤੇ ਨਿਰਭਰ ਕਰ ਦੇਣਾ ਸੀ ਸੱਚਮੁੱਚ ਹੀ ਇਹ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਨੂੰ ਠੱਲ੍ਹ ਪਾਉਣ ਲਈ ਬੜਾ ਕਾਰਗਰ ਕਦਮ ਹੈ ‘ਅਮਰੀਕਾ ਫਸਟ’ ਦੇ ਨਾਅਰੇ ‘ਤੇ ਚੱਲ ਰਹੇ ਡੋਨਾਲਡ ਟਰੰਪ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਸੀ ਕਿ ਉਹ ਵਿਸ਼ਵ ਦੀ ਅਗਵਾਈ ਵੀ ਕਰਦਾ ਹੈ ਜੇਕਰ ਨੈਤਿਕ ਤੇ ਸਾਂਝੇ ਕਾਰਜਾਂ ਤੋਂ ਅਮਰੀਕਾ ਇਸੇ ਤਰ੍ਹਾਂ ਆਨਾਕਾਨੀ ਕਰਦਾ ਰਿਹਾ ਤਾਂ ਇੱਕ ਦਿਨ ਉਸ ਤੋਂ ਲੰਬੜਦਾਰ ਵਾਲਾ ਰੁਤਬਾ ਤਾਂ ਖੁੱਸੇਗਾ ਹੀ ਸਗੋਂ ਉਹ ਵਿਸ਼ਵ ਵਿਚ ਵੀ ਅਲੱਥ-ਥਲੱਗ ਪੈ ਜਾਵੇਗਾ
ਹਰਦੀਪ ਸੰਧੂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.