ਕਰੇਲੇ ਅਤੇ ਪਹਾੜੀ ਮਿਰਚ ਦੀ ਖੇਤੀ ਨਾਲ ਮਾਲੋਮਾਲ ਅਗਾਂਹਵਧੂ ਕਿਸਾਨ ਦਿਆਲਾ ਸਿੰਘ
ਪੰਜਾਬ ਦੇ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਫਸਲੀ ਚੱਕਰ ’ਚੋਂ ਕੱਢ ਕੇ ਖੇਤੀ ਵਿਭਿੰਨਤਾ ਵੱਲ ਲੈ ਕੇ ਆਉਣ ਲਈ ਸਰਕਾਰਾਂ ਵੱਲੋਂ ਕੋਈ ਬਹੁਤੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਪਰ ਪੰਜਾਬ ਦੇ ਕਈ ਕਿਸਾਨ ਖੁਦ ਹੀ ਖੇਤੀ ਤਬਦੀਲੀਆਂ ਲਿਆਉਣ ਦੀ ਹਿੰਮਤ ਵਿਖਾ ਰਹੇ ਹਨ। ਗੱਲ ਚਾਹੇ ਸਬਜ਼ੀਆਂ ਦੀ ਕਾਸ਼ਤ ਕਰਨ ਦੀ ਹੋਵੇ ਜਾਂ ਬਾਗਬਾਨੀ ਨਾਲ ਸਬੰਧਤ ਹੋਰ ਕਿੱਤਿਆਂ ਦੀ, ਕਿਤੇ ਨਾ ਕਿਤੇ ਕਿਸਾਨਾਂ ਨੂੰ ਅਜਿਹੇ ਧੰਦਿਆਂ ਦਾ ਵੱਡਾ ਲਾਭ ਹੋ ਰਿਹਾ ਹੈ।
ਬੇਸ਼ੱਕ ਕਣਕ ਅਤੇ ਝੋਨੇ ਦੀ ਫਸਲ ਨਾਲੋਂ ਇਨ੍ਹਾਂ ਧੰਦਿਆਂ ’ਤੇ ਮਿਹਨਤ ਥੋੜ੍ਹੀ ਜਿਆਦਾ ਜਰੂਰ ਹੈ ਪਰ ਆਰਥਿਕ ਪੱਖੋਂ ਪਰਿਵਾਰ ਮਜ਼ਬੂਤ ਰਹਿੰਦਾ ਹੈ ਕਿਉਂਕਿ ਛਿਮਾਹੀ ਬਾਅਦ ਆਉਣ ਵਾਲੇ ਪੈਸਿਆਂ ਦੀ ਉਡੀਕ ਕਰਨ ਦੀ ਬਜਾਏ ਸਬਜੀਆਂ ਅਤੇ ਬਾਗਬਾਨੀ ਹਰ ਰੋਜ਼ ਹੀ ਆਮਦਨ ਦਿੰਦੀ ਰਹਿੰਦੀ ਹੈ। ਜਿਸ ਕਰਕੇ ਅਜਿਹੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਜੇਬ੍ਹ ਕਦੇ ਵੀ ਖਾਲੀ ਨਹੀਂ ਹੁੰਦੀ। ਜਿਲ੍ਹਾ ਪਟਿਆਲਾ ਦੀ ਤਹਿਸੀਲ ਪਾਤੜਾਂ ਦੇ ਪਿੰਡ ਗੁਲਾਹੜ ਦਾ ਰਹਿਣ ਵਾਲਾ ਕਿਸਾਨ ਗੁਰਦਿਆਲ ਸਿੰਘ ਪੁੱਤਰ ਬਲਵਿੰਦਰ ਸਿੰਘ ਲੰਮੇ ਸਮੇਂ ਤੋਂ ਸਬਜੀਆਂ ਦੀ ਖੇਤੀ ਨਾਲ ਜੁੜਿਆ ਹੋਇਆ ਹੈ। ਇਸ ਕਿਸਾਨ ਨੂੰ ਪਿੰਡ ਵਿੱਚ ਆਮ ਤੌਰ ’ਤੇ ਦਿਆਲਾ ਸਿੰਘ ਨੇ ਨਾਂਅ ਨਾਲ ਹੀ ਜਾਣਿਆ ਜਾਂਦਾ ਹੈ। ਇਹ ਕਿਸਾਨ ਦੋ-ਤਿੰਨ ਏਕੜ ’ਚ ਸਬਜੀਆਂ ਦੀ ਕਾਸ਼ਤ ਕਰਕੇ ਵਧੀਆ ਆਮਦਨ ਲੈ ਰਿਹਾ ਹੈ।
ਸੰਨ 2000 ਤੋਂ ਕਰ ਰਿਹੈ ਕਾਸ਼ਤ:
ਕਿਸਾਨ ਗੁਰਦਿਆਲ ਸਿੰਘ ਕਰੇਲਾ ਅਤੇ ਪਹਾੜੀ ਮਿਰਚ (ਜਿਸ ਨੂੰ ਆਮ ਤੌਰ ’ਤੇ ਸ਼ਿਮਲਾ ਮਿਰਚ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ), ਦੀ ਖੇਤੀ ਕਰਦਾ ਆ ਰਿਹਾ ਹੈ। ਸਾਲ 1990 ’ਚ ਉਸ ਨੇ ਇਸ ਖੇਤੀ ਦੀ ਸ਼ੁਰੂਆਤ ਕੀਤੀ ਸੀ। ਉਸ ਵੇਲੇ ਬਹੁਤ ਘੱਟ ਲੋਕ ਸਬਜੀਆਂ ਦੀ ਕਾਸ਼ਤ ਨੂੰ ਵਪਾਰਕ ਤੌਰ ’ਤੇ ਕਰਦੇ ਸਨ, ਆਮ ਤੌਰ ਕਿਸਾਨ ਆਪਣੇ ਖੇਤਾਂ ’ਚ ਆਪਣੇ ਖਾਣ ਵਾਸਤੇ ਹੀ ਸਬਜ਼ੀ ਬੀਜਦਾ ਹੁੰਦਾ ਸੀ। ਪਰ ਕਿਸਾਨ ਦਿਆਲਾ ਸਿੰਘ ਨੇ ਇਸ ਨੂੰ ਵਪਾਰਕ ਤੌਰ ’ਤੇ ਮੰਡੀਆਂ ’ਚ ਵੇਚਣਾ ਸ਼ੁਰੂ ਕੀਤਾ।
ਪਰ ਕੁਝ ਸਾਲ ਘਰੇਲੂ ਅਤੇ ਸਰੀਰਕ ਸਮੱਸਿਆ ਆਉਣ ਕਾਰਨ ਖੇਤੀ ਨਹੀਂ ਕੀਤੀ ਜਾ ਸਕੀ ਹੁਣ ਸਾਲ 2009 ਤੋਂ ਲਗਾਤਾਰ ਸਬਜੀਆਂ ਦੀ ਖੇਤੀ ਚੱਲਦੀ ਆ ਰਹੀ ਹੈ। ਜਦੋਂ ਉਨ੍ਹਾਂ ਨੇ ਸਬਜ਼ੀ ਦੀ ਕਾਸ਼ਤ ਸ਼ੁਰੂ ਕੀਤੀ ਉਸ ਵੇਲੇ ਮੰਡੀਆਂ ਵਿੱਚ ਜਿਆਦਾਤਰ ਸਬਜੀ ਬੱਸਾਂ ਜਾਂ ਹੋਰ ਸਾਧਨਾਂ ਰਾਹੀਂ ਮਾਲੇਕਰੋਟਲੇ ਤੋਂ ਆਉਦੀ ਸੀ ਕਿਉਂਕਿ ਮਾਲੇਰਕੋਟਲੇ ਦੇ ਕਿਸਾਨ ਪਿਤਾ-ਪੁਰਖੀ ਸਬਜ਼ੀਆਂ ਦੀ ਖੇਤੀ ਨਾਲ ਜੁੜੇ ਹੋਏ ਹਨ।
ਕਮਾਈ ਅਤੇ ਖਰਚ:
ਕਰੇਲੇ ਅਤੇ ਸ਼ਿਮਲਾ ਮਿਰਚ ਦੀ ਖੇਤੀ ਕਰਨ ਲਈ ਮਿਹਨਤ ਥੋੜ੍ਹੀ ਜਿਆਦਾ ਕਰਨੀ ਪੈਂਦੀ ਹੈ ਪਰ ਕਣਕ-ਝੋਨੇ ਨਾਲੋਂ ਕਮਾਈ ਵਧੇਰੇ ਕੀਤੀ ਜਾ ਸਕਦੀ ਹੈ। ਇੱਕ ਏਕੜ ਕਰੇਲੇ ਦੀ ਫਸਲ ’ਤੇ 70 ਹਜ਼ਾਰ ਰੁਪਏ ਦੇ ਕਰੀਬ ਖਰਚ ਆਉਂਦਾ ਹੈ ਅਤੇ ਅੱਠ ਮਹੀਨੇ ਤੱਕ ਇਹ ਫਸਲ ਚੱਲਦੀ ਰਹਿੰਦੀ ਹੈ। ਦੋ ਲੱਖ ਰੁਪਏ ਪ੍ਰਤੀ ਏਕੜ ਤੋਂ ਵੱਧ ਦੀ ਆਮਦਨ ਕਰੇਲੇ ਦੀ ਫਸਲ ਦੇ ਜਾਂਦੀ ਹੈ। ਇਸ ਸਾਲ ਮੌਸਮ ਵਧੀਆ ਰਹਿਣ ਕਰਕੇ ਆਮਦਨ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਸ਼ਿਮਲਾ ਮਿਰਚ ਦੀ ਫਸਲ ਵੀ ਪ੍ਰਤੀ ਏਕੜ ਦੋ ਤੋਂ ਢਾਈ ਲੱਖ ਰੁਪਏ ਦੀ ਕਮਾਈ ਦੇ ਜਾਂਦੀ ਹੈ। ਸ਼ਿਮਲਾ ਮਿਰਚ ਦੀ ਫਸਲ ਵਿੱਚ ਪਹਿਲੇ ਹਫਤਿਆਂ ਦੌਰਾਨ ਖੀਰਾ ਵੀ ਬੀਜਿਆ ਜਾ ਸਕਦਾ ਹੈ।
ਸ਼ਿਮਲਾ ਮਿਰਚ ’ਤੇ ਪ੍ਰਤੀ ਏਕੜ ਇੱਕ ਲੱਖ ਰੁਪਏ ਦੇ ਕਰੀਬ ਖਰਚ ਆਉਂਦਾ ਹੈ। ਦਿਆਲਾ ਸਿੰਘ ਦੱਸਦਾ ਹੈ ਕਿ ਜਿਸ ਮੌਸਮ ਵਿੱਚ ਕਰੇਲਾ ਅਤੇ ਸ਼ਿਮਲਾ ਮਿਰਚ ਦੀ ਫਸਲ ਇਕੱਠੀ ਚੱਲਦੀ ਹੈ ਤਾਂ ਸਬਜੀ ਮੰਡੀ ਵਿੱਚੋਂ ਵਾਪਸ ਆਉਣ ਵੇਲੇ ਜੇਬ੍ਹ ਵਿੱਚ ਨੋਟ ਹੀ ਨੋਟ ਹੁੰਦੇ ਹਨ। ਜਦੋਂਕਿ ਕਣਕ ਅਤੇ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਛਿਮਾਹੀ ਬਾਅਦ ਆੜ੍ਹਤੀਏ ਦਾ ਹਿਸਾਬ ਕਰਕੇ ਜਦੋਂ ਘਰੇ ਵਾਪਸ ਮੁੜਦੇ ਹਨ ਤਾਂ ਦੁਬਾਰਾ ਫਿਰ ਕਰਜੇ ਦੀ ਪੰਡ ਸਿਰ ’ਤੇ ਚੁੱਕ ਕੇ ਲੈ ਆਉਂਦੇ ਹਨ। ਜਿਸ ਕਰਕੇ ਕਿਸਾਨਾਂ ਨੂੰ ਦੂਸਰੀਆਂ ਫਸਲਾਂ ਦੇ ਨਾਲ ਹੀ ਸਬਜ਼ੀਆਂ ਅਤੇ ਬਾਗਬਾਨੀ ਦੀ ਖੇਤੀ ਵੀ ਕਰਨੀ ਚਾਹੀਦੀ ਹੈ।
ਅਗੇਤੀਆਂ ਸਬਜ਼ੀਆਂ ਦੀ ਕਾਸ਼ਤ:
ਸਬਜੀਆਂ ਦੀ ਕਾਸ਼ਤ ਕਿਸਾਨਾਂ ਲਈ ਸਭ ਤੋਂ ਵੱਧ ਲਾਭਦਾਇਕ ਧੰਦਾ ਹੈ ਪਰ ਸਮੇਂ ਸਿਰ ਠੀਕ ਦੇਖਭਾਲ ਅਤੇ ਵਧੀਆ ਪ੍ਰਬੰਧ ਨਾ ਹੋਣ ਕਰਕੇ ਸਬਜੀ ਉਤਪਾਦਕਾਂ ਨੂੰ ਨੁਕਸਾਨ ਸਹਿਣ ਕਰਨਾ ਪੈ ਜਾਂਦਾ ਹੈ। ਜਿਸ ਕਰਕੇ ਸਬਜੀਆਂ ਦੀ ਵੱਧ ਪੈਦਾਵਾਰ ਲੈਣ ਅਤੇ ਬਿਮਾਰੀਆਂ ਤੋਂ ਬਚਾਅ ਲਈ ਪਨੀਰੀ ਅਤੇ ਬੀਜਾਂ ਦੇ ਸੁਚੱਜੇ ਪ੍ਰਬੰਧਾਂ ਦਾ ਹੋਣਾ ਬਹੁਤ ਜਰੂਰੀ ਹੈ। ਇਹ ਕੰਮ ਪਨੀਰੀ ਤਿਆਰ ਕਰਨ ਤੋਂ ਲੈ ਕੇ ਸਬਜੀ ਤੋੜਨ ਤੱਕ ਚੱਲਣਾ ਚਾਹੀਦਾ ਹੈ। ਵਧੀਆ ਪ੍ਰਬੰਧਾਂ ਨਾਲ ਕਿਸਾਨ ਸਬਜੀ ਦਾ ਵਧੀਆ ਝਾੜ ਹੀ ਨਹੀ ਸਗੋਂ ਅਗੇਤੀ ਅਤੇ ਬੇ-ਮੌਸਮੀ ਸਬਜੀ ਵੀ ਪੈਦਾ ਕਰ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਬਜੀ ਉਤਪਾਦਨ ਲਈ ਕੀਤੇ ਗਏ ਵਧੀਆ ਪ੍ਰਬੰਧ ਵੱਧ ਆਮਦਨ ਦਾ ਸਾਧਨ ਬਣ ਸਕਦੇ ਹਨ।
ਕੁਝ ਫਸਲਾਂ ਇਹੋ-ਜਿਹੀਆਂ ਹਨ ਜਿਨ੍ਹਾਂ ਦੀ ਬਿਜਾਈ ਸਿੱਧਾ ਹੀ ਖੇਤ ਵਿੱਚ ਬੀਜਾਂ ਰਾਹੀਂ ਹੁੰਦੀ ਹੈ। ਜਿਵੇਂ ਕਿ ਮਟਰ, ਭਿੰਡੀ, ਲੋਬੀਆ, ਗਾਜਰ, ਮੂਲੀ-ਸ਼ਲਗਮ ਅਤੇ ਕੱਦੂ ਜਾਤੀ ਦੀਆਂ ਸਬਜੀਆਂ ਕੁਝ ਸਬਜੀਆਂ ਦੀਆਂ ਕਿਸਮਾਂ ਉਹ ਹਨ ਜਿਨ੍ਹਾਂ ਨੂੰ ਪਨੀਰੀ ਦੇ ਰੂਪ ਵਿੱਚ ਬੀਜਿਆ ਜਾਂਦਾ ਹੈ ਇਸ ਵਿਚ ਤਿੰਨ ਕਿਸਮ ਦੀ ਗੋਭੀ, ਬੈਂਗਣ, ਟਮਾਟਰ, ਮਿਰਚਾਂ, ਪਿਆਜ ਆਦਿ ਸ਼ਾਮਲ ਹਨ। ਉੱਤਰ ਭਾਰਤ ਵਿੱਚ ਫੁੱਲ ਗੋਭੀ ਅਤੇ ਮਿਰਚ ਦੀਆਂ ਅਗੇਤੀਆਂ ਫਸਲਾਂ ਲਈਆਂ ਜਾ ਸਕਦੀਆਂ ਹਨ।
ਸਬਜੀਆਂ ਦੀ ਕਾਸ਼ਤ ਕਰਨ ਲਈ ਪਨੀਰੀ ਨਵੰਬਰ-ਦਸੰਬਰ ਮਹੀਨੇ ਤਿਆਰ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ ਵਿੱਚ ਕਿਸਾਨਾਂ ਨੂੰ ਪਨੀਰੀ ਤਿਆਰ ਕਰਨ ਲਈ ਖਾਸ ਧਿਆਨ ਦੇਣਾ ਪੈਂਦਾ ਹੈ । ਕਿਉਂਕਿ ਮੌਸਮ ਠੰਢਾ ਹੋਣ ਕਰਕੇ ਬੀਜਾਂ ਦੀ ਜੰਮਣ ਸ਼ਕਤੀ ਘਟਣ ਦੇ ਨਾਲ ਹੀ ਪਨੀਰੀ ਦਾ ਵਿਕਾਸ ਵੀ ਰੁਕ ਜਾਂਦਾ ਹੈ। ਜਿਸ ਵਾਸਤੇ ਪੋਲੋਥੀਨ ਹਾਊਸ ਦੀ ਵਰਤੋਂ ਕਰਨੀ ਵਧੀਆ ਢੰਗ ਹੈ। ਪਨੀਰੀ ਤਿਆਰ ਕਰਨ ਲਈ ਬਣਾਏ ਗਏ ਘਰ ਅੰਦਰ ਕਿਸਾਨ ਬੀਜਾਂ ਦੀ ਠੀਕ ਸੰਭਾਲ ਕਰ ਸਕਦਾ ਹੈ। ਬੇ-ਮੌਸਮੀ ਪਨੀਰੀ ਤਿਆਰ ਕਰਕੇ ਅਗੇਤੀਆਂ ਸਬਜੀਆਂ ਦੀ ਪੈਦਾਵਾਰ ਦਾ ਲਾਭ ਲਿਆ ਜਾ ਸਕਦਾ ਹੈ। ਇਸ ਤੋਂ ਬਿਨਾਂ ਕੀੜਿਆਂ ਅਤੇ ਹੋਰ ਬਿਮਾਰੀਆਂ ਦਾ ਬਚਾਅ ਕਰਕੇ ਮਹਿੰਗੇ ਬੀਜਾਂ ਦੀ ਵੱਧ ਪਨੀਰੀ ਪੈਦਾ ਕੀਤੀ ਜਾ ਸਕਦੀ ਹੈ।
ਪਨੀਰੀ ਤਿਆਰ ਕਰਨ ਲਈ ਜਗ੍ਹਾ ਦੀ ਚੋਣ ਕਰਨੀ ਅਹਿਮ ਗੱਲ ਹੈ। ਕਿਸਾਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਪਨੀਰੀ ਵਾਲੀ ਥਾਂ ਉੱਚੀ ਅਤੇ ਪਾਣੀ ਦੇ ਨਿਕਾਸ ਵਾਲੀ ਹੋਵੇ। ਪਨੀਰੀ ਵਾਲੀ ਜਗ੍ਹਾ ਛਾਂ ਵਾਲੇ ਰੁੱਖ ਨਹੀਂ ਹੋਣੇ ਚਾਹੀਦੇ। ਘਰ ਦੇ ਨੇੜੇ ਪੌਦ ਬੀਜ ਕੇ ਕਿਸਾਨ ਵਧੀਆ ਸੰਭਾਲ ਕਰ ਸਕਦੇ ਹਨ। ਬੀਜ ਬੀਜਣ ਤੋਂ ਪਹਿਲਾਂ ਉਸ ਨੂੰ ਦੋ ਗ੍ਰਾਮ ਕੈਪਟਨ ਥਾਈਰਸਾ ਬਵਾਸਟੀਨ ਪਤੀ ਕਿੱਲੋ ਬੀਜ ਲਈ ਵਰਤਣੀ ਚਾਹੀਦੀ ਹੈ। ਕਿਆਰੀਆਂ ਦੀ ਚੋਣ ਵੀ ਠੀਕ ਢੰਗ ਨਾਲ ਹੋਣੀ ਚਾਹੀਦੀ ਹੈ। ਇਹ ਤਿੰਨ ਮੀਟਰ ਲੰਬੀ, ਡੂੰਘੀ ਅਤੇ ਚੌੜੀ ਹੋਣੀ ਚਾਹੀਦੀ ਹੈ।
ਵਿਚਕਾਰ ਇੱਕ ਫੁੱਟ ਜਗਾ ਛੱਡਣੀ ਚਾਹੀਦੀ ਹੈ ਤਾਂ ਕਿ ਸਾਂਭ-ਸੰਭਾਲ ਵੇਲੇ ਕੋਈ ਮੁਸ਼ਕਲ ਨਾ ਆਵੇ। ਤਿੰਨ ਮੀਟਰ ਲੰਬੀ ਕਿਆਰੀ ਵਿੱਚ 10-25 ਗ੍ਰਾਮ ਬਵਾਸਟੀਨ ਜਾਂ ਕੈਪਟਾਨ ਦਵਾਈ ਮਿੱਟੀ ’ਚ ਇੱਕ ਦਿਨ ਪਹਿਲਾਂ ਰਲਾ ਦੇਣੀ ਚਾਹੀਦੀ ਹੈ ਤਾਂ ਕਿ ਉੱਲੀ ਰੋਗਾਂ ਤੋਂ ਬੀਜਾਂ ਨੂੰ ਮੁਕਤ ਰੱਖਿਆ ਜਾ ਸਕੇ। ਬਾਰਿਸ਼ਾਂ ਦੇ ਮੌਸਮ ਦੌਰਾਨ ਫਾਰਮੋਡੀਹਾਈਡ ਨਾਂਅ ਦਾ ਰਸਾਇਣ ਦਾ ਇੱਕ-ਹਿੱਸਾ 80-100 ਮੱਗ ਪਾਣੀ ਵਿੱਚ ਮਿਲਾ ਕੇ ਕਿਆਰੀਆਂ ’ਚ ਛਿੜਕਾਅ ਕਰਨਾ ਚਾਹੀਦਾ ਹੈ। ਜਿਹੜਾ ਮਿੱਟੀ ਅੰਦਰ 10-15 ਸੈਂਟੀਮੀਟਰ ਡੂੰਘਾ ਪਹੁੰਚ ਜਾਵੇ। ਇਸ ਤੋਂ ਬਾਅਦ ਕਿਆਰੀਆਂ ਨੂੰ 48 ਘੰਟੇ ਤੱਕ ਢੱਕ ਦੇਣਾ ਚਾਹੀਦਾ ਹੈ ਤਾਂ ਕਿ ਗੈਸ ਬਾਹਰ ਨਾ ਨਿੱਕਲ ਸਕੇ। ਪੌਦ ਗਰਮੀਆਂ ਵਿੱਚ 4 ਹਫਤੇ ਅਤੇ ਸਰਦੀਆਂ ਵਿੱਚ 5-6 ਹਫਤੇ ਬਾਅਦ ਖੇਤ ਵਿੱਚ ਲਾਉਣ ਯੋਗ ਹੋ ਜਾਂਦੀ ਹੈ।
ਬ੍ਰਿਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ
ਮੋ. 98761-01698
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।