ਕਾਂਗਰਸ ਲਈ ਪ੍ਰਚਾਰ ਨਹੀਂ ਕਰਨਗੇ ਪ੍ਰਨੀਤ ਕੌਰ, ਸੁਰਿੰਦਰ ਖੇੜਕੀ ਲਈ ਤਿਆਰ ਕੀਤੀ ਸਿਆਸੀ ਜ਼ਮੀਨ
ਪਰਿਵਾਰ ਮੇਰੇ ਲਈ ਕਾਂਗਰਸ ਪਾਰਟੀ ਤੋਂ ਉੱਪਰ, ਨਹੀਂ ਕਰਨਗੇ ਪ੍ਰਚਾਰ, ਘਰ ਬੈਠਣਾ ਠੀਕ : ਪ੍ਰਨੀਤ ਕੌਰ
(ਸੁਨੀਲ ਚਾਵਲਾ) ਸਮਾਣਾ। ਪੰਜਾਬ ਵਿਧਾਨ ਸਭਾ ਚੋਣਾਂ ਦੇ ਦੰਗਲ ਵਿੱਚ ਸੰਸਦ ਮੈਂਬਰ (Preneet Kaur) ਪ੍ਰਨੀਤ ਕੌਰ ਵੱਲੋਂ ਆਪਣਾ ਸਿਆਸੀ ਪੈਂਤੜਾ ਲਾ ਦਿੱਤਾ ਗਿਆ ਹੈ, ਜਿਸ ਨਾਲ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਸਮਾਣਾ ਵਿਖੇ ਸੁਰਿੰਦਰ ਖੇੜਕੀ ਲਈ ਸਿਆਸੀ ਜ਼ਮੀਨ ਤਿਆਰ ਕਰਨ ਲਈ ਆਈ ਪ੍ਰਨੀਤ ਕੌਰ ਨੇ ਅੰਦਰਖਾਤੇ ਸਮਾਣਾ ਦੇ ਕਾਂਗਰਸੀ ਲੀਡਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਹੁਣ ਕਾਂਗਰਸ ਨਹੀਂ ਸਗੋਂ ਪੰਜਾਬ ਲੋਕ ਕਾਂਗਰਸ ਪਾਰਟੀ ਲਈ ਹੀ ਉਹ ਕੰਮ ਕਰਨ। ਇਸ ਨਾਲ ਸੁਰਿੰਦਰ ਖੇੜਕੀ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਉਸ ਦੀ ਜਿੱਤ ਯਕੀਨੀ ਬਣਾਈ ਜਾਵੇ। ਹਾਲਾਂਕਿ ਪ੍ਰਨੀਤ ਕੌਰ ਨੇ ਖ਼ੁਦ ਖੱੁਲ੍ਹ ਕੇ ਚੱਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਪਰ ਅੰਦਰਖਾਤੇ ਸਾਰੀ ਰਣਨੀਤੀ ਤਿਆਰ ਪ੍ਰਨੀਤ ਕੌਰ ਹੀ ਕਰਨਗੇ। ਪ੍ਰਨੀਤ ਕੌਰ ਨੇ ਸਮਾਣਾ ਵਿਖੇ 2 ਤੋਂ ਜਿਆਦਾ ਘੰਟੇ ਦਾ ਸਮਾਂ ਬਿਤਾਉਂਦੇ ਹੋਏ ਸੁਰਿੰਦਰ ਖੇੜਕੀ ਦੇ ਨਾਲ-ਨਾਲ ਸਮਾਣਾ ਦੇ ਕਈ ਕਾਂਗਰਸੀ ਲੀਡਰਾਂ ਨਾਲ ਵੀ ਮੀਟਿੰਗ ਕੀਤੀ।
ਮੀਡੀਆ ਅੱਗੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ, ਅੰਦਰਖਾਤੇ ਮੀਟਿੰਗ ’ਚ ਖੇੜਕੀ ਨੂੰ ਦਿੱਤਾ ਪੂਰਾ ਸਮੱਰਥਨ
ਸਮਾਣਾ ਵਿਖੇ ਕਾਂਗਰਸੀ ਆਗੂ ਦਿਨੇਸ਼ ਜੈਨ ਦੇ ਘਰ ਪ੍ਰਨੀਤ ਕੌਰ (Preneet Kaur) ਆਏ ਹੋਏ ਸਨ। ਉਹਨਾਂ ਦਾ ਦਾਅਵਾ ਹੈ ਕਿ ਉਹ ਇੱਕ ਵਿਆਹ ਸਮਾਗਮ ਵਿੱਚ ਗਏ ਸਨ ਤਾਂ ਵਾਪਸੀ ਵਿੱਚ ਸਮਾਣਾ ਵਿਖੇ ਦਿਨੇਸ਼ ਜੈਨ ਦੇ ਘਰੇ ਰੁਕੇ ਹਨ, ਕਿਉਂਕਿ ਉਨ੍ਹਾਂ ਦੀ ਚੋਣ ਦੌਰਾਨ ਇਨ੍ਹਾਂ ਆਗੂਆਂ ਨੇ ਕਾਫ਼ੀ ਕੰਮ ਕੀਤਾ ਸੀ। ਪ੍ਰਨੀਤ ਕੌਰ ਜਿਸ ਸਮੇਂ ਸਮਾਣਾ ਵਿੱਚ ਸਨ ਤਾਂ ਉਨ੍ਹਾਂ ਦੇ ਨਾਲ ਸੁਰਿੰਦਰ ਖੇੜਕੀ ਕਾਫ਼ੀ ਦੇਰ ਤੱਕ ਗੱਲਬਾਤ ਕਰਦੇ ਰਹੇ ਅਤੇ ਦੋਹਾਂ ਦੀ ਵੱਖਰੀ ਮੀਟਿੰਗ ਹੋਈ ਸੀ। ਇਸ ਦੇ ਨਾਲ ਹੀ ਪ੍ਰਨੀਤ ਕੌਰ ਨੂੰ ਮਿਲਣ ਲਈ ਆਏ ਵਿਜੇ ਅਗਰਵਾਲ, ਲਲਿਤ ਭੱਲਾ, ਪਵਨ ਸਿੰਗਲਾ, ਹਰਮੇਸ਼ ਸਿੰਗਲਾ, ਦਮਨ ਭੱਲਾ, ਸ਼ੈਕੀ ਧੀਮਾਨ, ਪਿ੍ਰੰਸ ਵਧਵਾ, ਸੰਜੀਵ ਗਰਗ ਅਤੇ ਬਲਵਿੰਦਰ ਸਣੇ ਕਈ ਹੋਰ ਕਾਂਗਰਸੀ ਆਗੂ ਮੌਕੇ ’ਤੇ ਮੌਜੂਦ ਸਨ।ਇਨ੍ਹਾਂ ਸਾਰਿਆਂ ਨਾਲ ਪ੍ਰਨੀਤ ਕੌਰ ਨੇ ਮੀਟਿੰਗ ਕਰਦੇ ਹੋਏ ਇਨ੍ਹਾਂ ਨੂੰ ਸੁਰਿੰਦਰ ਖੇੜਕੀ ਦੀ ਮਦਦ ਕਰਨ ਲਈ ਕਹਿ ਦਿੱਤਾ ਹੈ।
ਪ੍ਰਨੀਤ ਕੌਰ ਨੂੰ ਸਮਾਣਾ ਵਿਖੇ ਮੀਟਿੰਗ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਇਨ੍ਹਾਂ ਹੀ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਵੱਖਰੀ ਪਾਰਟੀ ਬਣਾ ਲਈ ਗਈ ਹੈ, ਇਸ ਲਈ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਨਹੀਂ ਜਾ ਸਕਦੇ ਉਨ੍ਹਾਂ ਕਿਹਾ ਕਿ ਘਰ ਬੈਠਣਾ ਹੀ ਉਹ ਠੀਕ ਸਮਝ ਰਹੇ ਹਨ, ਇਸ ਲਈ ਘਰ ਬੈਠ ਕੇ ਹੀ ਸਮਾ ਲੰਘਾ ਰਹੇ ਹਨ। ਸਮਾਣਾ ਵਿਖੇ ਕਿਹੜੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨਗੇ, ਇਸ ਸਬੰਧੀ ਪ੍ਰਨੀਤ ਕੌਰ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਅਤੇ ਇਸ ਤਰ੍ਹਾਂ ਦੇ ਸੁਆਲ ਨਾ ਪੁੱਛੇ ਜਾਣ ਸਬੰਧੀ ਹੀ ਆਖ ਦਿੱਤਾ ਗਿਆ।
ਚੰਨੀ ਕੁਝ ਵੀ ਕਹਿਣ, ਫਤਵਾ ਲੋਕਾਂ ਨੇ ਦੇਣੈ : ਪ੍ਰਨੀਤ ਕੌਰ
ਸਮਾਣਾ ਵਿਖੇ ਪ੍ਰਚਾਰ ਦੌਰਾਨ ਚਰਨਜੀਤ ਸਿੰਘ ਚੰਨੀ ਆਮ ਲੋਕਾਂ ਨੂੰ ਮਹਿਲਾਂ (ਪ੍ਰਨੀਤ ਕੌਰ ਦੀ ਰਿਹਾਇਸ਼) ਤੋਂ ਗੱਡੀਆਂ ਮੋੜਨ ਸਬੰਧੀ ਦਿੱਤੇ ਗਏ ਬਿਆਨ ਬਾਰੇ ਪ੍ਰਨੀਤ ਕੌਰ ਨੇ ਕਿਹਾ ਕਿ ਚੋਣਾਂ ਵਿੱਚ ਫਤਵਾ ਆਮ ਲੋਕਾਂ ਨੇ ਦੇਣਾ ਹੁੰਦਾ ਹੈ ਅਤੇ ਕੌਣ ਕੀ ਕਹਿੰਦਾ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਜੇਕਰ ਉਹ (ਲੋਕ) ਹੀ ਨਹੀਂ ਚਾਹੁੰਦੇ ਹਨ ਤਾਂ ਕੀ ਹੋ ਸਕਦਾ ਹੈ, ਕਿਉਂਕਿ ਫਤਵਾ ਤਾਂ ਲੋਕਾਂ ਨੇ ਹੀ ਦੇਣਾ ਹੁੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ