ਪਾਵਰਕੌਮ ਬਿਜਲੀ ਕਾਮਿਆਂ ਦੇ ਸੰਘਰਸ਼ ਅੱਗੇ ਝੁਕੀ, ਮੰਗਾਂ ਮੰਨੀਆਂ, ਸੰਘਰਸ਼ ਮੁਅੱਤਲ
ਪਾਵਰਕੌਮ ਵੱਲੋਂ ਮੁਲਾਜ਼ਮਾਂ ਦੇ ਪੇ ਬੈਂਡ ਵਿੱਚ ਕੀਤਾ ਵਾਧਾ, ਸਰਕੂਲਰ ਕੀਤਾ ਜਾਰੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਬਿਜਲੀ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਸੰਘਰਸ ਨੂੰ ਬੂਰ ਪੈ ਗਿਆ ਹੈ। ਬਿਜਲੀ ਮੁਲਾਜ਼ਮਾ ਅੱਗੇ ਝੁਕਦਿਆ ਪਾਵਰਕੌਮ ਵੱਲੋਂ ਪੇ ਬੈਂਡ ਵਿੱਚ ਵਾਧਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਆਪਣਾ ਸੰਘਰਸ ਮੁਅੱਤਲ ਕਰ ਦਿੱਤਾ ਹੈ। ਇੱਧਰ ਬਿਜਲੀ ਮੁਲਾਜ਼ਮਾਂ ਵਿੱਚ ਇਸ ਫੈਸਲੇ ਦੀ ਖੁਸ਼ੀ ਪਾਈ ਜਾ ਰਹੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਹਜਾਰਾਂ ਬਿਜਲੀ ਮੁਲਾਜ਼ਮਾਂ ਨੂੰ ਲਾਭ ਮਿਲੇਗਾ।
ਜੁਆਇੰਟ ਫੋਰਮ ਦੇ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਕੌਰ ਸਿੰਘ ਸੋਹੀ, ਬਲਵਿੰਦਰ ਸਿੰਘ ਸੰਧੂ ਆਦਿ ਨੇ ਦੱਸਿਆ ਕਿ ਪਾਵਰ ਮੈਨੇਜਮੈਂਟ ਵੱਲੋਂ ਪੰਜਾਬ ਸਰਕਾਰ ਦੇ ਮੁਲਾਜਮਾਂ ਨੂੰ 1-12-2021 ਤੋਂ ਮਿਲੇ ਤਨਖਾਹ ਸਕੇਲਾਂ ਅਨੁਸਾਰ ਬਿਜਲੀ ਮੁਲਾਜਮਾਂ ਨੂੰ ਗਰੁੱਪ ਨੰ. 4 ਤੋਂ 9 ਅਤੇ 17 ਨੂੰ ਕ੍ਰਮਵਾਰ 6400-39100 ਤੋਂ 11900-34800 ਅਤੇ 10900-34800 ਤੋਂ 16650-39100 ਦਾ ਪੇ-ਬੈਂਡ ਵਿੱਚ ਵਾਧਾ ਕਰ ਦਿੱਤਾ ਗਿਆ ਜਿਸ ਨਾਲ ਹਜਾਰਾਂ ਬਿਜਲੀ ਮੁਲਾਜ਼ਮਾਂ ਨੂੰ ਵਿੱਤੀ ਲਾਭ ਹੋਵੇਗਾ। ਜਿਸ ਸਬੰਧੀ ਪਾਵਰ ਮੈਨੈਜਮੈਂਟ ਵੱਲੋਂ ਵਿੱਤੀ ਸਰਕੂਲਰ ਜਾਰੀ ਕਰਨ ਤੇ ਜੁਆਇੰਟ ਫੋਰਮ ਵੱਲੋਂ ਸੰਘਰਸ਼ ਪ੍ਰੋਗਰਾਮ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਫੈਸਲ ਜੁਆਇੰਟ ਫੋਰਮ ਦੀ ਹੰਗਾਮੀ ਮੀਟਿੰਗ ਵਿੱਚ ਕੀਤਾ ਗਿਆ। ਇਨ੍ਹਾਂ ਆਗੂਆਂ ਨੇ ਲਾਮਿਸਾਲ ਸਫ਼ਲ ਸੰਘਰਸ਼ ਲਈ ਬਿਜਲੀ ਕਾਮਿਆਂ ਨੂੰ ਮੁਬਾਰਕਵਾਦ ਦਿੰਦਿਆਂ ਏਕਤਾ ਅਤੇ ਇੱਕਜੁਟਤਾ ਬਣਾਈ ਰੱਖਣ ਲਈ ਕਿਹਾ। ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ 27 ਨਵੰਬਰ ਦੀ ਮੀਟਿੰਗ ਦੇ ਫੈਸਲੇ ਲਾਗੂ ਕੀਤੇ ਜਾਣ।
ਬਿਜਲੀ ਕਾਮਿਆਂ ਦਾ ਛੁੱਟੀ ਦਾ ਸਮਾਂ ਰੈਗੂਲਰਾਈਜ ਕੀਤਾ ਜਾਵੇ, ਮੁਲਾਜਮਾਂ ਤੇ ਪੈਨਸ਼ਨਰਜ਼ ਦੀ ਨਵੰਬਰ ਮਹੀਨੇ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ, ਮੰਗ ਪੱਤਰ ਅਨੁਸਾਰ ਬਕਾਇਆ ਮੰਗਾਂ ਦਾ ਫੌਰੀ ਮੀਟਿੰਗ ਦੇ ਕੇ ਹੱਲ ਕੀਤਾ ਜਾਵੇ। ਕਰਮ ਚੰਦ ਭਾਰਦਵਾਜ ਸਕੱਤਰ ਜੁਆਇੰਟ ਫੋਰਮ ਨੇ ਦੱਸਿਆ ਕਿ ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਜੱਥੇਬੰਦੀਆਂ ਦੇ ਪ੍ਰਤੀਨਿਧ ਸ਼ਾਮਲ ਕਰਕੇ ਬਿਜਲੀ ਕਾਮਿਆਂ ਦੇ ਤਨਖਾਹ ਸਕੇਲ ਸੋਧੇ ਜਾਣ । ਜੇਕਰ ਮੈਨੇਜਮੈਂਟ ਨੇ ਆ ਰਹੀ 5 ਦਸੰਬਰ ਤੱਕ ਇਨ੍ਹਾਂ ਰਹਿੰਦੇ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਜੁਆਇੰਟ ਫੋਰਮ ਨੂੰ ਮੁੜ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ, ਜਿਸ ਦੀ ਜਿੰਮੇਵਾਰੀ ਪਾਵਰ ਮੈਨੇਜਮੈਂਟ ਦੀ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ