ਸਿਆਸੀ ਬਦਲੀਆਂ ਤੇ ਸਿਧਾਂਤ
ਰਾਜਨੀਤੀ ’ਚ ਸਿਧਾਂਤ ਅਜੇ ਟਿਕਦਾ ਨਜ਼ਰ ਨਹੀਂ ਆ ਰਿਹਾ ਸਮੇਂ ਦੀ ਰਫ਼ਤਾਰ ਨਾਲ ਸਿਆਸਤ ’ਚ ਤਬਦੀਲੀ ਵੀ ਰਫ਼ਤਾਰ ਨਾਲ ਆ ਰਹੀ ਹੈ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਕਾਂਗਰਸ ਦੇ ਚਾਰ ਸਾਬਕਾ ਮੰਤਰੀ ਤੇ ਇੱਕ ਸਾਬਕਾ ਵਿਧਾਇਕ ਭਾਜਪਾ ਦੇ ਜਹਾਜ਼ ’ਚ ਸਵਾਰ ਹੋ ਗਏ ਹਨ ਇਹ ਪਹਿਲੀ ਵਾਰ ਹੋਇਆ ਜਦੋਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇੰਨੀ ਵੱਡੀ ਤਬਦੀਲੀ ਆਈ ਹੋਵੇ ਆਮ ਤੌਰ ’ਤੇ ਜ਼ਿਆਦਾ ਆਗੂ ਚੋਣਾਂ ਤੋਂ ਪਹਿਲਾਂ ਜਾਂ ਨੇੜੇ ਆ ਕੇ ਹੀ ਪਲਟੀ ਮਾਰਦੇ ਹਨ
ਜਦੋਂ ਕਿਸੇ ਆਗੂ ਨੂੰ ਆਪਣੀ ਪਾਰਟੀ ਵੱਲੋਂ ਟਿਕਟ ਨਾ ਮਿਲੇ ਤਾਂ ਦੂਜੀ ਪਾਰਟੀ ਟਿਕਟ ਫੜਾ ਕੇ ਆਪਣੇ ਵੱਲ ਕਰ ਲੈਂਦੀ ਹੈ ਸਿਆਸਤ ’ਚ ਦਲਬਦਲੀ ਨੂੰ ਬੁਰਾਈ ਵਜੋਂ ਵੇਖਿਆ ਜਾਂਦਾ ਹੈ ਪਰ ਜਿੱਥੋਂ ਤੱਕ ਪੰਜਾਬ ਦਾ ਸਬੰਧ ਹੈ ਵੱਡੇ ਪੱਧਰ ’ਤੇ ਇਸ ਦਲਬਦਲੀ ਨੂੰ ਕਾਂਗਰਸ ਦੇ ਸੂਬਾ ਲੀਡਰਸ਼ਿਪ ਦੇ ਗਲਤ ਫੈਸਲਿਆਂ ਦਾ ਨਤੀਜਾ ਮੰਨਿਆ ਜਾ ਰਿਹਾ ਹੈ
ਇਸ ਦਾ ਠੀਕਰਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਰ ਭੱਜਦਾ ਨਜ਼ਰ ਆ ਰਿਹਾ ਹੈ ਦਰਅਸਲ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵੱਲੋਂ ਲਗਾਤਾਰ ਦੂਜੀ ਜਿੱਤ ਦੁਹਰਾਉਣ ਲਈ ਜਿੰਨੇ ਵੱਡੇ ਪੱਧਰ ’ਤੇ ਤਜ਼ਰਬੇ ਕੀਤੇ ਗਏ ਉਹਨਾਂ ’ਚ ਪੂਰੀ ਕਮੇਟੀ ਦੀ ਬਜਾਇ ਚੰਦ ਆਗੂਆਂ ਦੀ ਜ਼ਿਆਦਾ ਮੰਨੀ ਗਈ ਚੰਨੀ ਨੇ ਆਪਣੀ ਕੈਬਨਿਟ ’ਚ ਪੁਰਾਣੇ ਮੰਤਰੀ ਛਾਂਗਣ ਲੱਗਿਆਂ ਮੰਤਰੀ ਦੀ ਕਾਬਲੀਅਤ ਤੇ ਰਿਕਾਰਡ ਨੂੰ ਜਾਂਚਣ ਦੀ ਬਜਾਇ ਸਿਰਫ਼ ਕੈਪਟਨ ਪੱਖੀਆਂ ’ਤੇ ਹੀ ਕੈਂਚੀ ਚਲਾ ਦਿੱਤੀ ਕੈਪਟਨ ਨੇੜਲੇ ਕੁਝ ਮੰਤਰੀ ਜਿਨ੍ਹਾਂ ਦੀ ਸ਼ਿਕਾਇਤ ਦਾ ਕੋਈ ਰਿਕਾਰਡ ਨਹੀਂ ਸੀ
ਉਹਨਾਂ ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਰਾਣਾ ਗੁਰਮੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਕਾਂਗੜ ਤੇ ਬਲਬੀਰ ਸਿੰਘ ਸਿੱਧੂ ਖਿਲਾਫ਼ ਨਾ ਤਾਂ ਕੋਈ ਦਮਦਾਰ ਜਨਤਕ ਸ਼ਿਕਾਇਤ ਸੀ ਤੇ ਨਾ ਹੀ ਵਿਰੋਧੀਆਂ ਕੋਲ ਕੋਈ ਮੁੱਦਾ ਸੀ ਮੰਤਰੀ ਘਰ ਬੈਠ ਗਏ ਅਤੇ ਚੋਣਾਂ ਹਾਰ ਗਏ ਪਰ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦਾ ਦਰਦ ਨਹੀਂ ਭੁੱਲੇ ਚੰਨੀ ਦੀ ਗਲਤੀ ਦਾ ਖਾਮਿਆਜਾ ਕਾਂਗਰਸ ਨੂੰ ਭੁਗਤਣਾ ਪੈ ਰਿਹਾ ਉਂਜ ਰਾਜ ਕੁਮਾਰ ਵੇਰਕਾ ਨੂੰ ਚੰਨੀ ਕੈਬਨਿਟ ’ਚ ਜਗ੍ਹਾ ਮਿਲ ਗਈ ਸੀ
ਪਰ ਉਹ ਕੈਪਟਨ ਪੱਖੀ ਹੋਣ ਦੇ ਬਾਵਜੂਦ ਨਵਜੋਤ ਸਿੱਧੂ ਪ੍ਰਤੀ ਨਾਪਸੰਦਗੀ ਦਾ ਗੁੱਸਾ ਦਿਲ ’ਚ ਲੈ ਕੇ ਬੈਠੇ ਰਹੇ ਤੇ ਆਖਰ ਉਹਨਾਂ ਵੀ ਭਾਜਪਾ ਦਾ ਪੱਲਾ ਫੜ ਲਿਆ ਓਧਰ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ, ਜੋ ਚੋਣਾਂ ਤੋਂ ਪਹਿਲਾਂ ਪਾਰਟੀ ਨਾਲ ਆਪਣੇ ਗੁੱਸੇ ਤੇ ਇਤਰਾਜ਼ ਜਾਹਿਰ ਕਰ ਚੁੱਕੇ ਸਨ, ਨੇ ਭਾਜਪਾ ਨਾਲ ਹੱਥ ਮਿਲਾ ਲਿਆ ਹੈ ਜਿੱਥੋਂ ਤੱਕ ਸਿਆਸੀ ਨਫ਼ੇ-ਨੁਕਸਾਨ ਦਾ ਸਬੰਧ ਹੈ ਭਾਜਪਾ ਲਈ ਇਹ ਮਜ਼ਬੂਤ ਸਥਿਤੀ ਵਾਲੀ ਗੱਲ ਹੈ ਭਾਜਪਾ ਨੇ ਭਿ੍ਰਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਰਹੇ ਕਾਂਗਰਸ ਦੇ ਸਾਬਕਾ ਮੰਤਰੀਆਂ ਤੋਂ ਪਾਸਾ ਵੱਟਿਆ ਹੋਇਆ ਹੈ
ਇਹ ਘਟਨਾਚੱਕਰ 2024 ਦੀਆਂ ਲੋਕ ਸਭਾ ਚੋਣਾਂ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਵੱਡੀ ਤੇ ਮਜ਼ਬੂਤ ਤਿਆਰੀ ਦਾ ਸੰਦੇਸ਼ ਹੈ ਕਾਂਗਰਸ ’ਚ ਵੱਡੀ ਚਰਚਾ ਇਹੀ ਛਿੜਨ ਦੇ ਆਸਾਰ ਬਣ ਗਏ ਹਨ ਕਿ ਚਰਨਜੀਤ ਸਿੰਘ ਚੰਨੀ ਨੂੰ ਮੱੁਖ ਮੰਤਰੀ ਬਣਾਉਣ ਤੇ ਉਹਨਾਂ ਦੀ ਅਗਵਾਈ ’ਚ ਵੱਡੇ ਫੈਸਲੇ ਲੈਣੇ ਪਾਰਟੀ ਨੂੰ ਮਹਿੰਗੇ ਪਏ ਹਨ ਹੁਣ ਕਾਂਗਰਸ ਨੂੰ ਮਜ਼ਬੂਤ ਵਿਰੋਧੀ ਧਿਰ ਵਜੋਂ ਸਥਾਪਿਤ ਰਹਿਣ ਤੇ ਅਗਲੇਰੀਆਂ ਚੋਣਾਂ ਦੀ ਤਿਆਰੀ ਲਈ ਪਾਰਟੀ ਅੰਦਰਲੀ ਹਲਚਲ ਨੂੰ ਨਿਰਪੱਖ ਤੇ ਖੁੱਲ੍ਹੇ ਮਨ ਨਾਲ ਸਮਝਣ ਤੇ ਪੜਤਾਲਣ ਦਾ ਸਮਾਂ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ