ਅਨਮੋਲ ਖਜ਼ਾਨਾ
ਇੱਕ ਰਾਜੇ ਦਾ ਜਨਮ ਦਿਨ ਸੀ ਸਵੇਰੇ ਜਦੋਂ ਉਹ ਘੁੰਮਣ ਨਿੱਕਲਿਆ, ਤਾਂ ਉਸ ਨੇ ਇਹ ਮਿਥ ਲਿਆ ਕਿ ਉਹ ਰਸਤੇ ’ਚ ਮਿਲਣ ਵਾਲੇ ਪਹਿਲੇ ਵਿਅਕਤੀ ਨੂੰ ਪੂਰੀ ਤਰ੍ਹਾਂ ਖੁਸ਼ ਤੇ ਸੰਤੁਸ਼ਟ ਕਰੇਗਾ ਉਸ ਨੂੰ ਇੱਕ ਭਿਖਾਰੀ ਮਿਲਿਆ ਭਿਖਾਰੀ ਨੇ ਰਾਜੇ ਤੋਂ ਭੀਖ ਮੰਗੀ, ਤਾਂ ਰਾਜੇ ਨੇ ਭਿਖਾਰੀ ਵੱਲ ਇੱਕ ਤਾਂਬੇ ਦਾ ਸਿੱਕਾ ਉਛਾਲਿਆ ਸਿੱਕਾ ਭਿਖਾਰੀ ਦੇ ਹੱਥ ’ਚੋਂ ਤਿਲ੍ਹਕ ਕੇ ਇੱਕ ਨਾਲੀ ’ਚ ਜਾ ਡਿੱਗਾ ਭਿਖਾਰੀ ਨਾਲੀ ’ਚ ਹੱਥ ਪਾ ਕੇ ਤਾਂਬੇ ਦਾ ਸਿੱਕਾ ਲੱਭਣ ਲੱਗਾ ਰਾਜੇ ਨੇ ਉਸ ਨੂੰ ਸੱਦ ਕੇ ਦੂਜਾ ਤਾਂਬੇ ਦਾ ਸਿੱਕਾ ਦਿੱਤਾ ਭਿਖਾਰੀ ਨੇ ਖੁਸ਼ ਹੋ ਕੇ ਉਹ ਸਿੱਕਾ ਆਪਣੀ ਜੇਬ੍ਹ ’ਚ ਰੱਖ ਲਿਆ ਤੇ ਵਾਪਸ ਜਾ ਕੇ ਨਾਲੀ ’ਚ ਡਿੱਗਿਆ ਸਿੱਕਾ ਲੱਭਣ ਲੱਗਾ
ਰਾਜੇ ਨੂੰ ਲੱਗਾ ਕਿ ਭਿਖਾਰੀ ਬਹੁਤ ਗਰੀਬ ਹੈ, ਉਸ ਨੇ ਭਿਖਾਰੀ ਨੂੰ ਚਾਂਦੀ ਦਾ ਇੱਕ ਹੋਰ ਸਿੱਕਾ ਦਿੱਤਾ ਭਿਖਾਰੀ ਰਾਜੇ ਦੀ ਜੈ-ਜੈਕਾਰ ਕਰਦਾ ਹੋਇਆ ਮੁੜ ਨਾਲੀ ’ਚ ਹੱਥ ਮਾਰਨ ਲੱਗਾ ਰਾਜੇ ਨੇ ਹੁਣ ਭਿਖਾਰੀ ਨੂੰ ਇੱਕ ਸੋਨੇ ਦਾ ਸਿੱਕਾ ਦਿੱਤਾ ਭਿਖਾਰੀ ਨੂੰ ਬਹੁਤ ਖੁਸ਼ੀ ਹੋਈ ਪਰ ਵਾਪਸ ਭੱਜ ਕੇ ਆਪਣਾ ਹੱਥ ਨਾਲੀ ਵੱਲ ਵਧਾਇਆ ਰਾਜੇ ਨੂੰ ਇਹ ਗੱਲ ਚੰਗੀ ਨਾ ਲੱਗੀ ਉਸ ਨੂੰ ਆਪਣੇ ਨਾਲ ਕੀਤਾ ਵਾਅਦਾ ਯਾਦ ਆਇਆ ਕਿ ਸਭ ਤੋਂ ਪਹਿਲਾਂ ਮਿਲੇ ਵਿਅਕਤੀ ਨੂੰ ਖੁਸ਼ ਤੇ ਸੰਤੁਸ਼ਟ ਕਰਨਾ ਹੈ
ਉਸ ਨੇ ਭਿਖਾਰੀ ਨੂੰ ਸੱਦਿਆ ਤੇ ਕਿਹਾ ਕਿ ਮੈਂ ਤੈਨੂੰ ਆਪਣਾ ਅੱਧਾ ਰਾਜ ਦਿੰਦਾ ਹਾਂ, ਹੁਣ ਤਾਂ ਖੁਸ਼ ਤੇ ਸੰਤੁਸ਼ਟ ਹੋ? ਭਿਖਾਰੀ ਕਹਿਣ ਲੱਗਾ, ‘‘ਮੈਂ ਖੁਸ਼ ਤੇ ਸੰਤੁਸ਼ਟ ਉਦੋਂ ਹੋ ਸਕਾਂਗਾ ਜਦੋਂ ਨਾਲੀ ’ਚ ਡਿੱਗਿਆ ਤਾਂਬੇ ਦਾ ਸਿੱਕਾ ਮੈਨੂੰ ਮਿਲ ਜਾਵੇਗਾ’’ ਸਾਡਾ ਹਾਲ ਵੀ ਉਸ ਭਿਖਾਰੀ ਵਾਲਾ ਹੀ ਹੈ ਸਾਨੂੰ ਸਤਿਗੁਰ ਨੇ ਨਾਮ ਰੂਪੀ ਅਨਮੋਲ ਖਜ਼ਾਨਾ ਦਿੱਤਾ ਹੈ ਤੇ ਅਸੀਂ ਉਸ ਨੂੰ ਭੁੱਲ ਕੇ ਸੰਸਾਰ ਰੂਪੀ ਨਾਲੀ ’ਚੋਂ ਤਾਂਬੇ ਦਾ ਸਿੱਕਾ ਕੱਢਣ ’ਚ ਲੱਗੇ ਹੋਏ ਹਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ