ਸਾਬਕਾ ਵਿਧਾਇਕ ਨੇ ਕਿਹਾ ਮੈਨੂੰ ਨਹੀਂ ਐ 100 ਕਰੋੜ ਦੀ ਡੀਲ ਬਾਰੇ ਜਾਣਕਾਰੀ
ਜਲਾਲ ਨੇ ਬੀਤੇ ਦਿਨੀਂ ਦਾਅਵਾ ਕੀਤਾ ਸੀ ਕਿ ਉਸ ਕੋਲ ਡੇਰੇ ਤੇ ਅਕਾਲੀਆਂ ਦਰਮਿਆਨ ਹੋਈ ਡੀਲ ਦੇ ਪੂਰੇ ਸਬੂਤ ਹਨ
ਹੁਣ ਮੀਟਿੰਗ ਬਾਰੇ ਜਾਣਕਾਰੀ ਹੋਣ ਤੋਂ ਵੀ ਕੀਤਾ ਸਾਫ਼ ਇਨਕਾਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸੁਖਬੀਰ ਬਾਦਲ ਅਤੇ ਅਕਸ਼ੈ ਕੁਮਾਰ ਵਿਚਕਾਰ ਮੁੰਬਈ ਵਿੱਚ ਮੀਟਿੰਗ ਹੋਣ ਬਾਰੇ ਸਾਰੇ ਸਬੂਤ ਦੇਣ ਦਾ ਐਲਾਨ ਕਰਨ ਵਾਲੇ ਹਰਬੰਸ ਜਲਾਲ ਦਾ ਝੂਠ ਅੱਜ ਸਾਰਿਆਂ ਦੇ ਸਾਹਮਣੇ ਆ ਗਿਆ ਹੈ। ਹਰਬੰਸ ਜਲਾਲ ਨੇ ਸਬੂਤ ਦੇਣ ਦੀ ਗੱਲ ਕਹਿ ਕੇ ਪ੍ਰੈਸ ਕਾਨਫਰੰਸ ਤਾਂ ਸੱਦ ਲਈ ਪਰ ਮੌਕੇ ‘ਤੇ ਮੀਡੀਆ ਅੱਗੇ ਇੱਕ ਵੀ ਸਬੂਤ ਪੇਸ਼ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਮੀਡੀਆ ਨੇ ਜੰਮ ਕੇ ਜਲਾਲਤ ਕਰਦੇ ਹੋਏ ਨਾ ਸਿਰਫ਼ ਹਰਬੰਸ ਜਲਾਲ ਨੂੰ ਮਾੜਾ ਚੰਗਾ ਬੋਲਿਆ, ਸਗੋਂ ਅੱਧ ਵਿਚਕਾਰ ਹੀ ਪ੍ਰੈਸ ਕਾਨਫਰੰਸ ਛੱਡਦੇ ਹੋਏ ਉੱਠ ਕੇ ਮੀਡੀਆ ਕਰਮੀ ਮੌਕੇ ਤੋਂ ਚਲੇ ਗਏ। ਹਰਬੰਸ ਜਲਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਸੱਚ ਕਬੂਲ ਲਿਆ ਕਿ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਮੁੰਬਈ ਵਿਖੇ ਅਕਸ਼ੈ ਕੁਮਾਰ ਦੇ ਘਰ ਵਿੱਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸੁਖਬੀਰ ਬਾਦਲ ਨਾਲ ਕੋਈ ਮੀਟਿੰਗ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਅਕਸ਼ੈ ਕੁਮਾਰ ਦੀ ਪਤਨੀ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਦੇ ਗੁਆਂਢ ਵਿੱਚ ਰੱਬ ਵਰਗੇ ਗੁਰੂ ਰਹਿਣ ਲਈ ਆਏ ਹੋਏ ਹਨ, ਜਿਸ ਤੋਂ ਉਨ੍ਹਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਅਕਸ਼ੈ ਕੁਮਾਰ ਜ਼ਰੂਰ ਉਨ੍ਹਾਂ ਨੂੰ ਮਿਲਣ ਲਈ ਗਏ ਹੋਣੇ।
ਹਰਬੰਸ ਜਲਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ 100 ਕਰੋੜ ਰੁਪਏ ਦੀ ਡੀਲ ਹੋਣ ਤੋਂ ਬਾਅਦ ਪੈਸਾ ਚਲਾ ਗਿਆ ਜਾਂ ਫਿਰ ਨਹੀਂ ਗਿਆ ਜਾਂ ਫਿਰ ਡੀਲ ਪੱਕੇ ਤੌਰ ‘ਤੇ ਹੋਈ ਵੀ ਹੈ। ਉਨਾਂ ਕਿਹਾ ਕਿ ਇਹ ਤਾਂ ਸਿਰਫ਼ ਉਨ੍ਹਾਂ ਨੇ ਸ਼ਕ ਜ਼ਾਹਿਰ ਕੀਤਾ ਸੀ ਅਤੇ ਉਨਾਂ ਨੇ ਆਸੇ ਪਾਸੇ ਤੋਂ ਸੁਣਿਆ ਸੀ। ਜਲਾਲ ਦੇ ਗੱਪਾਂ ਕਾਰਨ ਮੀਡੀਆ ਕਰਮੀ ਕਾਫ਼ੀ ਜਿਆਦਾ ਗੁੱਸੇ ਵਿੱਚ ਆ ਗਏ, ਕਿਉਂਕਿ ਉਨਾਂ ਨੂੰ ਸੁਨੇਹਾ ਦਿੱਤਾ ਗਿਆ ਸੀ ਕਿ ਅੱਜ ਉਹ ਸਬੂਤ ਪੇਸ਼ ਕਰਨਗੇ, ਜਦੋਂ ਕਿ ਮੌਕੇ ‘ਤੇ ਸਾਫ਼ ਕਹਿ ਦਿੱਤਾ ਗਿਆ ਕਿ ਉਨਾਂ ਕੋਲ ਕੋਈ ਵੀ ਸਬੂਤ ਨਹੀਂ ਹਨ। ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਅੱਧ ਵਿਚਕਾਰ ਹੀ ਛੱਡਦੇ ਹੋਏ ਮੀਡੀਆ ਕਰਮੀ ਵੀ ਮੌਕੇ ਤੋਂ ਚਲੇ ਗਏ।
ਅਕਸ਼ੈ ਕੁਮਾਰ ਦੇ ਸਪੱਸ਼ਟੀਕਰਨ ਨੂੰ ਮਿਲੀ ਮਜ਼ਬੂਤੀ
ਜਲਾਲ ਵੱਲੋਂ ਆਪਣੇ ਪਹਿਲੇ ਦਾਅਵਿਆਂ ਤੋਂ ਪਲਟਣ ਨਾਲ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਦੇ ਉਸ ਬਿਆਨ ਨੂੰ ਮਜ਼ਬੂਤੀ ਮਿਲੀ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਘਰ ਸੁਖਬੀਰ ਬਾਦਲ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕੋਈ ਮੀਟਿੰਗ ਨਹੀਂ ਹੋਈ ਤੇ ਨਾ ਹੀ ਉਨ੍ਹਾਂ ਦੀ ਪੂਜਨੀਕ ਗੁਰੂ ਜੀ ਨਾਲ ਕੋਈ ਮੁਲਾਕਾਤ ਹੋਈ ਸੀ ਕਾਨਫਰੰਸ ਦੌਰਾਨ ਹਰਬੰਸ ਸਿੰਘ ਦੇ ਚਿਹਰੇ ਤੋਂ ਜਲਾਲ ਅੱਜ ਉੱਡਿਆ ਹੋਇਆ ਨਜ਼ਰ ਆ ਰਿਹਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।