ਮੋਟਰ ਦੇ ਬਿਜਲੀ ਕੁਨੈਕਸ਼ਨ ਦੇ ਨਾਂਅ ਤਬਦੀਲੀ ਬਦਲੇ ਮੰਗੀ ਸੀ ਰਿਸ਼ਵਤ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਵਿਜੀਲੈਂਸ ਬਿਊਰੋ ਵੱਲੋਂ ਪਾਵਰਕੌਮ ਦੇ ਪਾਤੜਾਂ ਵਿਖੇ ਤਾਇਨਾਤ ਖਪਤਕਾਰ ਕਲਰਕ ਨੂੰ ਮੋਟਰ ਦਾ ਬਿਜਲੀ ਕੁਨੈਕਸ਼ਨ ਦੇ ਨਾਂਅ ਦੀ ਤਬਦੀਲੀ ਲਈ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਸ ਖਪਤਕਾਰ ਕਲਰਕ ਗੁਰਮੁੱਖ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਐੱਸਐੱਸਪੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕੇਸ ‘ਚ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਖੇੜੀ ਨਗਾਈਆ ਪਾਤੜਾਂ ਦੇ ਖੇਤ ਵਿੱਚ ਇੱਕ ਬਿਜਲੀ ਦਾ ਮੋਟਰ ਕੁਨੈਕਸ਼ਨ ਲੱਗਾ ਹੋਇਆ ਹੈ, ਇਹ ਬਿਜਲੀ ਦਾ ਮੋਟਰ ਕੁਨੈਕਸ਼ਨ ਉਸਦੇ ਰਿਸ਼ਤੇਦਾਰ ਸ਼ਮਸ਼ੇਰ ਸਿੰਘ ਪੁੱਤਰ ਚਤਿੰਨ ਸਿੰਘ ਵਾਸੀ ਪਿੰਡ ਬੱਲਰਾਂ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਦੇ ਨਾਂਅ ‘ਤੇ ਹੈ। ਸ਼ਿਕਾਇਤਕਰਤਾ ਨੇ ਇਹ ਬਿਜਲੀ ਦਾ ਮੋਟਰ ਕੁਨੈਕਸ਼ਨ ਆਪਣੇ ਰਿਸ਼ਤੇਦਾਰ ਦੀ ਸਹਿਮਤੀ ਨਾਲ ਆਪਣੇ ਨਾਂਅ ‘ਤੇ ਕਰਵਾਉਣ ਲਈ ਦਸਤਾਵੇਜ਼ ਤਿਆਰ ਕਰਕੇ ਖਪਤਕਾਰ ਕਲਰਕ ਗੁਰਮੁੱਖ ਸਿੰਘ ਨੂੰ ਦੇ ਦਿੱਤੇ।
ਇਸ ਖਪਤਕਾਰ ਕਲਰਕ ਨੇ ਮੌਕੇ ‘ਤੇ ਸ਼ਿਕਾਇਤਕਰਤਾ ਤੋਂ 4000 ਰੁਪਏ ਰਿਸ਼ਵਤ ਲੈਕੇ ਫਾਈਲ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸ਼ਿਕਾਇਤਕਰਤਾ 24 ਜੁਲਾਈ ਨੂੰ ਸਬੰਧਿਤ ਖਪਤਕਾਰ ਕਲਰਕ ਗੁਰਮੁੱਖ ਸਿੰਘ ਨੂੰ ਆਪਣੇ ਨਾਂ ਬਿਜਲੀ ਦਾ ਮੋਟਰ ਕੁਨੈਕਸ਼ਨ ਕਰਵਾਉਣ ਲਈ ਮਿਲਿਆ, ਜਿਸ ਨੇ ਕਿਹਾ ਕਿ ਇਸ ਤਰ੍ਹਾਂ ਬਿਜਲੀ ਦੀ ਮੋਟਰ ਦਾ ਕੁਨੈਕਸ਼ਨ ਤੇਰੇ ਨਾਂਅ ਨਹੀਂ ਹੋਵੇਗਾ। ਇਸ ਬਦਲੇ 45000 ਰੁਪਏ ਦੇਣੇ ਪੈਣਗੇ। ਸ਼ਿਕਾਇਤਕਰਤਾ ਵੱਲੋਂ ਕਹਿਣ ‘ਤੇ ਗੁਰਮੁੱਖ ਸਿੰਘ ਖਪਤਕਾਰ ਕਲਰਕ 45000 ਰੁਪਏ ਕਿਸ਼ਤਾਂ ਵਿੱਚ ਲੈਣ ਲਈ ਰਾਜੀ ਹੋ ਗਿਆ। ਅੱਜ ਗੁਰਮੁੱਖ ਸਿੰਘ ਖਪਤਕਾਰ ਕਲਰਕ ਨੂੰ 25000 ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਡੀਐੱਸਪੀ ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਲਖਵੀਰ ਸਿੰਘ ਦੀ ਟੀਮ ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕਰਕੇ ਰਿਸ਼ਵਤ ਵਾਲੇ ਨੋਟ ਬਰਾਮਦ ਕੀਤੇ। ਵਿਜੀਲੈਂਸ ਟੀਮ ‘ਚ ਇੰਸਪੈਕਟਰ ਤਰਲੋਚਨ ਸਿੰਘ, ਰੀਡਰ ਰਾਜਵਿੰਦਰ ਸਿੰਘ, ਏਐੱਸਆਈ ਸਤਿਗੁਰ ਸਿੰਘ, ਮੁੱਖ ਸਿਪਾਹੀ ਗੁਰਦੀਪ ਸਿੰਘ, ਸੀ-2 ਸ਼ਾਮ ਸੁੰਦਰ, ਐੱਸਸੀ ਚਮਕੌਰ ਸਿੰਘ ਤੇ ਲੇਡੀ ਸਿਪਾਹੀ ਗੁਰਜਿੰਦਰ ਕੌਰ ਸ਼ਾਮਲ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।