ਪਿਛਲੇ ਸਾਲ 185 ਏਕੜ ਰਕਬੇ ’ਚ ਕੀਤੀ ਸਿੱਧੀ ਬਿਜਾਈ ਦੇ ਆਏ ਸਾਰਥਿਕ ਨਤੀਜੇ : ਸੁਖਜਿੰਦਰ ਸਿੰਘ
- ਜ਼ਿਲ੍ਹੇ ’ਚ ਇਸ ਸਾਲ ਸਿੱਧੀ ਬਿਜਾਈ ਹੇਠ 65 ਹਜ਼ਾਰ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ: ਮੁੱਖ ਖੇਤੀਬਾੜੀ ਅਫ਼ਸਰ
ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦੇ ਪਿੰਡ ਬਾਬਰਪੁਰ ਦਾ ਪੜ੍ਹਿਆ-ਲਿਖਿਆ ਅਗਾਂਹਵਧੂ ਕਿਸਾਨ ਸੁਖਜਿੰਦਰ ਸਿੰਘ, ਜੋ ਕਿ ਕੱਦੂ ਕਰਕੇ ਝੋਨਾ ਲਾਉਣ ਵਾਲੀ ਰਵਾਇਤ ਨੂੰ ਤੋੜ ਕੇ ਲੰਮੇ ਸਮੇਂ ਤੋਂ ਆਪਣੇ ਅਤੇ ਹੋਰਨਾਂ ਦੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਹੋਰਨਾਂ ਕਿਸਾਨਾਂ ਲਈ ਵੀ ਰਾਹ-ਦਸੇਰਾ ਬਣ ਰਿਹਾ ਹੈ। ਝੋਨੇ ਦੀ ਸਿੱਧੀ ਬਿਜਾਈ ਦੇ ਤਜ਼ਰਬੇ ਸਾਂਝੇ ਕਰਦਿਆਂ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ’ਚ ਰਵਾਇਤੀ ਤਰੀਕੇ ਨਾਲ ਝੋਨੇ ਦੀ ਕਾਸ਼ਤ ਕਰਨ ਨਾਲ ਜਿੱਥੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ ਅਤੇ ਹਰ ਸਾਲ ਬੋਰ/ਟਿਊਬਵੈੱਲ ਡੂੰਘੇ ਹੋ ਰਹੇ ਹਨ, ੳੱੁਥੇ ਹੀ ਕਿਸਾਨਾਂ ਉੱਪਰ ਇਹ ਵਾਧੂ ਖਰਚੇ ਦਾ ਬੋਝ ਪੈ ਰਿਹਾ ਹੈ।
ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਅਪਣਾ ਕੇ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ
ਦੂਸਰੇ ਪਾਸੇ ਜਿੱਥੇ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਅਪਣਾ ਕੇ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ ਅਤੇ ਨਾਲ ਹੀ ਲੇਬਰ ਅਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ। ਸੁਖਜਿੰਦਰ ਸਿੰਘ ਦੇ ਦੱਸਣ ਅਨੁਸਾਰ ਉਸਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਸਮੈਂਮ ਸਕੀਮ ਅਧੀਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ ਖਰੀਦੀ ਸੀ। ਇਸ ਦੇ ਨਾਲ ਉਸ ਦੁਆਰਾ ਪਿਛਲੇ ਸਾਲ ਆਪਣੇ 5.5 ਏਕੜ ਦੇ ਨਾਲ 180 ਏਕੜ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ।
ਸਿੱਧੀ ਬਿਜਾਈ ਨਾਲ ਝੋਨੇ ’ਤੇ ਬਿਮਾਰੀਆਂ ਦੇ ਹਮਲੇ ਘੱਟ ਹੁੰਦੇ
ਇਸ ਵਿਧੀ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਹੀ ਝੋਨੇ ’ਤੇ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੇ ਹਮਲੇ ਘੱਟ ਹੁੰਦੇ ਹਨ। ਜਿਨ੍ਹਾਂ ਖੇਤਾਂ ਵਿੱਚ ਨਦੀਨ ਦੀ ਸਮੱਸਿਆ ਆਈ ਸੀ ਉਨ੍ਹਾਂ ਦੇ ਹੱਲ ਲਈ ਖੇਤੀਬਾੜੀ ਵਿਭਾਗ ਦੀ ਯੋਗ ਅਗਵਾਈ ਸਦਕਾ ਸਮੇਂ ਸਿਰ ਹੱਲ ਕੀਤਾ ਗਿਆ ਸੀ ਅਤੇ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਗਈ।
Progressive Paddy
ਬਲਾਕ ਨਾਭਾ ਦੇ ਖੇਤੀਬਾੜੀ ਅਫ਼ਸਰ ਡਾ. ਕੁਲਦੀਪਇੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਲ 2020-21 ਦੌਰਾਨ ਕੋਵਿਡ-19 ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਲੇਬਰ ਦੀ ਘਾਟ ਕਾਰਨ ਝੋਨੇ ਦੀ ਬਿਜਾਈ ਵਿੱਚ ਆ ਰਹੀ ਦੇਰੀ ਨੂੰ ਝੋਨੇ ਦੀ ਸਿੱਧੀ ਬਿਜਾਈ ਨਾਲ ਬੜੇ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਸੀ।
Progressive Paddy : ਰਕਬਾ 65700 ਹੈਕਟੇਅਰ ਕਰਨ ਦਾ ਟੀਚਾ
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 2020-21 ਦੌਰਾਨ ਜ਼ਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ 31100 ਹੈਕਟੇਅਰ ਸੀ ਜੋ ਕਿ ਇਸ ਸਾਲ ਵਧਾ ਕੇ 65700 ਹੈਕਟੇਅਰ ਕਰਨ ਦਾ ਟੀਚਾ ਹੈ।
ਸਿੱਧੀ ਬਿਜਾਈ 1 ਤੋਂ 15 ਜੂਨ ਤੱਕ
ਇਸ ਸਬੰਧ ਵਿੱਚ ਤਕਨੀਕੀ ਜਾਣਕਾਰੀ ਦੇਣ ਲਈ ਕਿਸਾਨਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਜ਼ਿਲ੍ਹਾ ਪਟਿਆਲਾ ਦੀ ਸਮੁੱਚੀ ਖੇਤੀਬਾੜੀ ਵਿਭਾਗ ਦੀ ਟੀਮ ਟੀਚਿਆਂ ਦੀ ਪ੍ਰਾਪਤੀ ਲਈ ਯੋਗ ਉਪਰਾਲੇ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਝੋਨੇ ਦੀਆਂ ਪਰਮਲ ਕਿਸਮਾਂ ਦੀ ਸਿੱਧੀ ਬਿਜਾਈ 1 ਤੋਂ 15 ਜੂਨ ਤੱਕ ਅਤੇ ਬਾਸਮਤੀ ਕਿਸਮ ਦੀ ਬਿਜਾਈ 15 ਜੂਨ ਤੋਂ 30 ਜੂਨ ਦਰਮਿਆਨ ਹੀ ਕੀਤੀ ਜਾਵੇ ਤਾਂ ਜੋ ਪਾਣੀ ਦੀ ਬੱਚਤ ਦੇ ਨਾਲ-ਨਾਲ ਨਦੀਨਾਂ ਦੀ ਰੋਕਥਾਮ ਵੀ ਸੁਚੱਜੇ ਢੰਗ ਨਾਲ ਕੀਤੀ ਜਾ ਸਕੇ।
ਪੇਸ਼ਕਸ਼: ਖੁਸ਼ਵੀਰ ਸਿੰਘ ਤੂਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।