ਜੇਲ੍ਹਾਂ ‘ਚ ਬੰਦ ਵੱਡੀ ਗਿਣਤੀ ਕੈਦੀ ਪੰਜਾਬ ਸਰਕਾਰ ਦੀ ‘ਆਮ ਮੁਆਫੀ’ ਦੇ ਇੰਤਜਾਰ ‘ਚ

ਅਜ਼ਾਦੀ ਦਿਹਾੜੇ ਮੌਕੇ ਦਿੱਤੀ ਜਾਂਦੀ ਹੈ ਆਮ ਕੈਦੀਆਂ ਨੂੰ ਮੁਆਫੀ

  • ਇਸ ਵਾਰ ਅਜੇ ਤੱਕ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਆਮ ਮੁਆਫੀ ਦਾ ਐਲਾਨ

ਪਟਿਆਲਾ,  (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਵੱਡੀ ਗਿਣਤੀ ਕੈਦੀ ਅਤੇ ਬੰਦੀ 15 ਅਗਸਤ ਦੇ ਅਜ਼ਾਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ‘ਆਮ ਮੁਆਫੀ’ ਦੇ ਇੰਤਜਾਰ ਵਿੱਚ ਹਨ। ਭਾਵੇਂ ਕਿ ਇਹ ਆਮ ਮੁਆਫੀ ਸਰਕਾਰ ਵੱਲੋਂ ਉਨ੍ਹਾਂ ਕੈਦੀਆਂ ਨੂੰ ਦਿੱਤੀ ਜਾਂਦੀ ਹੈ ਜੋ ਕਿ ਥੋੜ੍ਹੇ ਮੋਟੇ ਜੁਰਮਾਂ ਵਿੱਚ ਸਜ਼ਾ ਕੱਟ ਰਹੇ ਹਨ। ਪੰਜਾਬ ਸਰਕਾਰ ਵੱਲੋਂ ਅਜੇ ਤੱਕ 15 ਅਗਸਤ ਦੇ ਦਿਹਾੜੇ ਨੂੰ ਦੇਖਦਿਆ ਕਿਸੇ ਆਮ ਮੁਆਫੀ ਦਾ ਐਲਾਨ ਨਹੀਂ ਕੀਤਾ ਗਿਆ।

ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਪਿਛਲੇ ਕੁਝ ਸਾਲਾਂ ਤੋਂ 15 ਅਗਸਤ ਦੇ ਅਜ਼ਾਦੀ ਦਿਹਾੜੇ ਨੂੰ ਮੱਦੇਨਜਰ ਰੱਖਦਿਆ ਕੈਂਦੀਆਂ ਨੂੰ ‘ਆਮ ਮੁਆਫ਼ੀ’ ਦਾ ਐਲਾਨ ਕੀਤਾ ਜਾਂਦਾ ਹੈ। ਇਸ ਮੁਆਫੀ ਨਾਲ ਉਨ੍ਹਾਂ ਕੈਦੀਆਂ ਜਾਂ ਬੰਦੀਆਂ ਨੂੰ ਵੱਡੀ ਰਾਹਤ ਮਿਲਦੀ ਹੈ ਜੋ  ਕਿਸੇ ਜੁਰਮਾਂ ਅਧੀਨ ਜਾਂ ਪੁਲਿਸ ਦੇ ਗੈਰ ਪਾਰਦਰਸ਼ਤਾ ਤਰੀਕਿਆਂ ਕਾਰਨ ਜੇਲ੍ਹ ਵਿੱਚ ਸਜ਼ਾਵਾਂ ਕੱਟ ਰਹੇ ਹਨ। ਇਹ ਆਮ ਮੁਆਫ਼ੀ ਸਾਰੇ ਕੈਦੀਆਂ ਨੂੰ ਨਹੀਂ ਦਿੱਤੀ ਜਾਂਦੀ ਜਦਕਿ ਜੇਲ੍ਹ ਵਿੱਚ ਬੰਦ ਵੱਖ-ਵੱਖ ਕੈਂਦੀਆਂ ਦੇ ਵਿਵਹਾਰ, ਤੌਰ ਤਰੀਕਿਆਂ ਆਦਿ ਨੂੰ ਦੇਖਦਿਆ ਦਿੱਤੀ ਜਾਂਦੀ ਹੈ। ਜੇਲ੍ਹ ਵਿੱਚ ਬੰਦ ਸੰਗੀਨ ਅਪਰਾਧਾਂ ਵਾਲੇ ਕੈਂਦੀਆਂ ਨੂੰ ਇਹ ਆਮ ਮੁਆਫੀ ਨਹੀਂ ਦਿੱਤੀ ਜਾਂਦੀ। ਇੱਧਰ ਆਲਮ ਇਹ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਥਾਂ ਘੱਟ ਹੈ ਜਦਕਿ ਕੈਦੀਆਂ ਅਤੇ ਬੰਦੀਆਂ ਦੀ ਗਿਣਤੀ ਕਿਤੇ ਵੱਧ ਹੈ। ਭਾਵੇਂ ਕਿ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਕੈਦੀਆਂ ਨੂੰ ਮੁੱਖ ਧਾਰਾ ਦਾ ਹਿੱਸਾ ਬਣਾਉਣ ਲਈ ਸਿੱਖਿਆ ਪ੍ਰਗਰਾਮ, ਸੱਭਿਆਚਾਰਕ ਪ੍ਰੋਗਰਾਮ, ਯੋਗਾ ਕੈਪ, ਕਾਨੂੰਨੀ ਸਾਖਰਤਾ ਕੈਂਪ ਆਦਿ ਕਰਵਾਏ ਜਾ ਰਹੇ ਹਨ। ਉੱਧਰ ਇਸ ਵਾਰ 15 ਅਗਸਤ ਦੇ ਅਜ਼ਾਦੀ ਦਿਹਾੜੇ ਨੂੰ ਦੇਖਦਿਆ ਸਰਕਾਰ ਵੱਲੋਂ ਅਜੇ ਤੱਕ ਕਿਸੇ ਆਮ ਮੁਆਫੀ ਦਾ ਐਲਾਨ ਨਹੀਂ ਕੀਤਾ ਗਿਆ ਜਿਸ ਕਰਨ ਜੇਲ੍ਹਾਂ ਵਿੱਚ ਬੰਦ ਕੈਂਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਚਿੰਤਾ ਦਾ ਮਹੌਲ ਹੈ। ਇੱਕ ਕੈਦੀ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ  ਬਿਨਾਂ ਕਿਸੇ ਕਸੂਰ ਤੋਂ ਜੇਲ੍ਹ ਦੀ ਸਜ਼ਾ ਭੁਗਤ ਰਿਹਾ ਹੈ ਅਤੇ ਜੇਕਰ ਆਮ ਮੁਆਫੀ ਆਉਂਦੀ ਹੈ ਤਾ ਅਜਿਹੇ ਲੋਕਾਂ ਲਈ ਵੱਡਾ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ : ਕਰਵਾ ਚੌਥ ਦਾ ਵਰਤ ਪਤਨੀ ਰੱਖ ਸਕਦੀ ਹੈ ਤਾਂ ਪਤੀ ਕਿਉਂ ਨਹੀਂ ?

ਉੱਧਰ ਐਨਜੀਓ ਵੀ.ਫਾਰ.ਯੂ ਦੇ ਪ੍ਰਧਾਨ ਪਰਮਿੰਦਰ ਪਾਲ ਦਾ ਕਹਿਣਾ ਹੈ ਕਿ ਕਈ ਕੈਂਦੀ ਤਾ ਪੰਜਾਬ ਪੁਲਿਸ ਦੇ ਪੁਰਾਣੇ ਇਨਵੈਸਟੀਗੇਸ਼ਨ ਦ ਤੌਰ ਤਰੀਕਿਆਂ ਅਤੇ ਗੈਰ ਪਾਰਦਰਸ਼ਤਾ ਕਾਰਨ ਜੇਲ੍ਹਾਂ ਅੰਦਰ ਸਜ਼ਾਵਾ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਹਾਸ਼ੀਏ ‘ਤੇ ਗਏ ਇਨ੍ਹਾਂ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਪੰਜਾਬ ਸਰਕਾਰ ਹਰ ਸਾਲ ਆਮ ਮੁਆਫੀ ਦਾ ਕਾਰਜ ਕਰਦੀ ਹੈ ਜੋ ਸ਼ਲਾਘਾਯੋਗ ਹੈ ਪਰ ਇਸ ਵਾਰ ਅਜੇ ਤੱਕ ਸਰਕਾਰ ਵੱਲੋਂ ਕੋਈ ਜਨਤਕ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਵਾਰ ਵੀ ਅਜਿਹੇ ਕੈਂਦੀਆ ਅਤੇ ਬੰਦੀਆਂ ਲਈ ਆਮ ਮੁਆਫੀ ਦਾ ਐਲਾਨ ਕਰੇ ਤਾ ਜੋਂ ਅਜਿਹੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਦਾ ਜਾ ਸਕੇ।

ਮੁੱਖ ਮੰਤਰੀ ਨੂੰ ਲਿਖ ਕੇ ਭੇਜਿਆ ਗਿਆ: ਜੇਲ੍ਹ ਮੰਤਰੀ

ਇਸ ਮਾਮਲੇ ਸਬੰਧੀ ਜਦੋਂ ਪੰਜਾਬ ਦੇ ਜੇਲ੍ਹ ਮੰਤਰੀ ਸੋਹਣ ਸਿੰਘ ਠੰਡਲ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਆਮ ਮੁਆਫੀ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖ ਕੇ ਭੇਜਿਆ ਗਿਆ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਉਹ ਜ਼ਰੂਰ ਇਸ ਦਾ ਖਿਆਲ ਰੱਖਣਗੇ। ਉਨ੍ਹਾਂ ਕਿਹਾ ਕਿ ਇਹ ਮੁਆਫੀ ਸਾਰਿਆਂ ਨੂੰ ਨਹੀਂ ਮਿਲਦੀ ਸਗੋਂ ਕੁਝ ਕੇਸਾਂ ਵਿੱਚ ਜੋ ਸਜ਼ਾ ਭੁਗਤ ਰਹੇ ਹਨ ਉਨ੍ਹਾਂ ਲਈ ਹੈ। ਉਨ੍ਹਾਂ ਕਿਹਾ ਕਿ ਅਪਰਾਧੀ ਕਿਸਮ ਦੇ ਵਿਅਕਤੀਆਂ ਲਈ ਇਹ ਮੁਆਫੀ ਨਹੀਂ ਹੈ।