ਅਮਿਤ ਸ਼ਾਹ ਸਮੇਤ ਐਨਡੀਏ ਦੇ ਕੁਝ ਸੀਨੀਅਰ ਆਗੂ ਰਹਿਣ ਹਾਜ਼ਰ
ਨਵੀਂ ਦਿੱਲੀ। ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜ਼ੂਦਗੀ ਵਿੱਚ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ। ਇਸ ਦੌਰਾਨ ਅਮਿਤ ਸ਼ਾਹ ਸਮੇਤ ਐਨਡੀਏ ਦੇ ਕੁਝ ਸੀਨੀਅਰ ਆਗੂ ਵੀ ਮੌਜ਼ੂਦ ਰਹਿਣਗੇ। ਰਾਸ਼ਟਰਪਤੀ ਚੋਣ 17 ਜੁਲਾਈ ਨੂੰ ਹੋਈ ਹੈ। ਮੌਜ਼ੂਦਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਅਹੁਦੇ ਦੀ ਮਿਆਦ 24 ਜੁਲਾਈ ਨੂੰ ਖਤਮ ਹੋਵੇਗੀ।
ਭਾਜਪਾ ਸੂਤਰਾਂ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦੇ ਚਾਰ ਸੈੱਟ ਤਿਆਰ ਕੀਤੇ ਗਏ ਹਨ, ਜਿਨ੍ਹਾਂ ‘ਤੇ ਮੋਦੀ, ਸ਼ਾਹ, ਤੇਲਗੂ ਦੇਸ਼ਮ ਪਾਰਟੀ ਪ੍ਰਧਾਨ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਸਤਖਤ ਹੋਣਗੇ। 17 ਜੁਲਾਈ ਨੂੰ ਹੋਣ ਵਾਲੀ ਚੋਣ ਵਿੱਚ ਕੋਵਿੰਦ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ। ਹਾਲਾਂਕਿ ਮੁਕਾਬਲਾ ਹੋਣਾ ਤੈਅ ਹੈ। ਵਿਰੋਧੀ ਪਾਰਟੀਆਂ ਨੇ ਵੀਰਵਾਰ ਨੂੰ ਲੋਕ ਸਭਾ ਦੀ ਸਾਬਕਾ ਸਪੀਕਰ ਮੀਰਾ ਕੁਮਾਰ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ।
ਸੂਤਰਾਂ ਮੁਤਾਬਕ, ਕੋਵਿੰਦ ਦੇ ਨਾਮਜ਼ਦਗੀ ਕਾਗਜ਼ ਲਈ ਭਾਜਪਾ ਨੇ ਚਾਰ ਸੈੱਟ ਤਿਆਰ ਕੀਤੇ ਹਨ। ਪਹਿਲੇ ਸੈੱਟ ਦਾ ਪ੍ਰਪੋਜਲ ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ ਵੱਲੋਂ ਰੱਖਿਆ ਜਾਵੇਗਾ। ਦੂਜਾ ਸੈੱਟ ਲਈ ਪ੍ਰਪੋਜਲ ਅਮਿਤ ਸ਼ਾਹ ਅਤੇ ਅਰੁਣ ਜੇਤਲੀ ਰੱਖਣਗੇ। ਤੀਜੇ ਸੈੱਟ ਦਾ ਪ੍ਰਪੋਜਲ ਸ੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਅਤੇ ਵੈਂਕਇਆ ਨਾਇਡੂ ਵੱਲੋਂ ਰੱਖਿਆ ਜਾਵੇਗਾ, ਉੱਥੇ ਚੌਥੇ ਸੈੱਟ ਲਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਮ ਚੰਦਰਬਾਬੂ ਨਾਇਡੂ ਅਤੇ ਸੁਸ਼ਮਾ ਸਵਰਾਜ ਪ੍ਰਪੋਜਰਸ ਹੋਣਗੇ।