ਝਾਰਖੰਡ ’ਚ ਰਾਜਨੀਤਿਕ ਹਲਚਲ ਤੇਜ, ਯੂਪੀਏ ਵਿਧਾਇਕਾਂ ਦੀ ਮੁੱਖ ਮੰਤਰੀ ਆਵਾਸ ’ਚ ਬੈਠਕ
ਰਾਂਚੀ (ਏਜੰਸੀ)। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਆਫਿਸ ਆਫ ਪ੍ਰੋਫਿਟ ਮਾਮਲੇ ’ਚ ਭਾਰਤੀ ਚੋਣ ਕਮਿਸ਼ਨ ਤੋਂ ਸੀਲਬੰਦ ਲਿਫਾਫਾ ਮਿਲਣ ਤੋਂ ਬਾਅਦ ਸੂਬੇ ’ਚ ਸਿਆਸੀ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਹੈ। ਹੁਣ ਇਸ ਮੁੱਦੇ ’ਤੇ ਰਾਜਪਾਲ ਰਮੇਸ਼ ਬੈਸ ਦੇ ਫੈਸਲੇ ਦੀ ਉਡੀਕ ਹੈ। ਰਾਜਪਾਲ ਦੇ ਫੈਸਲੇ ਤੋਂ ਪਹਿਲਾਂ ਅੱਜ ਸਵੇਰੇ 11 ਵਜੇ ਤੋਂ ਯੂਪੀਏ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਹੈ। ਇਸ ਤੋਂ ਪਹਿਲਾਂ ਜੇਐਮਐਮ ਦੇ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਬੁਲਾਇਆ ਗਿਆ ਸੀ।
ਝਾਰਖੰਡ ਦੇ ਮੁੱਖ ਮੰਤਰੀ ਸੋਰੇਨ ਨੇ ਰਾਜ ਵਿੱਚ ਤਾਜ਼ਾ ਸਿਆਸੀ ਘਟਨਾਕ੍ਰਮ ਦੇ ਵਿਚਕਾਰ ਯੂਪੀਏ ਵਿਧਾਇਕਾਂ ਦੀ ਰਾਂਚੀ ਸਥਿਤ ਆਪਣੀ ਰਿਹਾਇਸ਼ ’ਤੇ ਮੀਟਿੰਗ ਸੱਦੀ ਹੈ। ਮੀਟਿੰਗ ਵਿੱਚ ਕੈਬਨਿਟ ਸਾਥੀ, ਵਿਧਾਇਕ, ਸੰਸਦ ਮੈਂਬਰ ਅਤੇ ਸੀਨੀਅਰ ਆਗੂ ਪਹੁੰਚ ਚੁੱਕੇ ਹਨ। ਇਸ ਮੀਟਿੰਗ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਿਹਤ ਮੰਤਰੀ ਬੰਨਾ ਗੁਪਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਨਾਲ ਖੜੀ ਹੈ ਅਤੇ ਪਾਰਟੀ ਹਾਈਕਮਾਂਡ ਵੱਲੋਂ ਜੋ ਵੀ ਹਦਾਇਤਾਂ ਦਿੱਤੀਆਂ ਜਾਣਗੀਆਂ, ਉਨ੍ਹਾਂ ਦੀ ਪੂਰੀ ਤਨਦੇਹੀ ਨਾਲ ਪਾਲਣਾ ਕੀਤੀ ਜਾਵੇਗੀ। ਇੱਥੇ ਝਾਰਖੰਡ ਮੁਕਤੀ ਮੋਰਚਾ ਅਤੇ ਕਾਂਗਰਸੀ ਵਿਧਾਇਕਾਂ ਨੂੰ ਛੱਤੀਸਗੜ੍ਹ ਭੇਜਣ ਦੀ ਚਰਚਾ ਸ਼ੁਰੂ ਹੋ ਗਈ ਹੈ।
ਕੀ ਹੈ ਮਾਮਲਾ?
ਝਾਰਖੰਡ ਮੁਕਤੀ ਮੋਰਚਾ ਦੇ ਜਨਰਲ ਸਕੱਤਰ ਅਤੇ ਬੁਲਾਰੇ ਸੁਪ੍ਰੀਓ ਭੱਟਾਚਾਰੀਆ ਨੇ ਦਾਅਵਾ ਕੀਤਾ ਹੈ ਕਿ ਰਾਜ ਵਿੱਚ ਹੇਮੰਤ ਸੋਰੇਨ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਦੇ ਕਈ ਵਿਧਾਇਕ ਵੀ ਉਨ੍ਹਾਂ ਦੇ ਨਾਲ ਜਾਣ ਲਈ ਸੰਪਰਕ ਵਿੱਚ ਹਨ। ਇੱਥੇ ਬੀਜੇਪੀ ਸੰਸਦ ਨਿਸ਼ੀਕਾਂਤ ਦੂਬੇ ਨੇ ਟਵੀਟ ਕਰਕੇ ਦਾਅਵਾ ਕੀਤਾ ਕਿ ਝਾਰਖੰਡ ਮੁਕਤੀ ਮੋਰਚਾ ਦੇ ਸੂਤਰਾਂ ਮੁਤਾਬਕ ਵਿਧਾਇਕਾਂ ਨੂੰ ਤਿੰਨ ਬੱਸਾਂ ਰਾਹੀਂ ਛੱਤੀਸਗੜ੍ਹ ਦੇ ਬਾਰਾਮੂਡਾ ਲਿਜਾਇਆ ਜਾ ਰਿਹਾ ਹੈ। ਦੂਬੇ ਨੇ ਕਿਹਾ ਕਿ ਭਾਜਪਾ ਦੇ ਨਾਲ-ਨਾਲ ਹੁਣ ਏਜੰਸੀ ਜੇਐੱਮਐੱਮ ਬਾਰੇ ਜਾਣਕਾਰੀ ਦਿੰਦੀ ਰਹੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ