ਕਿਸਾਨ-ਮਜ਼ਦੂਰ ਮੋਰਚਾ ਵੱਲੋਂ ਪੰਜਾਬ ਦੇ 19 ਜ਼ਿਲ੍ਹਿਆਂ ‘ਚ 26 ਥਾਵਾਂ ’ਤੇ ਰੋਕਣਾ ਸੀ ਰੇਲ ਟਰੈਕ
- ਸੁਨਾਮ ਨੂੰ ਆਉਣ ਵਾਲੇ ਵੱਖ-ਵੱਖ ਰਾਹਾਂ ’ਤੇ ਕੀਤੀ ਭਾਰੀ ਪੁਲਿਸ ਫੋਰਸ ਤੈਨਾਤ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ। ਕਿਸਾਨ ਮਜ਼ਦੂਰ ਮੋਰਚਾ (ਭਾਰਤ) ਚੈਪਟਰ ਪੰਜਾਬ ਵੱਲੋਂ 19 ਜ਼ਿਲ੍ਹਿਆਂ ਵਿੱਚ 26 ਥਾਵਾਂ ’ਤੇ ਬਿਜਲੀ ਸੋਧ ਬਿਲ 2025 ਦਾ ਖਰੜਾ ਰੱਦ ਕਰਾਉਣ, ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰ ਲਵਾਉਣ, ਜਨਤਕ ਜਾਇਦਾਦਾਂ ਭਗਵੰਤ ਮਾਨ ਸਰਕਾਰ ਵੱਲੋਂ ਜਬਰੀ ਵੇਚਣ ਦੇ ਵਿਰੋਧ ਅਤੇ ਹੋਰ ਮਸਲਿਆਂ ਦੇ ਸਬੰਧ ਵਿੱਚ ਅੱਜ 5 ਦਸੰਬਰ ਨੂੰ 1 ਵਜੇ ਤੋਂ 3 ਵਜੇ ਤੱਕ ਦੋ ਘੰਟੇ ਦਾ ਸੰਕੇਤਕ ਰੇਲ ਪਹੀਆ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ: Punjab: ਬੀਐਸਐਫ ਨੇ ਪੰਜ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ, ਵੱਡੀ ਮਾਤਰਾ ਵਿੱਚ ਹੈਰੋਇਨ ਜ਼ਬਤ
ਜਿਸ ਤਹਿਤ ਉਕਤ ਜਥੇਬੰਦੀਆਂ ਵੱਲੋਂ ਸੁਨਾਮ ਸ਼ਹੀਦ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ ’ਤੇ ਰੇਲ ਦਾ ਪਹੀਆ ਜਾਮ ਕਰਨ ਦਾ ਪ੍ਰੋਗਰਾਮ ਮਿਥਿਆ ਹੋਇਆ ਸੀ। ਪ੍ਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਸਨਾਮ ਸ਼ਹਿਰ ਨੂੰ ਆਉਣ ਵਾਲੇ ਵੱਖ-ਵੱਖ ਰਾਹਾਂ ਦੇ ਉੱਪਰ ਵੱਡੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਤੈਨਾਤ ਕਰਕੇ ਕਿਸੇ ਵੀ ਧਰਨਾਕਾਰੀ ਨੂੰ ਸੁਨਾਮ ਰੇਲਵੇ ਸਟੇਸ਼ਨ ਵਿਖੇ ਨਹੀਂ ਪਹੁੰਚਣ ਦਿੱਤਾ ਗਿਆ। ਸੁਨਾਮ ਦੇ ਰੇਲਵੇ ਸਟੇਸ਼ਨ ਤੇ ਐੱਸ.ਐੱਸ.ਪੀ ਸੰਗਰੂਰ ਸ੍ਰੀ ਸਰਤਾਜ ਸਿੰਘ ਚਾਹਲ ਆਪ ਖੁਦ ਸਥਿਤੀ ਦਾ ਜਾਇਜ਼ਾ ਲੈਣ ਪੁੱਜੇ। ਇਸ ਸਮੇਂ ਉਹਨਾਂ ਦੇ ਨਾਲ ਐੱਸ.ਪੀ (ਐੱਚ) ਰਾਜੇਸ਼ ਛਿੱਬਰ ਅਤੇ ਹੋਰ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਜ਼ੂਦ ਸਨ।

ਐੱਸ.ਐੱਸ.ਪੀ ਸੰਗਰੂਰ ਆਪ ਖੁਦ ਸਥਿਤੀ ਦਾ ਜਾਇਜ਼ਾ ਲੈਣ ਸੁਨਾਮ ਪੁੱਜੇ
ਸੁਨਾਮ ਰੇਲਵੇ ਸਟੇਸਨ ’ਤੇ ਵੀ ਪੁਲਿਸ ਫੋਰਸ ਤੈਨਾਤ ਕੀਤੀ ਹੋਈ ਸੀ ਅਤੇ ਐੱਸ.ਐੱਸ.ਪੀ ਚਾਹਲ ਵੱਲੋਂ ਪੁਲਿਸ ਨੂੰ ਪੂਰੇ ਦਿਸਾ-ਨਿਰਦੇਸ਼ ਦਿੱਤੇ ਹੋਏ ਸਨ ਕਿ ਕਿਸੇ ਪਾਸੇ ਤੋਂ ਵੀ ਰੇਲਵੇ ਟਰੈਕ ’ਤੇ ਕੋਈ ਵੀ ਧਰਨਾਕਾਰੀ ਆਉਣ ਨਹੀਂ ਦੇਣਾ ਚਾਹੀਦਾ। ਇਸ ਸਭ ਦੇ ਚਲਦੇ ਸੁਨਾਮ ‘ਚ ਤਾਂ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਰਹੀ ਕਿਉਂਕਿ ਕਿਸੇ ਵੀ ਧਰਨਾਕਾਰੀ ਨੂੰ ਸੁਨਾਮ ਦੇ ਵਿੱਚ ਐਂਟਰ ਹੀ ਨਹੀਂ ਹੋਣ ਦਿੱਤਾ ਗਿਆ। ਹੁਣ ਜਦੋਂਕਿ ਧਰਨਾਕਾਰੀਆਂ ਨੂੰ ਸੁਨਾਮ ਵਿਖੇ ਨਹੀਂ ਆਉਣ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਛਾਜਲੀ ਰੇਲਵੇ ਸਟੇਸ਼ਨ ’ਤੇ ਰੇਲ ਟਰੈਕ ਰੋਕਣ ਦੀ ਖਬਰ ਸਾਹਮਣੇ ਆ ਰਹੀ ਸੀ।
ਅਸੀਂ ਪੂਰੇ ਅਲਰਟ ਹਾਂ, ਟਰੇਨਾਂ ਆ-ਜਾ ਰਹੀਆਂ ਹਨ : ਰਾਜੇਸ਼ ਛਿੱਬਰ
ਇਸ ਮੌਕੇ ਸੁਨਾਮ ਰੇਲਵੇ ਸਟੇਸ਼ਨ ਤੇ ਐੱਸ.ਪੀ (ਐੱਚ) ਰਾਜੇਸ਼ ਛਿੱਬਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪੂਰੇ ਅਲਰਟ ਹਾਂ ਅਤੇ ਇੱਥੇ ਟਰੇਨਾਂ ਪੂਰੇ ਸੁਖਾਵੇ ਮਾਹੌਲ ਦੇ ਵਿੱਚ ਆ-ਜਾ ਰਹੀਆਂ ਹਨ, ਕਿਸੇ ਵੀ ਯਾਤਰੀ ਰਾਹਗੀਰ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। Sunam News














