ਪ੍ਰਧਾਨ ਮੰਤਰੀ 1 ਅਕਤੂਬਰ ਤੋਂ ਕਰਨਗੇ 5ਜੀ ਸੇਵਾ ਲਾਂਚ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਕਤੂਬਰ ਨੂੰ ਦੇਸ਼ ਦੀ ਪੰਜਵੀਂ ਪੀੜ੍ਹੀ ਦੀ ਟੈਲੀਕਾਮ ਸੇਵਾ 5ਜੀ ਲਾਂਚ ਕਰਨਗੇ। ਮੋਦੀ ਰਾਜਧਾਨੀ ਦੇ ਪ੍ਰਗਤੀ ਮੈਦਾਨ ’ਚ 1 ਅਕਤੂਬਰ ਤੋਂ 4 ਅਕਤੂਬਰ ਤੱਕ ਚੱਲਣ ਵਾਲੀ ਇੰਡੀਆ ਮੋਬਾਈਲ ਕਾਂਗਰਸ (ਆਈਐਮਸੀ) ਦੇ ਉਦਘਾਟਨ ਮੌਕੇ ਇਸ ਸੇਵਾ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਹਾਲਾਂਕਿ ਇਸ ਸਬੰਧ ’ਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ
ਪਰ ਦੂਰਸੰਚਾਰ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਉਸ ਦਿਨ ਦੇਸ਼ ’ਚ 5ਜੀ ਇੰਟਰਨੈੱਟ ਸੇਵਾ ਸ਼ੁਰੂ ਕਰ ਸਕਦੇ ਹਨ। ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਵੀ ਆਈਐਮਸੀ ਦੇ ਉਦਘਾਟਨ ਮੌਕੇ ਹਾਜ਼ਰ ਹੋਣਗੇ। ਇਹ ਦੂਰਸੰਚਾਰ ਵਿਭਾਗ ਅਤੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਦੀ ਸਿਖਰ ਸੰਸਥਾ ਸੀਓਏਆਈ ਦੁਆਰਾ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ ਹੈ। ਇਸ ਸਾਲ ਆਈਐਮਸੀ ਦਾ 6ਵਾਂ ਐਡੀਸ਼ਨ ਹੈ।
ਕੀ ਹੈ ਮਾਮਲਾ?
ਜ਼ਿਕਰਯੋਗ ਹੈ ਕਿ ਪਿਛਲੇ ਅਗਸਤ ’ਚ ਹੋਈ 5ਜੀ ਸਪੈਕਟਰਮ ਨਿਲਾਮੀ ’ਚ ਕੰਪਨੀਆਂ ਨੇ 1.50 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਸਪੈਕਟਰਮ ਖਰੀਦੇ ਸਨ। ਕੰਪਨੀਆਂ ਨੇ 150173 ਕਰੋੜ ਰੁਪਏ ਵਿੱਚ 51236 ਮੈਗਾਹਰਟਜ਼ ਸਪੈਕਟਰਮ ਖਰੀਦਿਆ ਸੀ। ਚਾਰ ਕੰਪਨੀਆਂ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ ਅਤੇ ਉਨ੍ਹਾਂ ਨੇ ਮਿਲ ਕੇ 150173 ਕਰੋੜ ਰੁਪਏ ਦਾ 51236 ਮੈਗਾਹਰਟਜ਼ ਸਪੈਕਟਰਮ ਖਰੀਦਿਆ। ਇਹ ਕੰਪਨੀਆਂ 13365 ਕਰੋੜ ਰੁਪਏ ਦਾ ਟੈਕਸ ਸਾਲ ਭਰ ਦੇਣਗੀਆਂ। ਸਪੈਕਟਰਮ ਖਰੀਦਦਾਰਾਂ ਵਿੱਚ ਅਡਾਨੀ ਡਾਟਾ ਨੈੱਟਵਰਕ, ਭਾਰਤੀ ਏਅਰਟੈੱਲ, ਰਿਲਾਇੰਸ ਜੀਓ ਅਤੇ ਵੋਡਾਫੋਨ ਆਈਡੀਆ ਸੈਲੂਲਰ ਸ਼ਾਮਲ ਹਨ।
ਰਿਲਾਇੰਸ ਜੀਓ ਨੇ ਸਭ ਤੋਂ ਵੱਧ 24740 ਮੈਗਾਹਰਟਜ਼ ਸਪੈਕਟਰਮ 88078 ਕਰੋੜ ਰੁਪਏ ਵਿੱਚ ਲਿਆ ਹੈ। ਭਾਰਤੀ ਏਅਰਟੈੱਲ ਨੇ 48088 ਕਰੋੜ ਰੁਪਏ ਵਿੱਚ 19867 ਮੈਗਾਹਰਟਜ਼ ਸਪੈਕਟਰਮ, ਵੋਡਾਫੋਨ ਆਈਡੀਆ ਸੈਲੂਲਰ ਨੇ 18799 ਕਰੋੜ ਰੁਪਏ ਵਿੱਚ 6228 ਮੈਗਾਹਰਟਜ਼ ਸਪੈਕਟਰਮ ਅਤੇ ਅਡਾਨੀ ਡੇਟਾ ਨੈੱਟਵਰਕ ਨੇ 212 ਕਰੋੜ ਰੁਪਏ ਵਿੱਚ 400 ਮੈਗਾਹਰਟਜ਼ ਸਪੈਕਟਰਮ ਲਿਆ ਹੈ। ਇਸਦੇ ਤੁਰੰਤ ਬਾਅਦ ਕੰਪਨੀਆਂ ਨੇ 5ਜੀ ਸੇਵਾ ਸ਼ੁਰੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਇਸਦੇ ਲਈ ਉਪਕਰਨ ਆਦਿ ਲਗਾਉਣਾ ਸ਼ੁਰੂ ਕਰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ