ਸੰਘਰਸ਼ ਜਾਰੀ ਰੱਖਣ ਅਤੇ 26 ਨਵੰਬਰ ਤੱਕ ਸਮੂਹਿਕ ਛੁੱਟੀ ਤੇ ਰਹਿਣ ਲਈ ਦ੍ਰਿਡ਼
2 ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਹੋਵੇਗਾ ਵਿਸਾਲ ਧਰਨਾ-ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਬਿਜਲੀ ਮੁਲਾਜਮਾਂ ਦੀਆਂ 14 ਜਥੇਬੰਦੀਆਂ ਸਮੇਤ ਭਰਾਤਰੀ ਜਥੇਬੰਦੀਆਂ ਦੇ ਬਿਜਲੀ ਕਾਮਿਆਂ ਵੱਲੋਂ ਅੱਜ ਛੇਵੇਂ ਦਿਨ ਛੁੱਟੀ ਦੇ ਬਾਵਜੂਦ ਪਾਵਰਕੌਮ ਦੇ ਮੁੱਖ ਗੇਟਾਂ ’ਤੇ ਰੋਸ ਪ੍ਰਦਰਸ਼ਨ ਜਾਰੀ ਰਿਹਾ। ਬਿਜਲੀ ਕਾਮੇ ਇਹ ਰੋਸ ਪ੍ਰਦਰਸ਼ਨ ਪਾਵਰ ਮੈਨੇਜਮੈਂਟ ਵੱਲੋਂ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਕਰ ਰਹੇ ਹਨ। ਪਾਵਰ ਮੈਨੇਜਮੈਂਟ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਟਾਲ ਮਟੋਲ ਦੀ ਨੀਤੀ ਅਪਣਾ ਕੇ ਅਣਫੇਅਰ ਲੇਬਰ ਪ੍ਰੈਕਟਿਸ ਕਰ ਰਹੀ ਹੈ।
ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਆਗੂਆਂ ਕਰਮਚੰਦ ਭਾਰਦਵਾਜ, ਬਲਦੇਵ ਸਿੰਘ ਮੰਢਾਲੀ, ਬਲਵਿੰਦਰ ਸਿੰਘ ਸੰਧੂ, ਪ੍ਰਮੋਦ ਕੌਸ਼ਲ, ਵਿਸ਼ਵ ਨਾਥ, ਨਗੇਂਦਰ ਪਾਲ, ਕੁਲਵੰਤ ਸਿੰਘ, ਧਰਮਿੰਦਰ ਦੂਬੇ, ਅਤਰ ਸਿੰਘ ਅਤੇ ਸਰਬਜੀਤ ਸਿੰਘ ਆਦਿ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੇਜਮੈਂਟ ਤਿੰਨ ਧਿਰੀ ਸਮਝੌਤੇ ਦੀ ਉਲੰਘਣਾ ਕਰਕੇ ਤਨਖਾਹ ਸਕੇਲ ਸੋਧਕੇ ਧੱਕੇ ਨਾਲ ਇੱਕ ਤਰਫਾ ਤਨਖਾਹ ਸਕੇਲ ਜਾਰੀ ਕਰ ਰਹੀ ਹੈ। ਜਿਸ ਨਾਲ ਮੁਲਾਜਮਾਂ ਨੂੰ ਲਾਭ ਦੀ ਥਾਂ ਘਾਟਾ ਪਵੇਗਾ। ਜੋ ਕਿ ਕਰਮਚਾਰੀਆਂ ਨਾਲ ਧੋਖਾ ਅਤੇ ਬੇਇਨਸਾਫੀ ਹੈ।
ਉਨ੍ਹਾਂ 16 ਜੁਲਾਈ 2020 ਤੋਂ ਬਾਅਦ ਨਵ ਨਿਯੁਕਤ ਕਰਮਚਾਰੀਆਂ ਉਪਰ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦੀ ਸਖਤ ਨਿੰਦਾ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪਾਵਰ ਮੈਨੇਜਮੈਂਟ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਅਨੁਸਾਰ ਪੇ ਬੈਂਡ ਵਿੱਚ ਵਾਧਾ, 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧੇ, ਨਵੀਂ ਭਰਤੀ, ਮਨਜੂਰਸ਼ੁਦਾ ਅਸਾਮੀਆਂ ਖਤਮ ਨਾ ਕਰਨ, ਮੁਲਾਜਮਾਂ ਦੀਆਂ ਬਣਦੀਆਂ ਤਰੱਕੀ ਕਰਨ, ਨਵ ਨਿਯੁਕਤ ਕਰਮਚਾਰੀਆਂ ਨੂੰ ਪੂਰਾ ਤਨਖਾਹ ਸਕੇਲ ਦੇਣ, ਪਰਖ ਕਾਲ ਸਮਾਂ ਖਤਮ ਕਰਨ ਅਤੇ ਕੱਚੇ ਕਾਮੇ ਪੱਕੇ ਕਰਨ, ਮੁਲਾਜਮਾਂ ਤੋਂ ਵਾਧੂ ਡਿਊਟੀ ਲੈਣ ਆਦਿ 22 ਨੁਕਾਤੀ ਮੰਗ ਪੱਤਰ ਅਨੁਸਾਰ ਮੰਗਾਂ ਲਾਗੂ ਕਰਨ ਤੋਂ ਇਨਕਾਰੀ ਹੈ ਜਿਸ ਕਾਰਨ ਬਿਜਲੀ ਕਾਮਿਆਂ ਵਿੱਚ ਸਖਤ ਰੋਸ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਅਤੇ ਪਾਵਰ ਮੈਨੇਜਮੈਂਟਾਂ ਤੋਂ ਮੰਗ ਕੀਤੀ ਕਿ ਬਿਜਲੀ ਵਰਗੇ ਸੰਵੇਦਨਸ਼ੀਲ ਅਦਾਰੇ ਦਾ ਸਨਅਤੀ ਮਾਹੌਲ ਖਰਾਬ ਕਰਨ ਦੀ ਥਾਂ ਆਪਸੀ ਗੱਲਬਾਤ ਰਾਹੀਂ ਮੁਲਾਜਮ ਮਸਲੇ ਹੱਲ ਕਰਕੇ ਬਿਜਲੀ ਕਾਮਿਆਂ ਦਾ ਰੋਸ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਮੋਰਿੰਡਾ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਸੁਬਾਈ ਵਿਸ਼ਾਲ ਧਰਨਾ ਦਿੱਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ