ਸਰਕਾਰੀ ਥਰਮਲਾਂ ਨੂੰ ਨਹੀਂ ਚਲਾਇਆ ਜਾ ਰਿਹਾ ਬੰਦ ਪ੍ਰਾਈਵੇਟ ਥਰਮਲਾਂ ਨੂੰ ਤਾਰਨੇ ਪੈ ਰਹੇ ਨੇ ਪੈਸੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੋਲੇ ਦੀ ਘਾਟ ਨਾਲ ਜੂਝ ਰਹੇ ਪਾਵਰਕੌਮ ਵੱਲੋਂ ਆਪਣੇ ਥਰਮਲ ਪਲਾਂਟਾਂ ਨੂੰ ਚਲਾਉਣ ਦੀ ਥਾਂ ਬਾਹਰੋਂ ਹੀ ਮਹਿੰਗੀ ਬਿਜਲੀ ਖਰੀਦਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਪਾਵਰਕੌਮ ਵੱਲੋਂ ਹੁਣ ਬਿਜਲੀ ਦੀ ਬੱਚਤ ਲਈ ਸਰਕਾਰੀ ਤੌਰ ‘ਤੇ ਆਪਣੇ ਕੱਟ ਲਾਉਣ ਨੂੰ ਵੀ ਮੰਨ ਲਿਆ ਹੈ। ਇੱਧਰ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਕੋਲੇ ਦੀ ਢੋਆ-ਢੁਆਈ ਕਰਨ ਵਾਲੀਆਂ ਮਾਲ ਗੱਡੀਆਂ ਨਾ ਚੱਲਣ ਕਾਰਨ ਰੇਲਵੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਵੀ ਉਠਾਉਣਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਸੂਬੇ ਅੰਦਰ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਵੱਲੋਂ ਅੱਜ 18.65 ਮਿਲੀਅਨ ਯੂਨਿਟ ਲਈ 3.02 ਪੈਸੇ ਦੇ ਹਿਸਾਬ ਨਾਲ ਬਿਜਲੀ ਖਰੀਦਣ ਲਈ ਮਜ਼ਬੂਰ ਹੋਣਾ ਪਿਆ। ਇਹ ਬਿਜਲੀ 1 ਨਵੰਬਰ ਨੂੰ ਹਾਸਲ ਹੋਵੇਗੀ। ਇਸ ਵਕਤ ਜਿੱਥੇ ਰਾਜਪੁਰਾ ਅਤੇ ਤਲਵੰਡੀ ਸਾਬੋ ਦੇ ਪ੍ਰਾਈਵੇਟ ਥਰਮਲ ਪਲਾਂਟ ਠੱਪ ਹਨ, ਉੱਥੇ ਸਿਰਫ਼ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਹੀ ਅੱਧੀ ਮਾਤਰਾ ਦੇ ਬਿਜਲੀ ਪੈਦਾ ਕਰ ਰਿਹਾ ਹੈ।
ਇਸ ਦੇ ਨਾਲ ਹੀ ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਰਮਲਾਂ ਨੂੰ ਵੀ ਠੱਪ ਕੀਤਾ ਹੋਇਆ ਹੈ ਅਤੇ ਬਿਜਲੀ ਦੀ ਘਾਟ ਪੂਰੀ ਕਰਨ ਲਈ ਅਜੇ ਉਨ੍ਹਾਂ ਨੂੰ ਨਹੀਂ ਭਖਾਇਆ ਗਿਆ। ਇੱਧਰ ਭਾਵੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਪ੍ਰਾਈਵੇਟ ਥਰਮਲਾਂ ਦੀਆਂ ਅੰਦੂਰਨੀ ਪਟੜੀਆਂ ਅੱਗੇ ਇਸ ਕਰਕੇ ਧਰਨਾ ਲਾਇਆ ਹੋਇਆ ਹੈ ਕਿ ਪ੍ਰਾਈਵੇਟ ਥਰਮਲਾਂ ਦੀ ਥਾਂ ਸਰਕਾਰੀ ਥਰਮਲਾਂ ਨੂੰ ਭਖਾ ਕੇ ਬਿਜਲੀ ਉਤਪਾਦਨ ਕੀਤਾ ਜਾਵੇ।
ਪਰ ਫਿਰ ਵੀ ਪਾਵਰਕੌਮ ਵੱਲੋਂ ਆਪਣੇ ਥਰਮਲਾਂ ਦੀਆਂ ਚਿਮਣੀਆਂ ਭਖਾਉਣ ਦੀ ਥਾਂ ਬਿਜਲੀ ਐਕਸਚੈਜ ਨੂੰ ਹੀ ਤਰਜ਼ੀਹ ਦਿੱਤੀ ਜਾ ਰਹੀ ਹੈ। ਪਾਵਰਕੌਮ ਵੱਲੋਂ 330 ਲੱਖ ਯੂਨਿਟ ਬਿਜਲੀ ਸਾਰਟ ਟਰਮ ਵਿੱਚ ਵੀ ਖਰੀਦੀ ਜਾ ਰਹੀ ਹੈ। ਅੱਜ ਪਾਵਰਕੌਮ ਵੱਲੋਂ ਆਪਣੇ ਸਰਕਾਰੀ ਸਡਿਊਲ ਵਿੱਚ ਕੱਟਾਂ ਦਾ ਵੇਰਵਾ ਵੀ ਦਰਸਾ ਦਿੱਤਾ ਗਿਆ ਹੈ। ਪਾਵਰਕੌਮ ਨੇ ਕੱਲ 15 ਲੱਖ ਯੂਨਿਟ ਬਿਜਲੀ ਬਚਾਉਣ ਲਈ ਸੂਬੇ ਅੰਦਰ ਕੱਟ ਵੀ ਲਗਾਏ ਗਏ ਹਨ।
ਇਸ ਦੇ ਨਾਲ ਹੀ ਖੇਤੀਬਾੜੀ ਨੂੰ ਮਿਲਣ ਵਾਲੀ ਬਿਜਲੀ ਵੀ ਘਟਾ ਦਿੱਤੀ ਗਈ ਹੈ। ਰਾਜਪੁਰਾ ਥਰਮਲ ਪਲਾਂਟ ਤੋਂ ਪਾਵਰਕੌਮ ਨੂੰ 2.91 ਪੈਸੇ ਯੂਨਿਟ ਬਿਜਲੀ ਹਾਸਲ ਹੋ ਰਹੀ ਸੀ, ਪਰ ਐਕਸਚੇਜ ਤਹਿਤ ਬਿਜਲੀ ਖਰੀਦਣ ਨਾਲ ਇੱਕ ਦਿਨ ‘ਚ ਹੀ 21 ਲੱਖ ਰੁਪਏ ਜ਼ਿਆਦਾ ਦੇਣੇ ਪਏ ਹਨ। ਉਂਜ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਸਮਝੌਤਿਆ ਤਹਿਤ ਬੰਦ ਪਿਆ ਤਾ ਵੀ ਪਾਵਰਕੌਮ ਨੂੰ ਮੁੱਲ ਤਾਰਨਾ ਪੈ ਰਿਹਾ ਹੈ। ਰਾਹਤ ਦੀ ਗੱਲ ਇਹ ਹੈ ਕਿ ਠੰਢ ਵੱਧਣ ਕਾਰਨ ਬਿਜਲੀ ਦੀ ਮੰਗ ਲਗਾਤਾਰ ਘੱਟ ਰਹੀ ਹੈ ਅਤੇ ਰਾਤ ਨੂੰ ਇਹ ਮੰਗ ਬਿਲਕੁੱਲ ਹੇਠਾਂ ਆ ਜਾਂਦੀ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਲੇ ਦੀ ਕਮੀ ਕਾਰਨ ਹੀ ਬਾਹਰੋਂ ਬਿਜਲੀ ਖਰੀਦਣੀ ਪੈ ਰਹੀ ਹੈ ਅਤੇ ਸਥਿਤੀ ਲਗਾਤਾਰ ਵੱਸੋਂ ਬਾਹਰ ਹੋ ਰਹੀ ਹੈ।
ਰੇਲਵੇ ਦਾ ਪ੍ਰਾਈਵੇਟ ਥਰਮਲਾਂ ਨਾਲ ਕਰੋੜਾਂ ਦਾ ਲੈਣ-ਦੇਣ
ਪ੍ਰਾਈਵੇਟ ਥਰਮਲਾਂ ਵੱਲੋਂ ਕੋਲੇ ਦੀ ਸਪਲਾਈ ਲਈ ਰੇਲਵੇ ਨੂੰ ਕਰੋੜਾਂ ਰੁਪਏ ਦਿੱਤੇ ਜਾਂਦੇ ਹਨ, ਜਿੱਥੋਂ ਕਿ ਵੱਡੀ ਕਮਾਈ ਹੁੰਦੀ ਹੈ। ਰਾਜਪੁਰਾ ਥਰਮਲ ਪਲਾਂਟ ਵੱਲੋਂ 1200 ਕਰੋੜ ਰੁਪਏ, ਤਲਵੰਡੀ ਸਾਬੋਂ ਥਰਮਲ ਪਲਾਂਟ ਵੱਲੋਂ 3400 ਕਰੋੜ ਰੁਪਏ ਜਦਕਿ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵੱਲੋਂ 500 ਕਰੋੜ ਰੁਪਏ ਰੇਲਵੇ ਨੂੰ ਕੋਲੇ ਦੀ ਢੁਆਈ ਲਈ ਦਿੱਤੇ ਜਾਂਦੇ ਹਨ। ਪਿਛਲੇ ਸਮੇਂ ਤੋਂ ਇਨ੍ਹਾਂ ਥਰਮਲਾਂ ਨੂੰ ਕੋਲੇ ਦੀ ਸਪਲਾਈ ਬੰਦ ਹੋਣ ਕਾਰਨ ਰੇਲਵੇ ਨੂੰ ਵੀ ਵੱਡਾ ਘਾਟਾ ਪਿਆ ਹੈ। ਕੇਂਦਰ ਸਰਕਾਰ ਨੇ ਇਨ੍ਹਾਂ ਥਰਮਲਾਂ ਦੀ ਸਪਲਾਈ ਬਹਾਲ ਕਰਵਾਉਣ ਲਈ ਹੀ ਪੰਜਾਬ ਅੰਦਰ ਸਾਰੀਆਂ ਗੱਡੀਆਂ ਤੇ ਹੀ ਬ੍ਰੇਕ ਲਾਉਣ ਦੀ ਅੜ੍ਹੀ ਕੀਤੀ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.