ਗਰੀਬੀ, ਭੁੱਖਮਰੀ ਬਨਾਮ ਸਮਾਜ ਤੇ ਸਰਕਾਰਾਂ
ਸੰਨ 2020 ਦੇ ਖੁਰਾਕ ਦਿਵਸ ਮੌਕੇ ਕਨਸਰਨ ਵਰਲਡਵਾਈਡ ਅਤੇ ਵੈਲਟ ਹੰਗਰ ਹਿਲਫੇ ਨਾਮੀ ਦੋ ਸੰਸਥਾਵਾਂ ਨੇ ਮਿਲ ਕੇ ਭੁੱਖਮਰੀ ਸੂਚਕ ਅੰਕ 2020 ਜਾਰੀ ਕੀਤਾ ਹੈ ਜੋ ਹਰ ਸਾਲ ਜਾਰੀ ਕੀਤਾ ਜਾਂਦਾ ਹੈ। ਇਸ ਅੰਦਰ 0-100 ਤੱਕ ਸਕੋਰ ਹੁੰਦਾ ਹੈ ਜੋ ਪੰਜ ਸ੍ਰੇਣੀਆਂ ‘ਤੇ ਅਧਾਰਿਤ ਹੁੰਦਾ ਹੈ। ਇਸ ਅਨੁਸਾਰ 17 ਮੁਲਕਾਂ ਦਾ ਸਕੋਰ 5 ਤੋਂ ਘੱਟ ਹੈ ਅਤੇ ਚਾਡ ਦੇਸ਼ 44.7 ਸਕੋਰ ਨਾਲ ਆਖਰੀ ਸਥਾਨ 107ਵੇਂ ‘ਤੇ ਹੈ। ਸੰਨ 2012 ਤੋਂ ਤਿੰਨ ਸ਼੍ਰੇਣੀਆਂ ਜਿਵੇ ਦਰਮਿਆਨ, ਗੰਭੀਰ ਤੇ ਚਿੰਤਾਜਨਕ ‘ਚ ਮੌਜੂਦ 46 ਦੇਸ਼ਾਂ ਦੀ ਸਥਿਤੀ ‘ਚ ਸੁਧਾਰ ਹੋਇਆ ਹੈ, ਜਦਕਿ ਦੁਨੀਆਂ ਦੇ ਇਸੇ ਸ਼ੇਣੀ ਦੇ 14 ਮੁਲਕਾਂ ਦੀ ਭੁੱਖਮਰੀ ਅਤੇ ਕੁਪੋਸ਼ਣ ਦੀ ਸਥਿਤੀ ਖਰਾਬ ਹੋਈ ਹੈ। ਸੰਸਾਰ ਦੇ 37 ਮੁਲਕ ਸੰਨ 2030 ਤੱਕ ਵੀ ਸਿਫਰ ਭੁੱਖਮਰੀ ਸੂਚਕ ਅੰਕ ਦੇ ਨਿਸ਼ਾਨੇ ਨੂੰ ਪ੍ਰਾਪਤ ਨਹੀਂ ਕਰ ਸਕਣਗੇ।
ਇਸ ਰਿਪੋਰਟ ਅਨੁਸਾਰ ਵਿਸ਼ਵ ਦੇ 690 ਮਿਲੀਅਨ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। ਦੁਨੀਆਂ ਦੇ 107 ਦੇਸ਼ਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਭਾਰਤ 94ਵੇਂ ਸਥਾਨ ‘ਤੇ ਹੈ ਅਤੇ ਸੂਚਕ ਅੰਕ 27.7 ਸਕੋਰ ਨਾਲ ‘ਗੰਭੀਰ ਸਥਿਤੀ’ ਵਿੱਚ ਬਣਿਆ ਹੋਇਆ ਹੈ। ਨੇਪਾਲ, ਪਾਕਿਸਤਾਨ, ਬੰਗਲਾਦੇਸ਼ ਤੇ ਇੰਡੋਨੇਸ਼ੀਆ ਦੀ ਸਥਿਤੀ ਭਾਰਤ ਤੋਂ ਬਿਹਤਰ ਦਰਸਾਈ ਗਈ ਹੈ। ਇਸੇ ਤਰ੍ਹਾਂ ਇਸੇ ਸੂਚਕ ਅੰਕ ਅਨੁਸਾਰ ਸੰਸਾਰ ਦੇ 13 ਦੇਸ਼ ਅਜਿਹੇ ਵੀ ਹਨ ਜਿਨ੍ਹਾਂ ਦੀ ਸਥਿਤੀ ਭਾਰਤ ਤੋਂ ਵੀ ਮਾੜੀ ਹੈ। ਭਾਰਤ ਦੀ 14 ਫੀਸਦੀ ਆਬਾਦੀ ਅਲਪ-ਪੋਸ਼ਿਤ ਹੈ ਤੇ ਬੱਚੇ ਵੀ ਕੁਪੋਸ਼ਣ ਦਾ ਸ਼ਿਕਾਰ ਪਾਏ ਗਏ ਹਨ। ਬੱਚਿਆਂ ਦੇ ਕੁਪੋਸ਼ਣ ਦੇ ਚਾਰ ਮਾਪਦੰਡ ਹਨ।
ਪਹਿਲਾ ਬੱਚੇ ਦੀ ਲੰਬਾਈ ਦੇ ਅਨੁਪਾਤ ‘ਚ ਵਜ਼ਨ ਦਾ ਘੱਟ ਹੋਣਾ, ਇਸ ਵਿੱਚ ਸੰਨ 2010-14 ਤੱਕ 15 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਸਨ ਜਦਕਿ 2015-19 ਤੱਕ ਇਹ ਅੰਕੜਾ 17.3 ਫੀਸਦੀ ਹੋ ਗਿਆ ਹੈ। ਦੂਜਾ ਮਾਪਦੰਡ ਉਮਰ ਦੇ ਅਨੁਪਾਤ ‘ਚ ਕੱਦ ਦਾ ਘੱਟ ਹੋਣਾ। ਤੀਜਾ ਮਾਪਦੰਡ ਬੱਚਿਆਂ ਦੀ ਮੌਤ ਦਰ ਤੇ ਚੌਥਾ ਸੰਤੁਲਿਤ ਆਹਾਰ ਦੀ ਕਮੀ ਕਾਰਨ ਉਤਪਨ ਕੁਪੋਸ਼ਣ। ਦੱਖਣੀ ਏਸ਼ੀਆ ਭੁੱਖਮਰੀ ਕਾਰਨ ਲੰਮੇ ਸਮੇਂ ਤੋਂ ਸੁਰਖੀਆਂ ਵਿੱਚ ਹੈ ਜਿੱਥੇ ਔਰਤਾਂ ਅਤੇ ਬੱਚੇ ਵੱਡੀ ਗਿਣਤੀ ‘ਚ ਕੁਪੋਸ਼ਣ ਦਾ ਸ਼ਿਕਾਰ ਹਨ ਅਤੇ ਭੁੱਖਮਰੀ ਅਤੇ ਪੌਸ਼ਟਿਕ ਆਹਾਰ ਦੀ ਕਮੀ ਕਾਰਨ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਮਰਨ ਲਈ ਮਜ਼ਬੂਰ ਹਨ।
ਭਾਰਤ ਅਤੇ ਨਾਲ ਲੱਗਦੇ ਵਿਕਾਸਸ਼ੀਲ ਦੇਸ਼ਾਂ ਅੰਦਰ ਸੰਨ 1990 ‘ਚ 42.2 ਫੀਸਦੀ ਬੱਚੇ ਕੁਪੋਸ਼ਣ ਦੇ ਸ਼ਿਕਾਰ ਸਨ ਅਤੇ 2013 ‘ਚ ਇੱਥੇ 30 ਫੀਸਦੀ ਬੱਚੇ ਕੁਪੋਸ਼ਣ ਦੇ ਸ਼ਿਕਾਰ ਮਿਲੇ ਹਨ। ਵਿਸ਼ਵ ਦੇ 79.5 ਕਰੋੜ ਲੋਕ ਕੁਪੋਸ਼ਣ ਦੇ ਸ਼ਿਕਾਰ ਹਨ, ਨੌਂ ਵਿਅਕਤੀਆਂ ‘ਚੋਂ ਇੱਕ ਕੁਪੋਸ਼ਣ ਦਾ ਸ਼ਿਕਾਰ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਸਾਡੇ ਦੇਸ਼ ਦੀ 17.5 ਫੀਸਦੀ ਜਨਸੰਖਿਆ ਭਾਵ 21 ਕਰੋੜ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਇੱਕ ਅੰਦਾਜੇ ਮੁਤਾਬਕ ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਜਿਆਦਾ ਭੁੱਖਮਰੀ ਹੈ ਅਤੇ ਦੁਨੀਆਂ ਦੀ ਕੁੱਲ ਭੁੱਖਮਰੀ ਨਾਲ ਪੀੜਤ ਅਬਾਦੀ ਦਾ 25 ਫੀਸਦੀ ਭਾਗ ਭਾਰਤ ਵਿੱਚ ਨਿਵਾਸ ਕਰਦਾ ਹੈ। ਸਭ ਤੋਂ ਜਿਆਦਾ ਪ੍ਰਭਾਵਿਤ ਦੇਸ਼ਾਂ ਵਿੱਚ ਭਾਰਤ 19ਵੇਂ ਸਥਾਨ ‘ਤੇ ਸੀ।
ਵਿਸ਼ਵ ਬੈਂਕ ਅਨੁਸਾਰ ਦੁਨੀਆਂ ਦੇ 49 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ‘ਚੋਂ 34 ਫੀਸਦੀ ਬੱਚੇ ਭਾਰਤ ਵਿੱਚ ਹਨ। ਯੂਨੀਸੈੱਫ ਦੀ ਤਾਜਾ ਰਿਪੋਰਟ ਅਨੁਸਾਰ 42 ਫੀਸਦੀ ਬੱਚੇ ਭਾਰਤ ਵਿੱਚ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ। ਹਰੀ ਕ੍ਰਾਂਤੀ ਦੀ ਆਮਦ ਨਾਲ ਸਾਡੇ ਮੁਲਕ ‘ਚ ਅੰਨ ਦੇ ਉਤਪਾਦਨ ‘ਚ ਰਿਕਾਰਡ ਤੋੜ ਵਾਧਾ ਹੋਇਆ ਹੈ ਜਿਸਨੇ ਦੇਸ਼ ਦੀ ਅੰਨ ਭੰਡਾਰਨ ਸਮਰੱਥਾ ਨੂੰ ਲਬਰੇਜ਼ ਕੀਤਾ ਹੈ। ਬੇਤਹਾਸ਼ਾ ਅੰਨ ਦੀ ਪੈਦਾਵਾਰ ਹੋਣ ਦੇ ਬਾਵਜੂਦ ਗਰੀਬੀ ਦੀ ਦਲਦਲ ਕਾਰਨ ਦੇਸ਼ ਦੇ ਕਈ ਕਰੋੜ ਦੇਸ਼ ਵਾਸੀਆਂ ਦੀ ਪਹੁੰਚ ਤੋਂ ਦੂਰ ਹੈ ਜਿਸਦੀ ਗਵਾਹੀ ਦੇਸ਼ ਅੰਦਰ ਭੁੱਖਮਰੀ ਦੀਆਂ ਵਾਪਰਦੀਆਂ ਘਟਨਾਵਾਂ ਭਰਦੀਆਂ ਹਨ।
ਪਿਛਲੇ ਕਈ ਸਾਲਾਂ ਤੋਂ ਅਸਮਾਨ ਥੱਲੇ ਭੰਡਾਰ ਕੀਤਾ ਅਨਾਜ ਸੜ ਰਿਹਾ ਹੈ ਜਾਂ ਇੰਝ ਕਹਿ ਲਉ ਕਿ ਅਨਾਜ ਭੰਡਾਰਨ ਲਈ ਜਗ੍ਹਾ ਦੀ ਕਮੀ ਹੈ। ਇਸ ਪੂਰੇ ਘਟਨਾਕ੍ਰਮ ਦਾ ਨੋਟਿਸ ਲੈਂਦਿਆਂ ਦੇਸ਼ ਦੀ ਸਰਵਉੱਚ ਅਦਾਲਤ ਨੇ ਸਰਕਾਰ ਤੋਂ ਪੁੱਛਿਆ ਸੀ ਕਿ ਸੜ ਰਿਹਾ ਅਨਾਜ ਸਸਤੀ ਦਰ ‘ਤੇ ਗਰੀਬਾਂ ਨੂੰ ਕਿਉਂ ਨਹੀਂ ਵੰਡਿਆ ਜਾ ਰਿਹਾ ਹੈ। ਮਾਣਯੋਗ ਅਦਾਲਤ ਦੀ ਇਸ ਟਿੱਪਣੀ ਨੂੰ ਨਕਾਰਿਆ ਨਹੀਂ ਜਾ ਸਕਦਾ ਸੀ। ਬਾਅਦ ‘ਚ ਚਾਹੇ ਰਾਸ਼ਨ ਨਾਲ ਕਈ ਸਕੀਮਾਂ ਸਰਕਾਰਾਂ ਨੇ ਲਾਗੂ ਕੀਤੀਆਂ ਹਨ ਜੋ ਅਜੇ ਵੀ ਲੋੜਵੰਦਾਂ ਦੀ ਪਹੁੰਚ ਤੋਂ ਦੂਰ ਹਨ ਗਰੀਬੀ, ਭੁੱਖਮਰੀ ਤੋਂ ਤੰਗ ਆ ਕੇ ਲੋਕ ਹਰ ਤਰ੍ਹਾਂ ਦਾ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ ਜੋ ਉਨ੍ਹਾਂ ਨੂੰ ਲੋਕਾਂ ਦਾ ਗੁਲਾਮ ਬਣਾਉਂਦਾ ਹੈ। ਗਲੋਬਲ ਸਲੇਵਰੀ ਇੰਡੈਕਸ 2016 ਅਨੁਸਾਰ ਵਿਸ਼ਵ ‘ਚ 4 ਕਰੋੜ 50 ਲੱਖ ਲੋਕ ਗੁਲਾਮ ਹਨ।
ਦੁਨੀਆਂ ਦੇ 167 ਦੇਸ਼ਾਂ ਵਿੱਚ ਭਾਰਤ ਨੂੰ ਸਭ ਤੋਂ ਵੱਧ ਗੁਲਾਮਾਂ ਵਾਲਾ ਦੇਸ਼ ਐਲਾਨਿਆ ਹੈ। ਭਾਰਤ ਵਿੱਚ 1.83 ਕਰੋੜ ਲੋਕ ਗੁਲਾਮ ਹਨ। ਇਹ ਦੇਸ਼ ਦੀ ਕੁੱਲ ਅਬਾਦੀ ਦਾ 1.4 ਫੀਸਦੀ ਹੈ। ਗਰੀਬੀ ਮਿਟਾਉਣ ਦੇ ਨਾਅਰੇ ਲਾਉਣ ਵਾਲੇ ਖੁਦ ਮਿਟ ਗਏ ਪਰ ਇਸ ਦੈਂਤ ਨੂੰ ਨਹੀਂ ਮਾਰ ਸਕੇ। ਦੇਸ਼ ਅੰਦਰ ਇੱਕ ਪਾਸੇ ਲੋਕ ਜਿਆਦਾ ਖਾਣ ਕਰਕੇ ਮੋਟਾਪਾ ਅਤੇ ਇਸ ਤੋਂ ਪੈਦਾ ਹੁੰਦੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਹਨ। ਇਸਦੇ ਇਲਾਜ ਲਈ ਕਸਰਤ ਜਾਂ ਹੋਰ ਤਰੀਕੇ ਅਪਣਾਉਂਦੇ ਹਨ। ਦੂਜੇ ਪਾਸੇ ਗਰੀਬ ਲੋਕ ਹਨ ਜਿਨ੍ਹਾਂ ਨੂੰ ਖਾਣ ਨੂੰ ਪੂਰਾ ਖਾਣਾ ਵੀ ਨਸੀਬ ਨਹੀਂ ਹੁੰਦਾ।
ਇੱਥੋਂ ਦੇ ਲੋਕਾਂ ਦੀ ਗਰੀਬੀ ਦਾ ਮੁੱਖ ਕਾਰਨ ਅਨਪੜ੍ਹਤਾ, ਬੇਰੁਜਗਾਰੀ, ਸਹੀ ਨੀਤੀਆਂ ਦੀ ਕਮੀ, ਸਰਕਾਰਾਂ ਦੀ ਕਮਜੋਰ ਇੱਛਾ ਸ਼ਕਤੀ, ਭ੍ਰਿਸ਼ਟਾਚਾਰ ਆਦਿ ਹੈ। ਭ੍ਰਿਸ਼ਟਾਚਾਰ ਕਾਰਨ ਦੇਸ਼ ਦਾ ਅਰਬਾਂ ਰੁਪਇਆ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਪਿਆ ਹੈ ਤੇ ਹੁਣ ਵੀ ਜਮ੍ਹਾਂ ਹੋ ਰਿਹਾ ਹੈ ਜੋ ਕਾਲਾਧਨ ਹੋਣ ਕਾਰਨ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਦੇ ਅਹਿਮ ਦਿਨ ਕਾਲੇ ਕਰ ਰਿਹਾ ਹੈ। ਗਰੀਬੀ ਦੇ ਅਰਥ ਗੁਲਾਮੀ ਹਨ ਤੇ ਗੁਲਾਮੀ ਦੇ ਅਰਥ ਨਰਕ ਹੋ ਨਿੱਬੜਦੇ ਹਨ। ਗਰੀਬ ਲੋਕਾਂ ਦਾ ਨਾ ਤਾਂ ਸਰੀਰਕ ਵਿਕਾਸ ਹੁੰਦਾ ਹੈ ਤੇ ਨਾ ਹੀ ਮਾਨਸਿਕ। ਉਹ ਸਾਰੀ ਉਮਰ ਰੋਟੀ ਲਈ ਖਪਦੇ ਮਰ ਜਾਂਦੇ ਹਨ। ਇਸ ਲਈ ਸਰਕਾਰਾਂ ਅਤੇ ਲੋਕਾਂ ਨੂੰ?ਮਿਲ ਕੇ ਇਸ ਦਾ ਕੋਈ ਸਥਾਈ ਹੱਲ ਕੱਢਣਾ ਚਾਹੀਦਾ ਹੈ
ਚੱਕ ਬਖਤੂ, ਬਠਿੰਡਾ
ਮੋ. 94641-72783
-ਲੇਖਕ ਰੈਜ਼ੀਡੈਂਟ ਮੈਡੀਕਲ ਅਫਸਰ ਹੈ।
ਡਾ. ਗੁਰਤੇਜ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.