Lost Punjabi Heritage: ਮੈਂ ਪੰਜ ਕੁ ਸਾਲ ਦਾ ਸਾਂ। ਮੇਰੇ ਦਾਦਾ ਜੀ ਹਰ ਰੋਜ਼ ਮੈਨੂੰ ਗੁਰੂ ਘਰ ਆਪਣੇ ਨਾਲ ਲੈ ਜਾਂਦੇ ਸਨ। ਗੁਰੂ ਘਰ ਦੇ ਉੱਤਰ ਵਾਲੇ ਪਾਸੇ ਇੱਕ ਖੂਹੀ ਸੀ। ਦਾਦਾ ਜੀ ਖੂਹੀ ਕੋਲ? ਰੁਕ ਜਾਂਦੇ। ਮੈਨੂੰ ਦੱਸਦੇ, ਇਹ ਖੂਹੀ ਏ। ਲੋਕ ਇੱਥੋਂ ਪੀਣ ਲਈ ਪਾਣੀ ਲੈ ਕੇ ਜਾਂਦੇ ਹਨ। ਇਹ ਲਾਸ ਨਾਲ ਖੂਹੀ ’ਚੋਂ ਪਾਣੀ ਕੱਢਿਆ ਜਾਂਦਾ ਹੈ, ਇਸ ਨੂੰ ਲੱਜਾ ਆਖਦੇ ਹਨ। ਇਸ ਬਰਤਨ ਨਾਲ ਖੂਹੀ ’ਚੋਂ ਪਾਣੀ ਖਿੱਚਿਆ ਜਾਂਦਾ ਹੈ, ਇਸ ਨੂੰ ਬੋਕਾ ਆਖਦੇ ਹਨ। ਇਸ ਢਾਂਚੇ ਉੱਪਰ ਲੱਜਾ ਰੱਖ ਕੇ ਪਾਣੀ ਵਾਲਾ ਬੋਕਾ ਉੱਪਰ ਖਿੱਚਿਆ ਜਾਂਦਾ ਹੈ, ਨੂੰ ਹਲਟੀ ਆਖਦੇ ਹਨ। ਖੂਹੀ ਦੇ ਇਸ ਪੱਕੇ ਗੋਲ ਦਾਇਰੇ ਨੂੰ ਮਣ ਆਖਦੇ ਹਨ। ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਵਾਪਸ ਪਰਤਦਿਆਂ ਕਈ ਵਾਰ ਸਾਨੂੰ ਊਠ ਗੱਡੀਆਂ ਤੇ ਬਲਦ ਰੇੜੀਆਂ ਵਾਲੇ ਮਿਲ ਜਾਂਦੇ। ਉਹ ਆਪਣੇ ਊਠਾਂ ਤੇ ਬਲਦਾਂ ਨੂੰ ਪਾਣੀ ਪਿਲਾਉਣ ਲਈ ਰੁਕਦੇ ਸਨ।
ਇਹ ਖਬਰ ਵੀ ਪੜ੍ਹੋ : Punjab Heritage Restoration : ਦੀਵਾਨ ਟੋਡਰ ਮੱਲ ਹਵੇਲੀ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ਦਾ ਕੰਮ 30 ਫੀਸਦੀ ਮੁਕੰਮ…
ਮੈਂ ਇਸ਼ਾਰੇ ਨਾਲ ਦਾਦਾ ਜੀ ਨੂੰ ਪੁੱਛਦਾ, ਇਹ ਕੀ ਏ? ਉਹ ਦੱਸਦੇ, ਪੁੱਤਰ, ਇਹ ਊਠ ਹੈ। ਇਸ ਦੇ ਉੱਪਰ ਉੱਭਰਵੀਂ ਬੰਨ੍ਹ ਨੂੰ ਥੂਹ ਆਖਦੇ ਹਨ। ਅਗਲੀਆਂ ਲੱਤਾਂ ਪਿੱਛੇ ਮਾਸ ਦੇ ਗੋਲ ਦਾਇਰੇ ਨੂੰ ਈਡਰ ਆਖਦੇ ਹਨ। ਜਦੋਂ ਮੈਂ ਦਾਦਾ ਜੀ ਨੂੰ ਪੁੱਛਦਾ, ਇਹ ਊਠਾਂ ਦਾ ਕੀ ਕਰਦੇ ਹਨ? ਦਾਦੇ ਜੀ ਦੱਸਦੇ ਕਿ ਇਹ ਊਠਾਂ ਨਾਲ ਵਾਹੀ ਕਰਦੇ ਹਨ। ਇਹਨਾਂ ਲੋਕਾਂ ਨੂੰ ਹਾਲੀ ਆਖਦੇ ਹਨ। ਊਠ ਦੀ ਧੌਣ ਉੱਪਰ ਪਾਈ ਇਸ ਪਟੀ ਨੂੰ ਬੀਡੀਂ ਆਖਦੇ ਹਨ। ਊਠ ਦੀ ਪੂਛ ਹੇਠਾਂ ਪਾਏ ਲੱਕੜ ਦੇ ਇਸ ਦਸਤੇ ਨੂੰ ਪੰਜਾਲੀ ਆਖਦੇ ਹਨ। ਪੰਜਾਲੀ ਦੇ ਦੋਵੇਂ ਸਿਰਿਆਂ ’ਤੇ ਪਾਏ ਇਹਨਾਂ ਰੱਸਿਆਂ ਨੂੰ ਤੰਗ ਕਿਹਾ ਜਾਂਦਾ ਹੈ। ਹਲ ਨੂੰ ਪੰਜਾਲੀ ਨਾਲ ਜੋੜਨ ਵਾਲੇ ਇਸ ਰੱਸੇ ਨੂੰ ਨਾੜ ਕਿਹਾ ਜਾਂਦਾ ਹੈ।
ਹਰਾ-ਚਾਰਾ ਲਿਆਉਣ ਲਈ ਊਠ ਦੀ ਢੂਈ ਉੱਪਰ ਪਾਏ ਲੱਕੜ ਦੇ ਢਾਂਚੇ ਨੂੰ ਪਲਾਣਾ ਕਹਿੰਦੇ ਹਨ। ਪਲਾਣੇ ਤੋਂ ਥੋੜ੍ਹਾ ਲੰਮੇ ਢਾਂਚੇ ਨੂੰ ਕਾਠੀ ਕਹਿੰਦੇ ਹਨ। ਇਸ ਦੀ ਵਰਤੋਂ ਬਰਾਤ ਜਾਂ ਰਿਸ਼ਤੇਦਾਰਾਂ ਦੇ ਜਾਣ ਸਮੇਂ ਕੀਤੀ ਜਾਂਦੀ ਹੈ। ਹਲ ਵਿੱਚ ਪਾਈ ਇਸ ਲੰਮੀ ਸ਼ਤੀਰੀ ਨੂੰ ਹਲ ਕਿਹਾ ਜਾਂਦਾ ਹੈ। ਹਲ ਵੀ ਕਈ ਤਰ੍ਹਾਂ ਦੇ ਹਨ। ਤੋਤਾ ਹਲ, ਉੱਲਟਵਾਂ ਹਲ ਤੇ ਮੂਰਖੀਆ ਹਲ। ਜਿਸ ਹਲ ਨਾਲ ਬਿਜਾਈ ਕੀਤੀ ਜਾਂਦੀ ਹੈ, ਉਸ ਨੂੰ ਮੁੰਨੀ ਆਖਦੇ ਹਨ। ਊਠ ਦਾ ਨੱਕ ਵਿੰਨ੍ਹ ਕੇ ਪਾਈ ਇਸ ਬਰੀਕ ਰੱਸੀ ਨੂੰ ਤੌਣਾ ਕਹਿੰਦੇ ਹਨ। ਤੌਣੇ ਨਾਲ ਬੰਨੀ ਆ ਲੰਮੀ ਰੱਸੀ ਨੂੰ ਮੁਹਾਰ ਆਖਦੇ ਹਨ। ਊਠ ਦੇ ਮੂੰਹ ਉੱਪਰ ਚੜ੍ਹਾਇਆ ਆ ਰੱਸੀ ਦਾ ਜਾਲ ਛਿੱਕਲਾ ਹੈ। ਫਿਰ ਮੇਰਾ ਧਿਆਨ ਬਲਦਾਂ ਦੀ ਜੋੜੀ ’ਤੇ ਪੈਂਦਾ ਹੈ । ਬਲਦਾਂ ਦੀ ਧੌਣ ’ਤੇ ਪਾਏ ਲੱਕੜ ਦੇ ਢਾਂਚੇ ਵੱਲ ਇਸ਼ਾਰਾ ਕਰਕੇ ਪੁੱਛਦਾਂ ਹਾਂ, ਇਹ ਕੀ ਏ? ਦਾਦਾ ਜੀ ਦੱਸਦੇ ਹਨ। Lost Punjabi Heritage
ਪੁੱਤਰ, ਇਹ ਪੰਜਾਲੀ ਹੈ। ਬਲਦ ਦੀ ਧੌਣ ’ਤੇ ਰੱਖੀ ਆ ਕਮਾਨਨੁਮਾ ਲੱਕੜ ਜੂਲਾ ਹੈ। ਮੈਂ ਦਾਦਾ ਜੀ ਨੂੰ ਪੁੱਛਦਾ ਕਿ ਇਹ ਕਿੱਥੇ ਜਾ ਰਹੇ ਹਨ। ਉਹ ਜਵਾਬ ਦਿੰਦੇ ਆਖਦੇ, ਪੁੱਤਰ, ਇਹ ਆਪਣੇ ਖੇਤ ਜਾ ਰਹੇ ਹਨ। ਇਹ ਜ਼ਮੀਨ ਵਾਹੁਣਗੇ। ਦੁਪਹਿਰ ਤੋਂ ਪਹਿਲਾਂ ਵਾਲੇ ਸਮੇਂ ਨੂੰ ਪਹਿਲਾ ਪਹਿਰ ਜਾਂ ਪਹਿਲਾ ਜੋਤਾ ਆਖਦੇ ਹਨ। ਦੁਪਹਿਰ ਤੋਂ ਬਾਅਦ ਵਾਲੇ ਸਮੇਂ ਨੂੰ ਇਹ ਦੂਜਾ ਪਹਿਰ ਜਾਂ ਦੂਜਾ ਜੋਤਾਂ ਆਖਦੇ ਹਨ। ਗੁਰੂ ਘਰੋਂ ਘਰ ਤੋਂ ਵਾਪਸ ਆ ਜਾਂਦੇ ਹਾਂ। ਦਾਦੀ ਜੀ ਹਰ ਰੋਜ਼ ਦੀ ਤਰ੍ਹਾਂ ਚਰਖਾ ਕੱਤ ਰਹੇ ਹੁੰਦੇ ਹਨ। ਮੈਂ ਉਹਨਾਂ ਕੋਲ ਬੈਠ ਜਾਂਦਾ ਹਾਂ ਤੇ ਪੁੱਛਦਾਂ ਹਾਂ ਕਿ ਇਹ ਕੀ ਏ। ਦਾਦੀ ਜਵਾਬ ਦਿੰਦੇ ਆਖਦੇ ਹਨ, ਪੁੱਤਰ, ਇਹ ਚਰਖਾ ਹੈ। ਇਸ ਦੀ ਵਰਤੋਂ ਸੂਤ ਕੱਤਣ ਲਈ ਕੀਤੀ ਜਾਂਦੀ ਹੈ। ਇਹ ਰੂੰ ਦੀਆਂ ਪੇਸ਼ੀਆਂ ਪੂਣੀਆਂ ਹਨ। ਪੂਣੀਆਂ ਤੋਂ ਸੂਤ ਬਣਦਾ ਹੈ। ਆ ਰੂੰ ਕਪਾਹ ਤੋਂ ਬਣਦੀ ਹੈ। Lost Punjabi Heritage
ਮੈਂ ਗੋਲਾਕਾਰ ਲੱਕੜ ਦੇ ਪਹੀਏ ਨੂੰ ਹੱਥ ਲਾਕੇ ਪੁੱਛਦਾ ਹਾਂ , ਦਾਦੀ ਇਹ ਕੀ ਏ? ਉਹ ਜਵਾਬ ਦਿੰਦੇ, ਪੁੱਤਰ ਇਹ ਫੱਟੇ ਹਨ, ਦੋਵਾਂ ਫੱਟਿਆਂ ਨੂੰ ਮਿਲਾਕੇ ਚੌਂਕਾ ਬਣਦਾ ਹੈ। ਆ ਫੱਟੇ ਵਿਚਕਾਰਲਾ ਹਿੱਸਾ ਜੋ ਦੋਵਾਂ ਹਿੱਸਿਆਂ ਨੂੰ ਜੋੜਨ ਦਾ ਕੰਮ ਕਰਦਾ ਹੈ, ਇਹ ਮਝੇਰੂ ਹੈ। ਇਹ ਚਰਖੇ ਨੂੰ ਘੁਮਾਉਣ ਵਾਲੀ ਲੱਕੜ ਹੱਥੀ ਹੈ। ਖੰਭੇ ਦੀ ਤਰ੍ਹਾ ਖੜ੍ਹੇ ਲੱਕੜ ਦੇ ਇਹ ਦੋ ਟੁਕੜੇ ਮੁੰਨੇ ਹਨ। ਮੁੰਨਿਆਂ ਨੂੰ ਜੋੜਨ ਵਾਲਾ ਇਹ ਸਰੀਆ ਗੁਝ ਹੈ। ਹੱਥੀ ਇਸ ਨਾਲ ਜੁੜੀ ਹੋਈ ਹੈ। ਇਹ ਚਰਖੇ ਦੇ ਪਹੀਏ ਨੂੰ ਘੁਮਾਉਂਦੀ ਹੈ। ਇਸ ਸੂਤੀ ਧਾਗੇ ਨੂੰ ਮਾਲ੍ਹ ਕਹਿੰਦੇ ਹਨ। ਚਰਖੇ ਦੇ ਪਿਛਲੇ ਹਿੱਸੇ ਤੇ ਖੰਭਨੁਮਾ ਲੱਗੇ ਲੱਕੜੀ ਦੇ ਇਹਨਾਂ ਤਿੰਨ ਟੁਕੜਿਆਂ ਨੂੰ ਮੁੰਨੀਆਂ ਆਖਦੇ ਹਨ।
ਇਹਨਾਂ ਵਿੱਚ ਤੱਕਲਾ ਕਸਿਆ ਜਾਂਦਾ ਹੈ। ਮੁੰਨੀਆਂ ਵਿੱਚ ਚਰਮਖਾਂ ਜੜੀਆਂ ਹਨ। ਬੈੜ ਤੱਕਲੇ ਉੱਪਰ ਸੂਤ ਲਪੇਟ ਕੇ ਬਣਾਈ ਜਾਂਦੀ ਹੈ। ਇਹ ਦੋ ਬੈੜਾਂ ਤੱਕਲੇ ਨੂੰ ਅੱਗੇ ਪਿੱਛੇ ਜਾਣ ਤੋਂ ਰੋਕਦੀਆਂ ਹਨ। ਇਹ ਚਮੜੇ ਦੀ ਪੱਚਰ ਦਮਕੜਾ ਹੈ। ਫੱਟਿਆਂ ਵਿਚਕਾਰ ਪਾਇਆ ਧਾਗੇ ਦਾ ਜਾਲ ਕਸਣ ਹੈ। ਤੱਕਲੇ ਉੱਪਰ ਲਪੇਟੇ ਸੂਤ ਦੇ ਇਸ ਗੋਲੇ ਨੂੰ ਗਲੋਟਾ ਕਹਿੰਦੇ ਹਨ। ਦਾਦੀ ਦੀ ਗੱਲ ਅਜੇ ਜਾਰੀ ਹੁੰਦੀ ਹੈ। ਮੈਂ ਚਾਹ ਪੀਣ ਲਈ ਮਾਂ ਕੋਲੇ ਚਲਾ ਜਾਂਦਾ ਹਾਂ।ਦਾਦੀ ਜੀ ਹਮੇਸ਼ਾ ਲਈ ਦੁਨੀਆਂ ਤੋਂ ਚਲੇ ਗਏ ਹਨ। Lost Punjabi Heritage
ਉਹਨਾਂ ਦੇ ਜਾਣ ਤੋਂ ਬਾਅਦ ਚਰਖੇ ਨੂੰ ਘਰ ਦੀ ਨੁੱਕਰ ਵਿੱਚ ਸੁੱਟ ਦਿੱਤਾ ਗਿਆ ਹੈ। ਮੈਂ ਵੱਡਾ ਹੋ ਗਿਆ ਹਾਂ। ਹੁਣ ਜਦੋਂ ਮੈਂ ਗੁਰੂ ਘਰ ਜਾਂਦਾ ਹਾਂ, ਉਸ ਥਾਂ ’ਤੇ ਰੁਕ ਜਾਂਦਾ ਹਾਂ ਜਿੱਥੇ ਖੂਹੀ ਹੁੰਦੀ ਸੀ ਖੂਹੀ ਨੂੰ ਮਿੱਟੀ ਪਾਕੇ ਪੂਰ ਦਿੱਤਾ ਗਿਆ ਹੈ। ਚਾਰੇ ਪਾਸੇ ਨਜ਼ਰ ਮਾਰਦਾਂ ਹਾਂ। ਕਿੱਧਰੇ ਵੀ ਊਠ, ਬਲਦ ਤੇ ਹਾਲੀ ਵਿਖਾਈ ਨਹੀਂ ਦਿੰਦੇ। ਦਾਦਾ ਜੀ ਵੀ ਇਸ ਦੁਨੀਆ ਤੋਂ ਚਲੇ ਗਏ ਹਨ। ਉਹਨਾਂ ਤੋਂ ਬਿਨਾ ਮੈਂ ਇਕੱਲਾ ਮਹਿਸੂਸ ਕਰਦਾ ਹਾਂ। ਉਦਾਸ ਹੋ ਜਾਂਦਾ ਹਾਂ। ਅੱਖਾਂ ’ਚੋਂ ਹੰਝੂ ਵਹਿ ਤੁਰਦੇ ਹਨ। ਟਰੈਕਟਰਾਂ ਦੀ ਥਕ-ਥਕ ਦੀ ਆਵਾਜ਼ ਮੇਰੀ ਇਕਾਗਰਤਾ ਨੂੰ ਤੋੜ ਦਿੰਦੀ ਹੈ। ਮੈਂ ਕਾਹਲੀ ਨਾਲ ਗੁਰੂਘਰ ਚਲਾ ਜਾਂਦਾ ਹਾਂ। Lost Punjabi Heritage
ਮੋ. 96469-05801
ਮਾਸਟਰ ਬਚਿੱਤਰ ਸਿੰਘ ਜਟਾਣਾ