ਨਸ਼ਿਆਂ ਦੀ ਮਾਰ ਤੋਂ ਆਪਣੇ ਬੱਚਿਆਂ ਨੂੰ ਬਚਾਓ

Depth

ਅੱਜ ਦੇ ਇਸ ਤੇਜ਼ ਰਫਤਾਰ ਸਮੇਂ ਦੌਰਾਨ ਮਨੁੱਖ ਦੀ ਤੇਜ਼ੀ ਨਾਲ ਤਰੱਕੀ ਕਰਨ ਦੀ ਲਾਲਸਾ ਤੇ ਸਮੇਂ ਤੋਂ ਪਹਿਲਾਂ ਅਮੀਰ ਬਣਨ ਤੇ ਆਪਣੇ ਜ਼ਿੰਦਗੀ ਦੇ ਮੁਕਾਮ ਤੱਕ ਪਹੁੰਚਣ ਦੀ ਦੌੜ ਨੇ ਵਿਅਕਤੀ ਨੂੰ ਅੰਨ੍ਹਾ ਕਰ ਦਿੱਤਾ ਹੈ ਉਹ ਸਭ ਕੁੱਝ ਭੁੱਲ-ਭੁਲਾ ਕੇ ਦਿਨ-ਰਾਤ ਕੰਮ ਕਰਨ ਵਿੱਚ ਲੱਗਾ ਰਹਿੰਦਾ ਹੈ ਜਿਸ ਦੌਰਾਨ ਉਸ ਨੂੰ ਆਪਣੇ ਸਰੀਰ ਦੀ ਸਾਂਭ-ਸੰਭਾਲ ਰੱਖਣਾ ਤਾਂ ਦੂਰ ਦੀ ਗੱਲ ਉਹ ਸ਼ਿਫਟਾਂ ਲਾ ਕੇ ਘੰਟਿਆਂਬੱਧੀ ਕੰਮ ਵਿੱਚ ਜੁੱਟਿਆ ਰਹਿੰਦਾ ਹੈ ਆਪਣੇ ਸਰੀਰ ਤੋਂ ਲੋੜ ਤੋਂ ਵੱਧ ਜ਼ੋਰ ਲਾਉਣ ਤੇ ਸਮੇਂ ਤੋਂ ਵਧ ਕੇ ਕੰਮ ਕਰਨ ਦੀ ਲਾਲਸਾ ਉਸ ਨੂੰ ਕਈ ਖਤਰਨਾਕ ਨਸ਼ਿਆਂ ਦਾ ਆਦੀ ਬਣਾ ਛੱਡਦੀ ਹੈ ਉਹ ਹੌਲੀ-ਹੌਲੀ ਇਨ੍ਹਾਂ ਨਸ਼ਿਆਂ ਵਿੱਚ ਡੁੱਬਦਾ ਜਾਂਦਾ ਹੈ। (Protect your Children)

ਨਸ਼ਾ ਇੱਕ ਜਹਿਰ ਹੈ ਕੋਈ ਵੀ ਵਸਤੂ ਜਿਸ ਦੀ ਲੋੜ ਅਤੇ ਮਾਤਰਾ ਤੋਂ ਜਿਆਦਾ ਸੇਵਨ ਕਰਨਾ ਜਾਂ ਫਿਰ ਇੱਕ ਗੋਲੀ ਜਾਂ ਦਵਾਈ ਦੇ ਤੌਰ ’ਤੇ ਲੰਬੇ ਸਮੇਂ ਤੱਕ ਲੈਣਾ ਅਤੇ ਉਸ ਦੀ ਆਦਤ ਪੈ ਜਾਣਾ, ਇਹ ਨਸ਼ਾ ਹੈ ਇਸ ਤਰ੍ਹਾਂ ਰੋਜ਼ਾਨਾ ਦੀ ਆਦਤ ਤੇ ਉਸਦਾ ਸੇਵਨ ਜੋ ਕਿ ਪਹਿਲਾਂ-ਪਹਿਲ ਸਾਨੂੰ ਅਰਾਮ ਦਿੰਦਾ ਹੈ ਪਰੰਤੂ ਅੰਤ ਵਿੱਚ ਇਹ ਸਾਡੀ ਅੰਦਰੂਨੀ ਕਮਜੋਰੀ ਵਜੋਂ ਉੱਭਰ ਕੇ ਸਾਹਮਣੇ ਆਉਦਾ ਹੈ। ਜਿਸ ਕਾਰਨ ਵਿਅਕਤੀ ਆਪਣੇ-ਆਪ ਤੋਂ ਬੇਖਬਰ ਹੋ ਜਾਂਦਾ ਹੈ ਤੇ ਉਸ ਨਸ਼ੇ ਅਤੇ ਦਵਾਈ ਦਾ ਆਦੀ ਹੋ ਜਾਂਦਾ ਹੈ।

ਇਸ ਤਰ੍ਹਾਂ ਇਹ ਨਸ਼ਾ ਅੱਗੇ ਚੱਲ ਕੇ ਬਹੁਤ ਹੀ ਭਿਆਨਕ ਰੂਪ ਅਖਤਿਆਰ ਕਰ ਲੈਂਦਾ ਹੈ ਜਿਸ ਵਿੱਚ ਘਰਾਂ ਦੇ ਇਕਲੌਤੇ ਦੀਵੇ ਤੱਕ ਬੁਝ ਜਾਂਦੇ ਹਨ ਇਸ ਬਾਰੇ ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਐ:-

ਬੰਦ ਬੋਤਲ ਨੂੰ ਬੰਦਿਆ ਖੋਲ੍ਹ ਨਾ ਤੂੰ,
ਇਸ ਬੋਤਲ ਦੇ ਵਿੱਚ ਕੰਗਾਲੀਆਂ ਨੇ
ਇਹਨੇ ਰਚਕੇ ਕਈਆਂ ਦੇ ਦਿਲਾਂ ਅੰਦਰ,
ਕਾਂਗੜਾ ਵਾਗਰਾਂ ਹੱਡੀਆਂ ਗਾਲੀਆਂ ਨੇ
ਯਾਰੋ ਸੱੱਕ ਸਰੀਰ ’ਚ ਖੂਨ ਜਾਂਦਾ,
ਉੱਡ ਚਿਹਰੇ ਤੋਂ ਜਾਂਦੀਆਂ ਲਾਲੀਆਂ ਨੇ

ਸਾਡੇ ਸਰੀਰ ਅੰਦਰ ਬਿਮਾਰੀ ਨਾਲ ਲੜਨ ਲਈ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕੁੱਝ ਜੀਵਾਣੂ ਹੁੰਦੇ ਹਨ ਪਰੰਤੂ ਨਸ਼ੀਲੀਆਂ ਦਵਾਈਆਂ ਅਤੇ ਨਸ਼ੇ ਦੀ ਲਗਾਤਾਰ ਰੋਜ਼ਾਨਾ ਵਰਤੋਂ ਉਨ੍ਹਾਂ ਨੂੰ ਅੰਦਰੋ-ਅੰਦਰੀ ਮਾਰ ਦਿੰਦੀਆਂ ਹਨ। ਜਿਸ ਕਾਰਨ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਜਿਸ ਦੀ ਵਜ੍ਹਾ ਕਾਰਨ ਪੀੜਤ ਵਿਅਕਤੀ ਜਲਦੀ ਹੀ ਬਿਮਾਰੀਆਂ ਤੇ ਨਸ਼ੇ ਦਾ ਸ਼ਿਕਾਰ ਹੋ ਜਾਂਦਾ ਹੈ। ਇਸੇ ਕਾਰਨ ਉਹ ਛੋਟੀ ਤੋਂ ਛੋਟੀ ਬਿਮਾਰੀ ਦੀ ਲਪੇਟ ਵਿੱਚ ਜਲਦੀ ਆ ਜਾਂਦਾ ਹੈ ਤੇ ਇਹ ਬਿਮਾਰੀ ਜੋ ਕਿ ਲੰਬਾ ਸਮਾਂ ਉਸ ਦੇ ਸਰੀਰ ਨੂੰ ਚਿੰਬੜੀ ਰਹਿੰਦੀ ਹੈ ਤੇ ਨਸ਼ਾ ਕਰਨ ਵਾਲਾ ਵਿਅਕਤੀ ਹਮੇਸ਼ਾ ਕਾਹਲ ਵਿੱਚ ਰਹਿੰਦਾ ਹੈ ਤੇ ਉਸਦੇ ਚਿਹਰੇ ਦਾ ਰੰਗ ਹਰ ਸਮੇਂ ਲਾਲ ਜਾਂ ਗੁਲਾਬੀ ਹੋਇਆ ਰਹਿੰਦਾ ਹੈ ਇਸ ਦੇ ਨਾਲ ਹੀ ਉਸ ਦੀਆਂ ਅੱਖਾਂ ਤੇ ਉਸ ਦੇ ਕੰਮ ਕਰਨ ਦੇ ਢੰਗ ਜਾਂ ਬੋਲ-ਬਾਣੀ, ਤੁਰਨ-ਫਿਰਨ ਤੋਂ ਆਮ ਲੋਕ ਜਲਦੀ ਹੀ ਅੰਦਾਜ਼ਾ ਲਾ ਲੈਂਦੇ ਹਨ। (Protect your Children)

ਦਸ ਮਿੰਟ ਬਾਅਦ ਬਲਣ ਵਾਲਾ ਸਿਵਾ ਇੱਕ ਨਸ਼ੱਈ ਜਾਂ ਨਸ਼ੇ ਕਰਨ ਵਾਲੇ ਵਿਅਕਤੀ ਦਾ

ਇੱਕ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਦਸ ਮਿੰਟ ਬਾਅਦ ਬਲਣ ਵਾਲਾ ਸਿਵਾ ਇੱਕ ਨਸ਼ੱਈ ਜਾਂ ਨਸ਼ੇ ਕਰਨ ਵਾਲੇ ਵਿਅਕਤੀ ਦਾ ਹੁੰਦਾ ਹੈ। ਇਨ੍ਹਾਂ ਨਸ਼ਿਆਂ ਕਾਰਨ ਹੀ ਅਨੇਕਾਂ ਹਾਦਸੇ, ਕਤਲ, ਲੜਾਈਆਂ, ਤਲਾਕ, ਰਿਸ਼ਤਿਆਂ ਦੀ ਟੁੱਟ-ਭੱਜ ਹੁੰਦੀ ਹੈ। ਜ਼ੁਰਮਾਂ ਦੇ ਗਰਾਫ ਵਿੱਚ ਲਗਾਤਾਰ ਵਾਧਾ ਰੋ ਰਿਹਾ ਹੈ। ਅੱਜ ਦੇ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਨਾ ਸ਼ਿਰਫ ਆਪਣਾ-ਆਪ ਹੀ ਬਰਬਾਦ ਕਰਦੇ ਹਨ ਸਗੋਂ ਆਪਣੇ ਮਾਪਿਆਂ ਦੇ ਸੰਜੋਏ ਸੁਪਨਿਆਂ ਨੂੰ ਵੀ ਖੇਰੰੂ-ਖੇਰੰੂ ਕਰਦੇ ਹਨ। ਜਦੋਂ ਤੱਕ ਮਾਪੇ ਗੌਰ ਕਰਦੇ ਹਨ ਉਦੋਂ ਤੱਕ ਸਥਿਤੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਹਨ ਉਨ੍ਹਾਂ ਦੇ ਸੁਪਨੇ ਵੀ ਵੱਡੇ ਹੁੰਦੇ ਜਾਂਦੇ ਹਨ ।

ਉਹ ਸੁਪਨੇ ਤੋਂ ਜਾਣੂ ਤਾਂ ਹੋ ਜਾਂਦੇ ਹਨ ਪਰ ਉਨ੍ਹਾਂ ਸੁਪਨਿਆਂ ਦੀ ਪੂਰਤੀ ਕਿੰਝ ਕਰਨੀ ਹੈ ਤੋਂ ਜਾਣੂ ਨਹੀਂ ਹੁੰਦੇ। ਜਿਸ ਲਈ ਉਹ ਗਲਤ ਦਿਸ਼ਾ-ਨਿਰਦੇਸ਼ ਚੁਣਦੇ ਹਨ ਅਤੇ ਸ਼ਾਰਟ-ਕੱਟ ਰਸਤੇ ਚੁਣਦੇ ਹਨ ਪਰੰਤੂ ਉਸ ਸਮੇਂ ਮਾਪਿਆਂ ਦੇ ਮਾਰਗ-ਦਰਸ਼ਨ ਦੀ ਲ਼ੋੜ ਹੁੰਦੀ ਹੈ ਉਸ ਵੇਲੇ ਜਿਹੜੇ ਮਾਪੇ ਸਥਿਤੀ ਨੂੰ ਸਮਝ ਲੈਂਦੇ ਹਨ ਉਨ੍ਹਾਂ ਦੇ ਬੱਚੇ ਆਪਣੇ ਸੁਪਨੇ ਪੂਰੇ ਕਰ ਲੈਂਦੇ ਹਨ ਇਸ ਦੇ ਉਲਟ ਜੋ ਸਮੇਂ ਦੀ ਨਜਾਕਤ ਨੂੰ ਨਹੀਂ ਸਮਝਦੇ ਸਿਰਫ ਪੈਸਾ ਕਮਾਉਣ, ਤਰੱਕੀ ਕਰਨ ਤੱਕ ਸੀਮਤ ਰਹਿੰਦੇ ਹਨ ਉਹ ਹਰ ਪਾਸੇ ਤੋਂ ਨਾਕਾਮਯਾਬ ਅਤੇ ਫੇਲ੍ਹ ਹੋ ਜਾਂਦੇ ਹਨ । ਅੰਤ ਵਿੱਚ ਉਹ ਸਥਿਤੀ ਉੱਪਰ ਕਾਬੂ ਪਾਉਣ ਲਈ ਆਪਣੇ ਬੱਚਿਆਂ ਉੱਪਰ ਪ੍ਰੈਸ਼ਰ ਪਾਉਂਦੇ ਹਨ, ਗਾਲੀ-ਗਲੋਚ ਕਰਦੇ ਹਨ, ਪਿਆਰ ਨਾਲ ਨਹੀਂ ਸਮਝਾਉਂਦੇਹ, ਅੰਤ ਉਨ੍ਹਾਂ ਦੇ ਬੱਚੇ ਨਸ਼ਿਆਂ ਦੇ ਰਾਹ ਪੈ ਜਾਂਦੇ ਹਨ।

ਬੱਚਿਆਂ ਪ੍ਰਤੀ ਆਪਣੀ ਵਿਸ਼ੇਸ਼ ਜਿੰਮੇਵਾਰੀ

ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਭ ਤੋਂ ਅਹਿਮ ਤੇ ਵਿਸ਼ੇਸ਼ ਯੋਗਦਾਨ ਉਨ੍ਹਾਂ ਦੇ ਖੁਦ ਦੇ ਮਾਪੇ ਅਦਾ ਕਰ ਸਕਦੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਬੱਚੇ ਦੀ ਹਰ ਹਰਕਤ ਅਤੇ ਉਸ ਦੀ ਦੋਸਤਾਂ ਦੀ ਸੰਗਤ ਕਿਵੇਂ ਦੀ ਹੈ ਤੇ ਬੱਚਿਆਂ ਪ੍ਰਤੀ ਆਪਣੀ ਵਿਸ਼ੇਸ਼ ਜਿੰਮੇਵਾਰੀ ਤੇ ਫਰਜ ਕਿ ਉਹ ਕਿਸ ਸਮੇਂ ਅਤੇ ਕਦੋਂ, ਕਿੱਥੇ ਜਾਂਦੇ ਹਨ ਤੇ ਕਦੋਂ ਵਾਪਸ ਆਉਂਦੇ ਹਨ, ਬੱਚਿਆਂ ਉੱਪਰ ਤਿੱਖੀ ਨਜਰ ਰੱਖਣ ਅਤੇ ਵਿਸ਼ੇਸ਼ ਵਿਅਕਤੀ ਦੁਆਰਾ ਆਪਣੇ ਬੱਚੇ ਦੀ ਸ਼ਿਕਾਇਤ ਦੱਸਣ ਉਪਰੰਤ ਉਸ ਦਾ ਧੰਨਵਾਦ ਕਰਨ ਨਾ ਕਿ ਉਲਟਾ ਉਸ ਨੂੰ ਗਾਲੀ-ਗਲੋਚ ਕਰਨ ਕਿ ਹਮੇਸ਼ਾ ਸਾਡਾ ਬੱਚਾ ਹੀ ਸਹੀ ਹੈ। ਇਸ ਤੋਂ ਇਲਾਵਾ ਹਰ ਪ੍ਰਕਾਰ ਦੀਆਂ ਖਾਣ-ਪੀਣ ਦੀਆਂ ਵਸਤੂਆਂ ਵੱਲ ਵਿਸ਼ੇਸ ਧਿਆਨ ਦੇਣ ਕਿ ਉਨ੍ਹਾਂ ਦਾ ਬੱਚਾ ਕਿਸੇ ਪ੍ਰਕਾਰ ਦੇ ਨਸ਼ੇ ਦੀ ਆਦਤ ਦਾ ਸ਼ਿਕਾਰ ਤਾਂ ਨਹੀਂ।

ਇਸੇ ਤਰ੍ਹਾਂ ਸਮਝਦਾਰ ਮਾਪੇ ਆਪਣੇ ਬੱਚਿਆਂ ਸਾਹਮਣੇ ਕਦੇ ਵੀ ਹੇਠ ਲਿਖੀਆਂ ਹਰਕਤਾਂ ਨਹੀਂ ਕਰਦ, ਜਿਵੇਂ ਕਿ:-

ਬੱਚਿਆਂ ਤੋਂ ਦਾਰੂ ਦੀ ਬੋਤਲ ਮੰਗਵਾਉਣਾ ।
ਘਰ ਵਿੱਚ ਦੋਸਤਾਂ-ਮਿੱਤਰਾਂ ਨੂੰ ਬੁਲਾਕੇ ਬੱਚਿਆਂ ਤੋਂ ਸ਼ਰਾਬ ਤੇ ਹੋਰ ਸਮਗੱਰੀ ਮੰਗਵਾਉਣਾ ਜਿਸ ਕਾਰਨ ਬੱਚੇ ਮਾਪਿਆ ਤੋਂ ਡਰਨੋ ਹਟ ਜਾਂਦੇ ਹਨ ਤੇ ਉਨ੍ਹਾਂ ਦੀ ਨਕਲ ਕਰਦੇ ਹਨ ਅਤੇ ਉਹਨਾਂ ਦੇ ਪਿੱਛੋਂ ਉਹ ਵੀ ਨਸ਼ੇ ਦੇ ਆਦਿ ਹੋ ਜਾਂਦੇ ਹਨ।

ਇਸ ਤਰ੍ਹਾਂ ਲੋੜ ਹੈ ਸਮਝਣ ਦੀ, ਜਿੰਨਾ ਚਿਰ ਮਾਪੇ ਆਪਣੇ ਬੱਚਿਆਂ ਲਈ ਰੋਲ ਮਾਡਲ ਨਹੀਂ ਬਣਦੇ ਉਨਾ ਚਿਰ ਬੱਚੇ ਦੇ ਚੰਗੇ ਰਾਹ ’ਤੇ ਤੁਰਨ ਦੀ ਆਸ ਨਹੀਂ ਰੱਖ ਸਕਦੇ ਜੇਕਰ ਘਰ ਨਸ਼ਾ ਰਹਿਤ ਹੈ ਤਾਂ ਅਸੀਂ ਵਧੀਆ ਸਮਾਜ ਸਿਰਜਣ ਵਿੱਚ ਯੋਗਦਾਨ ਪਾ ਸਕਦੇ ਹਾਂ ਤੰਦਰੁਸਤ ਨੌਜਵਾਨ ਹੀ ਸਾਡੇ ਸਮਾਜ ਅਤੇ ਦੇਸ਼ ਦਾ ਅਸਲ ਭਵਿੱਖ ਹੁੰਦੇ ਹਨ ਜਿਸ ਸਮਾਜ ਵਿਚਲੇ ਨੌਜਵਾਨ ਨਸ਼ੇ ਤੋਂ ਮੁਕਤ ਅਤੇ ਸਰੀਰਕ ਪੱਖੋਂ ਤੰਦਰੁਸਤ ਹੁੰਦੇ ਹਨ ਉਸ ਸਮਾਜ ਦੀ ਤਰੱਕੀ ਅਤੇ ਉੱਨਤੀ ਦੀ ਰਾਹ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਜਾਂ ਅੜਚਨ ਪੈਦਾ ਨਹੀਂ ਹੁੰਦੀ।

ਜਗਮੀਤ ਸਿੰਘ ਚੁੰਬਰ
ਬਰੜਵਾਲ
ਮੋ. 96536-39891

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ