ਸਿਆਸੀ ਮਿਲਣੀ : ਮਲੂਕਾ ਦੀ ਨਰਾਜ਼ਗੀ ਦੂਰ ਕਰਨ ਉਨ੍ਹਾਂ ਦੇ ਘਰ ਪੁੱਜੇ ਜਗਮੀਤ ਬਰਾੜ

ਮੌੜ ਤੇ ਰਾਮਪੁਰਾ ਹਲਕੇ ’ਚ ਰਲਕੇ ਪ੍ਰਚਾਰ ਕਰਨਗੇ ਬਰਾੜ ਤੇ ਮਲੂਕਾ

(ਸੁਖਜੀਤ ਮਾਨ) ਬਠਿੰਡਾ/ਮੌੜ ਮੰਡੀ। ਸ੍ਰੋਮਣੀ ਅਕਾਲੀ ਦਲ (ਬ) ਵੱਲੋਂ ਮੌੜ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਜਗਮੀਤ ਸਿੰਘ ਬਰਾੜ ਨੇ ਹਲਕੇ ’ਚ ਪੱਕੇ ਪੈਰੀਂ ਹੋਣ ਲਈ ਅੱਜ ਅਕਾਲੀ ਵਰਕਰਾਂ ਦੇ ਨਾਲ ਮੀਟਿੰਗਾਂ ਤੋਂ ਇਲਾਵਾ ਟਿਕਟ ਦੇ ਮਾਮਲੇ ’ਚ ਨਾਰਾਜ ਚੱਲ ਰਹੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਘਰ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵੀ ਅਕਾਲੀ ਵਰਕਰਾਂ ਨੂੰ ਬਰਾੜ ਦਾ ਸਾਥ ਦੇਣ ਦਾ ਹੋਕਾ ਦੇਣ ਲਈ ਮੌੜ ਪੁੱਜੇ ਸਨ, ਜਿੰਨ੍ਹਾਂ ਨੇ ਕਰੀਬ ਅੱਧੀ ਦਰਜ਼ਨ ਤੋਂ ਵੱਧ ਮੀਟਿੰਗਾਂ ਵਰਕਰਾਂ ਨਾਲ ਕਰਵਾਈਆਂ।

ਵੇਰਵਿਆਂ ਮੁਤਾਬਿਕ ਹਲਕਾ ਮੌੜ ਤੋਂ ਸ੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਸਿਕੰਦਰ ਸਿੰਘ ਮਲੂਕਾ ਚੋਣ ਲੜਨਾ ਚਾਹੁੰਦੇ ਸਨ ਪਰ ਪਾਰਟੀ ਹਾਈਕਮਾਂਡ ਨੇ ਜਗਮੀਤ ਸਿੰਘ ਬਰਾੜ ਨੂੰ ਟਿਕਟ ਦੇ ਦਿੱਤੀ ਇਸ ਟਿਕਟ ਦੇ ਐਲਾਨ ਮਗਰੋਂ ਵੀ ਸਿਕੰਦਰ ਸਿੰਘ ਮਲੂਕਾ ਨੇ ਪਹਿਲਾਂ ਵਾਲੀ ਗੱਲ ਦੁਹਰਾਈ ਕਿ ਉਹ ਰਾਮਪੁਰਾ ਤੋਂ ਚੋਣ ਨਹੀਂ ਲੜਨਗੇ ਤੇ ਹਲਕਿਆਂ ’ਚ ਉਮੀਦਵਾਰ ਵਰਕਰਾਂ ਦੀ ਸਲਾਹ ਨਾਲ ਉਤਾਰੇ ਜਾਣ ਉਨ੍ਹਾਂ ਦੇ ਇਸ ਬਿਆਨ ਮਗਰੋਂ ਕਿਆਸ ਲਗਾਏ ਜਾ ਰਹੇ ਸੀ ਕਿ ਉਹ ਹਾਈ ਕਮਾਂਡ ਦੇ ਫੈਸਲੇ ਤੋਂ ਨਾਰਾਜ ਹਨ

ਉਨ੍ਹਾਂ ਦੀ ਇਸ ਨਰਾਜ਼ਗੀ ਦੇ ਚਲਦਿਆਂ ਅੱਜ ਜਗਮੀਤ ਸਿੰਘ ਬਰਾੜ, ਮਲੂਕਾ ਦੀ ਰਿਹਾਇਸ਼ ’ਤੇ ਪੁੱਜੇ ਇਸ ਮੌਕੇ ਹੋਈ ਗੱਲਬਾਤ ਦੇ ਜੋ ਵੇਰਵੇ ਮਿਲੇ ਹਨ ਉਸ ਮੁਤਾਬਿਕ ਬਰਾੜ ਨੇ ਮਲੂਕਾ ਨੂੰ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਾ ਹੈ ਇਸ ਲਈ ਦੋਵੇਂ ਰਲਕੇ ਇੱਕ-ਦੂਜੇ ਦੇ ਹਲਕੇ ’ਚ ਪ੍ਰਚਾਰ ਕਰਨਗੇ ਇਸ ਤੋਂ ਪਹਿਲਾਂ ਅੱਜ ਮੌੜ ਮੰਡੀ ਵਿਖੇ ਮੀਟਿੰਗਾਂ ਦੌਰਾਨ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਲੋਕ ਮੁੱਦਿਆਂ ਨੂੰ ਲੈ ਕੇ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ ਇਸ ਮੌਕੇ ਜਨਮੇਜਾ ਸਿੰਘ ਸੇਖੋਂ ਨੇ ਅਕਾਲੀ ਸਰਕਾਰ ਦੌਰਾਨ ਆਪਣੇ ਵੱਲੋਂ ਮੌੜ ਹਲਕੇ ’ਚ ਕਰਵਾਏ ਵਿਕਾਸ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਤੇ ਰਹਿੰਦੇ ਕਾਰਜ਼ਾਂ ਨੂੰ ਪੂਰਾ ਕਰਵਾਉਣ ਲਈ ਜਗਮੀਤ ਸਿੰਘ ਬਰਾੜ ਦਾ ਸਾਥ ਦੇਣ ਦਾ ਸੱਦਾ ਦਿੱਤਾ।

ਦੱਸਣਯੋਗ ਹੈ ਕਿ ਮਲੂਕਾ ਨੂੰ ਪਾਰਟੀ ਨੇ ਰਾਮਪੁਰਾ ਤੋਂ ਉਮੀਦਵਾਰ ਐਲਾਨਿਆ ਹੋਇਆ ਹੈ ਪਰ ਉਨ੍ਹਾਂ ਰਾਮਪੁਰਾ ਤੋਂ ਚੋਣ ਲੜਨ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਰਾਮਪੁਰਾ ਤੋਂ ਉਨ੍ਹਾਂ ਦਾ ਬੇਟਾ ਗੁਰਪ੍ਰੀਤ ਮਲੂਕਾ ਹੀ ਚੋਣ ਲੜੇਗਾ ਉਹ ਮੌੜ ਤੋਂ ਟਿਕਟ ਦੇ ਚਾਹਵਾਨ ਸਨ ਪਰ ਪਾਰਟੀ ਨੇ ਮੌੜ ਤੋਂ ਉਨ੍ਹਾਂ ਦੀ ਥਾਂ ਜਗਮੀਤ ਬਰਾੜ ਨੂੰ ਉਮੀਦਵਾਰ ਬਣਾ ਦਿੱਤਾ ਹੈ ਆਉਣ ਵਾਲੇ ਦਿਨਾਂ ’ਚ ਜੇਕਰ ਪਾਰਟੀ ਹਾਈ ਕਮਾਂਡ ਨੇ ਹਲਕਾ ਮੌੜ ’ਚ ਪਿਆ ਇਹ ਟਿਕਟ ਵਾਲਾ ਰੇੜ੍ਹਕਾ ਖਤਮ ਨਾ ਕੀਤਾ ਤਾਂ ਪਾਰਟੀ ’ਚ ਸਿਆਸੀ ਘਮਾਸਾਨ ਵਧਣ ਦੇ ਆਸਾਰ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ