ਸ਼ਗਨ ਦੇ ਪ੍ਰੋਗਰਾਮ ’ਚ ਪੁਲਿਸ ਵੱਲੋਂ ‘ਸਲਾਮੀ’

ਹੋਟਲ ਮੈਨੇਜ਼ਰ ਖਿਲਾਫ਼ ਮਾਮਲਾ ਦਰਜ਼, ਜ਼ਮਾਨਤ ’ਤੇ ਰਿਹਾਅ

ਬਠਿੰਡਾ (ਸੁਖਜੀਤ ਮਾਨ)। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲਗਾਏ ਗਏ ਮਿੰਨੀ ਲਾਕਡਾਊਨ ਦੀ ਉਲੰਘਣਾ ਕਰਨ ਵਾਲੇ ਲਗਾਤਾਰ ਪੁਲਿਸ ਦੇ ਨਿਸ਼ਾਨੇ ’ਤੇ ਹਨ। ਬਠਿੰਡਾ ’ਚ ਕੱਲ ਇੱਕ ਹੋਟਲ ’ਚ ਚੱਲ ਰਹੀ ਰਿੰਗ ਸੈਰਾਮਨੀ ਵੀ ਵੱਧ ਇਕੱਠ ਕਾਰਨ ਪੁਲਿਸ ਦੀ ਅੱਖ ਤੋਂ ਨਹੀਂ ਬਚ ਸਕੀ। ਪੁਲਿਸ ਨੇ ਉਲੰਘਣਾ ਦੇ ਮਾਮਲੇ ’ਚ ਹੋਟਲ ਮੈਨੇਜਰ ਖਿਲਾਫ਼ ਮਾਮਲਾ ਦਰਜ਼ ਕਰਕੇ ਉਸਨੂੰ ਗਿ੍ਰਫ਼ਤਾਰ ਕਰ ਲਿਆ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਬੀਤੇ ਦਿਨੀਂ ਅਮਰੀਕ ਸਿੰਘ ਰੋਡ ’ਤੇ ਸਥਿਤ ਹੋਟਲ ਸਨਸਿਟੀ ਕਲਾਸਿਕ ’ਚ ਹੋਟਲ ਮੈਨੇਜਰ ਨੇ ਹੋਟਲ ’ਚ ਰਿੰਗ ਸੈਰਾਮਨੀ ਦਾ ਪ੍ਰੋਗਰਾਮ ਰੱਖਿਆ ਹੋਇਆ ਹੋਇਆ ਜਿਸ ’ਚ 20 ਵਿਅਕਤੀਆਂ ਦਾ ਇਕੱਠ ਸੀ। ਪੁਲਿਸ ਨੂੰ ਸੂਚਨਾ ਮਿਲੀ ਤਾਂ ਮੌਕੇ ’ਤੇ ਪੁੱਜਕੇ ਅਬਰਾਹਿਮ ਟੀ.ਜੇ. ਪੁੱਤਰ ਜੋਸ਼ਫ ਟੀ.ਵੀ. ਵਾਸੀ ਮਾਲ ਰੋਡ ਬਠਿੰਡਾ ਨੂੰ ਗਿ੍ਰਫ਼ਤਾਰ ਕਰਕੇ ਉਸ ਖਿਲਾਫ਼ ਧਾਰਾ 188, 269, 270, ਸੈਕਸ਼ਨ-51 ਡੀਐਮ ਐਕਟ-05 ਤਹਿਤ ਮਾਮਲਾ ਦਰਜ਼ ਕਰ ਲਿਆ। ਮੁਲਜ਼ਮ ਨੂੰ ਪੁਲਿਸ ਨੇ ਬਾਅਦ ’ਚ ਬਰਜਮਾਨਤ ਰਿਹਾਅ ਕਰ ਦਿੱਤਾ।

ਸ਼ਹਿਰ ’ਚ ਪੁਲਿਸ ਕਰਦੀ ਹੈ ਗਸ਼ਤ

ਕਰਫਿਊ ਦਾ ਸਮਾਂ ਸ਼ੁਰੂ ਹੁੰਦਿਆਂ ਹੀ ਪੁਲਿਸ ਵੱਲੋਂ ਸ਼ਹਿਰ ’ਚ ਗਸ਼ਤ ਤੇਜ਼ ਕਰ ਦਿੱਤੀ ਜਾਂਦੀ ਹੈ। ਜੋ ਦੁਕਾਨਦਾਰ ਮਿਥੇ ਸਮੇਂ ਤੋਂ ਬਾਅਦ ਵੀ ਆਪਣੀਆਂ ਦੁਕਾਨਾਂ ਖੁੱਲੀਆਂ ਰੱਖਦੇ ਹਨ ਪੁਲਿਸ ਵੱਲੋਂ ਸਖਤੀ ਨਾਲ ਉਨਾਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਜਾਂਦੀਆਂ ਹਨ। ਪ੍ਰਸ਼ਾਸ਼ਨ ਨੇ ਦੁਕਾਨਦਾਰਾਂ ਸਮੇਤ ਹੋਰ ਕਾਰੋਬਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਤੋਂ ਬਚਾਅ ਲਈ ਸਰਕਾਰ ਵੱਲੋਂ ਤੈਅ ਕੀਤੇ ਨਿਯਮਾਂ ਦੀ ਪਾਲਣਾ ਕਰਨ।

ਬਠਿੰਡਾ : ਓਪਨ ਜ਼ੇਲ ’ਚ ਤਾਇਨਾਤ ਪੁਲਿਸ।

ਉਲੰਘਣਾ ਕਰਨ ਵਾਲਿਆਂ ਲਈ ਬਣਾਈ ਓਪਨ ਜ਼ੇਲ

ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜ਼ੂਦ ਵੀ ਜੋ ਲੋਕ ਨਿਯਮਾਂ ਨੂੰ ਨਹੀਂ ਮੰਨਦੇ ਅਤੇ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਿੱਕਲਦੇ ਹਨ ਤਾਂ ਉਨਾਂ ਲਈ ਓਪਨ ਜ਼ੇਲ ਬਣਾਈ ਗਈ ਹੈ। ਜ਼ਿਲਾ ਮੈਜਿਸਟ੍ਰੇਟ ਦੇ ਹੁਕਮਾਂ ਤਹਿਤ ਗੋਲ ਡਿੱਗੀ ਨੇੜੇ ਸਥਿਤ ਐਸਐਸਡੀ ਸੀਨੀਅਰ ਸੈਕੰਡਰੀ ਸਕੂਲ ਨੂੰ ਓਪਨ ਜ਼ੇਲ ਬਣਾਇਆ ਗਿਆ ਹੈ। ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੁਲਿਸ ਵੱਲੋਂ ਇਸ ਓਪਨ ਜ਼ੇਲ ’ਚ ਬੰਦ ਕੀਤਾ ਜਾਂਦਾ ਹੈ।