ਸਿਆਸਤ, ਮਰਿਆਦਾ ਤੇ ਲੋਕ ਮਸਲੇ
ਭਾਵੇਂ ਸਿਆਸਤ ’ਚ ਗਿਰਾਵਟ ਦਾ ਦੌਰ ਜਾਰੀ ਹੈ ਫਿਰ ਵੀ ਸਿਆਸੀ ਸਿਧਾਂਤਾਂ, ਆਦਰਸ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਗੰਭੀਰਤਾ, ਸੰਜਮ, ਸਦਭਾਵਨਾ, ਲੋਕ ਸੇਵਾ ਵਰਗੇ ਗੁਣਾਂ ਦੀ ਕਦਰ ਅੱਜ ਵੀ ਓਨੀ ਹੈ ਇਹੀ ਕਾਰਨ ਹੈ ਕਿ ਜਦੋਂ ਕੋਈ ਆਗੂ ਆਦਰਸ਼ਾਂ ਤੋਂ ਪਾਸੇ ਹੋ ਕੇ ਕਾਮਯਾਬੀ ਦਾ ਸ਼ਾਰਟਕੱਟ ਰਸਤਾ ਭਾਲੇ ਤਾਂ ਉਸ ਦੇ ਰਸਤੇ ਮੁਸ਼ਕਲ ਹੋ ਜਾਂਦੇ ਹਨ। ਤਾਜ਼ਾ ਮਾਮਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਾ ਹੈ। ਜਿਸ ਨੂੰ ਇੱਕ ਮਾਮਲੇ ’ਚ ਕੈਦ ਦੀ ਸ਼ਜਾ ਸੁਣਾਏ ਜਾਣ ’ਤੇ ਪਾਰਟੀ ਦੇ ਬਹੁਤੇ ਆਗੂਆਂ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ ਕੋਈ ਵੱਡਾ ਲੀਡਰ ਸਿੱਧੇ ਤੌਰ ’ਤੇ ਉਹਨਾਂ ਦੀ ਹਮਾਇਤ ’ਚ ਨਹੀਂ ਆਇਆ।
ਅਸਲ ’ਚ ਸਿੱਧੂ ਦੀ ਬਿਆਨਬਾਜ਼ੀ ਤੇ ਗਰਮ ਅੰਦਾਜ਼ ਪਾਰਟੀ ਆਗੂਆਂ ਨੂੰ ਫ਼ਿੱਟ ਨਹੀਂ ਆਇਆ। ਸਮਾਜ ਦੇ ਗੰਭੀਰ ਮਸਲਿਆਂ ਨੂੰ ਹਲਕੇ ਅੰਦਾਜ਼ ਤੇ ਗੈਰ-ਜਿੰਮੇਵਾਰਾਨਾ ਢੰਗ ਨਾਲ ਲੈਣ ਕਾਰਨ ਉਹ ਪਾਰਟੀ ’ਚ ਆਪਣੀ ਪਕੜ ਗੁਆ ਬੈਠੇ ਗ਼ੱਲ ਸਿਰਫ਼ ਕਾਂਗਰਸ ਦੀ ਨਹੀਂ ਸਗੋਂ ਭਾਜਪਾ ਸਮੇਤ ਹੋਰ ਵੱਡੀਆਂ ਪਾਰਟੀਆਂ ਨੇ ਅਨੁਸ਼ਾਸਨ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕੀਤਾ ਹੈ। ਭਾਜਪਾ ਦੇ ਜਿਹੜੇ ਆਗੂ ਪਾਰਟੀ ਲਾਈਨ ਤੋਂ ਹਟ ਕੇ ਤੱਤੇ-ਤਿੱਖੇ ਬਿਆਨ ਦਾ ਪੈਂਤਰਾ ਵਰਤਦੇ ਰਹੇ ਪਾਰਟੀ ਨੇ ਉਨ੍ਹਾਂ ’ਤੇ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਤੇ ਕਈਆਂ ਨੂੰ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ’ਚ ਟਿਕਟ ਤੋਂ ਵਾਂਝਾ ਕਰ ਦਿੱਤਾ। ਬਿਹਾਰ ’ਚ ਉਪ ਚੋਣਾਂ ਦੌਰਾਨ ਭਾਜਪਾ ਆਗੂ ਸੁਸ਼ੀਲ ਕੁਮਾਰ ਨੇ ਪਾਰਟੀ ਦੀ ਹਾਰ ਲਈ ਆਪਣੇ ਪਾਰਟੀ ਦੇ ਕੁਝ ਬੜਬੋਲੇ ਆਗੂਆਂ ਨੂੰ ਕਰੜੇ ਹੱਥੀਂ ਲਿਆ।
ਇਹੀ ਨਹੀਂ ਪਾਰਟੀਆਂ ਜਨਤਾ ’ਚ ਆਪਣਾ ਪੱਖ ਰੱਖਣ ਲਈ ਚੰਗੇ ਬੁਲਾਰੇ ਨਿਯੁਕਤ ਕਰਨ ਦੇ ਨਾਲ-ਨਾਲ ਆਪਣੇ ਵਿਧਾਇਕਾਂ, ਸਾਂਸਦਾਂ ਨੂੰ ਇਹ ਹਦਾਇਤ ਕਰ ਰਹੀਆਂ ਹਨ ਕਿ ਉਹ ਮੀਡੀਆ ’ਚ ਘੱਟ ਤੋਂ ਘੱਟ ਬੋਲਣ ਅਤੇ ਜਿਆਦਾ ਧਿਆਨ ਕੰਮ ਵੱਲ ਦੇਣ ਪਾਰਟੀਆਂ ਲੋਕਾਂ ਦੀ ਪਸੰਦ-ਨਾਪਸੰਦ ਵੇਖਣ ਲੱਗੀਆਂ ਹਨ। ਅਸਲ ’ਚ ਰਾਜਨੀਤੀ ਵੀ ਬਾਰੀਕ ਹੋ ਰਹੀ ਹੈ। ਬਿਆਨਬਾਜ਼ੀ ਖਤਮ ਹੋ ਰਹੀ ਹੈ ਚੋਟੀ ’ਤੇ ਬੈਠੇ ਆਗੂ ਨੂੰ ਸੋਚ-ਸਮਝ ਕੇ ਬੋਲਣਾ ਪੈ ਰਿਹਾ ਹੈ। ਅਸਲ ’ਚ ਸਿਆਸਤ ’ਚ ਕਾਮਯਾਬੀ ਸਿਰਫ਼ ਬਿਆਨਾਂ ਜਾਂ ਭਾਸ਼ਣਾਂ ਨਾਲ ਨਹੀਂ ਹਾਸਲ ਕੀਤੀ ਜਾ ਸਕਦੀ।
ਹੁਣ ਲੋਕ ਮੁੱਦਿਆਂ ਪ੍ਰਤੀ ਵਚਨਬੱਧਤਾ ਤੇ ਕੰਮ ਵੇਖਦੇ ਹਨ ਦੰਗੇ ਭੜਕਾਉਣ ਵਾਲੇ ਆਗੂਆਂ ਨੂੰ ਚੋਣਾਂ ’ਚ ਖਾਲੀ ਹੱਥ ਪਰਤਣਾ ਪੈਂਦਾ ਹੈ। ਕੋਈ ਵਿਅਕਤੀ ਸ਼ਬਦਾਂ ਦੀ ਜਾਦੂਗਰੀ ਨਾਲ ਕੁਝ ਨਹੀਂ ਕਰ ਸਕਦਾ, ਪਰਖ ਤਾਂ ਸਿਧਾਂਤਾਂ ਤੇ ਕੰਮ ਦੀ ਹੋਣੀ ਹੁੰਦੀ ਹੈ। ਦਬੰਗਤਾ ਸਿਆਸੀ ਕਾਮਯਾਬੀ ਦੀ ਕਾਬਲੀਅਤ ਨਹੀਂ ਰਹਿ ਗਈ ਨਿਮਰਤਾ, ਸਹਿਣਸ਼ੀਲਤਾ, ਦਲੀਲ, ਸਹਿਯੋਗ, ਵਿਹਾਰ ਹੀ ਸਿਆਸੀ ਆਗੂ ਦੀਆਂ ਵੱਡੀਆਂ ਨਿਸ਼ਾਨੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ