29 ਜੁਲਾਈ ਨੂੰ ਪੰਜਾਬ ਯੂ.ਟੀ. ਮੁਲਾਜਮ ਅਤੇ ਪੈਨਸ਼ਨਰਜ਼ ਨਾਲ ਮੋਤੀ ਮਹਿਲ ਪਟਿਆਲਾ ਵੱਲ ਰੋਸ ਮਾਰਚ ’ਚ ਹਜਾਰਾਂ ਬਿਜਲੀ ਕਾਮੇ ਹੋਣਗੇ ਸ਼ਾਮਲ
ਪਾਵਰ ਮੈਨੇਜਮੈਂਟ ਦੇ ਚੇਅਰਮੈਨਾਂ ਅਤੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਵਰਕ ਟੂ ਰੂਲ ਅਨੁਸਾਰ ਕੰਮ ਰਹੇਗਾ ਜਾਰੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਬਿਜਲੀ ਮੁਲਾਜਮਾਂ ਨੇ ਲਗਾਤਾਰ ਦੂਸਰੇ ਦਿਨ ਭਾਰੀ ਬਾਰਸ਼ ਦੇ ਬਾਵਜੂਦ ਹੈਡ ਆਫਿਸ ਪਟਿਆਲਾ ਦੇ ਮੇਟ ਗੇਟ ’ਤੇ ਧਰਨਾ ਦੇ ਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਪਾਵਰ ਮੈਨਜਮੈਂਟ ਵਿਰੁੱਧ ਨਾਅਰੇਬਾਜੀ ਕੀਤੀ। ਹੈਡ ਆਫਿਸ ਦਾ ਮੇਨ ਗੇਟ ਬੰਦ ਰਿਹਾ ਤੇ ਮਾਲ ਰੋਡ ਤੇ ਟ੍ਰੈਫਿਕ ਵੀ ਇਸ ਧਰਨੇ ਕਾਰਨ ਪ੍ਰਭਾਵਿਤ ਹੋਈ ਅਤੇ ਟ੍ਰੈਫਿਕ ਪੁਲਿਸ ਵੱਲੋਂ ਬਦਲਵੇਂ ਰਸਤਿਆਂ ਰਾਹੀਂ ਟ੍ਰੈਫਿਕ ਕੰਟਰੋਲ ਕੀਤਾ ਗਿਆ। ਮਾਲ ਰੋਡ ’ਤੇ ਲਗਾਏ ਗਏ ਧਰਨੇ ਕਾਰਨ ਸ਼ਹਿਰ ’ਚ ਚਾਰੇ ਪਾਸੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਲਾਇਨਾਂ ਲੱਗ ਗਈਆਂ ਤੇ ਰਹਿੰਦੀ ਕਸਰ ਮੀਹ ਨੇ ਕੱਢ ਦਿੱਤੀ, ਜਿਸ ਕਾਰਨ ਵਾਹਨ ਬਹੁਤ ਹੀ ਘੱਟ ਸਪੀਡ ’ਤੇ ਚੱਲ ਰਹੇ ਸੀ ਤੇ ਧਰਨੇ ਕਾਰਨ ਸ਼ਹਿਰ ਦੀਆਂ ਬਾਕੀ ਸੜਕਾਂ ’ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਜਿਸ ਕਾਰਨ ਟ੍ਰੈਫਿਕ ਪੁਲਿਸ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਰੋਸ ਧਰਨੇ ’ਚ ਅੰਮਿ੍ਰਤਸਰ, ਗੁਰਦਾਸਪੁਰ, ਤਰਨਤਾਰਨ, ਪਟਿਆਲਾ, ਮੁਹਾਲੀ, ਰੋਪੜ, ਬਰਨਾਲਾ, ਸੰਗਰੂਰ, ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ, ਬਠਿੰਡਾ, ਹਾਈਡਲ ਪ੍ਰਾਜੈਕਟ ਤਲਵਾੜਾ, ਰਣਜੀਤ ਸਾਗਰ ਡੈਂਮ, ਮੁਕੇਰੀਆਂ ਹਾਈਡਲ ਪ੍ਰਾਜੈਕਟ ਤੋਂ ਹਜਾਰਾਂ ਬਿਜਲੀ ਕਾਮਿਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਫੋਰਮ ਦੇ ਸੂਬਾ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਕੌਰ ਸਿੰਘ ਸੋਹੀ, ਜਗਰੂਪ ਸਿੰਘ ਮਹਿਮਦਪੁਰ, ਹਰਪਾਲ ਸਿੰਘ, ਕਰਮਚੰਦ ਖੰਨਾ, ਹਰਜਿੰਦਰ ਸਿੰਘ ਦੁਧਾਲਾ, ਬਿ੍ਰਜ ਲਾਲ ਆਦਿ ਨੇ ਸੰਬੋਧਨ ਕਰਦਿਆ ਸੰਘਰਸ਼ ਨੂੰ ਤੇਜ ਕਰਦਿਆਂ ਫੈਸਲਾ ਕੀਤਾ ਕਿ ਦੋਨੋ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਅਤੇ ਡਾਇਰੈਕਟਰਜ਼ ਵਿਰੁੱਧ ਫੀਲਡ ’ਚ ਦੌਰਿਆਂ ਸਮੇਂ ਲਗਾਤਾਰ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਵਰਕ ਟੂ ਰੂਲ ਅਨੁਸਾਰ ਕੰਮ ਕਰਨ ਦਾ ਐਲਾਨ ਕੀਤਾ। ਇਨ੍ਹਾਂ ਆਗੂਆਂ ਨੇ ਪੰਜਾਬ ਅਤੇ ਯੂ.ਟੀ. ਮੁਲਾਜਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਸੰਘਰਸ਼ ਦਾ ਸਮਰਥਨ ਕਰਦਿਆਂ 29 ਜੁਲਾਈ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਵੱਲ ਮਾਰਚ ਕਰਕੇ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਿਜਲੀ ਸੋਧ ਬਿਲ 2020 ਨੂੰ ਵਾਪਸ ਲੈਣ ਦੀ ਮੰਗ ਕੀਤੀ ਜਿਨ੍ਹਾਂ ਰਾਹੀਂ ਬਿਜਲੀ ਵੰਡ ਕੰਪਨੀਆਂ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ। ਇਸ ਨਾਲ ਸੂਬਿਆਂ ਦੇ ਅਧਿਕਾਰ ਖੋਹੇ ਜਾਣਗੇ, ਬਿਜਲੀ ਪੈਦਾਵਾਰ ਅਤੇ ਬਿਜਲੀ ਦੀ ਵੰਡ ਪ੍ਰਾਈਵੇਟ ਕੰਪਨੀਆਂ ਪਾਸ ਚਲੀ ਜਾਵੇਗੀ। ਜਿਸ ਨਾਲ ਖਪਤਕਾਰਾਂ ਨੂੰ ਬਿਜਲੀ ਮਹਿੰਗੇ ਭਾਅ ਮਿਲੇਗੀ ਅਤੇ ਕਾਰਪੋਰੇਟ ਘਰਾਣੇ ਉਨ੍ਹਾਂ ਦੀ ਖੁੱਲੀ ਲੁੱਟ ਕਰਨਗੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਆਫ ਇਲੈਕਟ੍ਰੀਸਿਟੀ ਇੰਪਲਾਈਜ਼ ਅਤੇ ਇੰਜੀਨੀਅਰਜ ਦੇ ਸੱਦੇ ਤੇ ਸਰਕਲ ਕਨਵੈਨਸ਼ਨਾਂ ਅਤੇ 10 ਅਗਸਤ ਨੂੰ ਵਰਕ ਬਾਈਕਾਟ/ਹੜਤਾਲ ਵਿੱਚ ਸਮੁੱਚੇ ਬਿਜਲੀ ਕਾਮੇ ਸ਼ਮੂਲੀਅਤ ਕਰਨਗੇ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਮੈਨੇਜਮੈਂਟ ਨੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਅਤੇ ਰਹਿੰਦੀਆਂ ਮੰਗਾਂ ਦਾ ਆਪਸੀ ਗੱਲਬਾਤ ਰਾਹੀਂ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ 29 ਜੁਲਾਈ ਤੋਂ ਪਹਿਲਾਂ ਹੋਰ ਵੀ ਤਿੱਖਾ ਗੁਪਤ ਐਕਸ਼ਨ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪਾਵਰ ਮੈਨੇਜਮੈਂਟ ਦੀ ਹੋਵੇਗੀ।
ਇਸ ਤੋਂ ਇਲਾਵਾ ਪ੍ਰੀਤਮ ਸਿੰਘ ਪਿੰਡੀ, ਬਲਵਿੰਦਰ ਸਿੰਘ ਸੰਧੂ, ਕਮਲਜੀਤ ਸਿੰਘ, ਅਸ਼ੋਕ ਕੁਮਾਰ, ਰਵੇਲ ਸਿੰਘ ਸਹਾਏਪੁਰ, ਸਿਕੰਦਰ ਨਾਥ, ਅਵਤਾਰ ਸਿੰਘ ਕੈਂਥ, ਹਰਜੀਤ ਸਿੰਘ, ਜਗਜੀਤ ਸਿੰਘ ਕੋਟਲੀ, ਸੁਖਵਿੰਦਰ ਸਿੰਘ ਦੁੱਪਣਾ, ਰਾਮ ਲੁਭਾਇਆ, ਗੁਰਦਿੱਤ ਸਿੰਘ ਸਿੱਧੂ ਅਤੇ ਨਛੱਤਰ ਸਿੰਘ ਰਣੀਆ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।