ਪੁਲਿਸ ਨੇ ਸਰਹੰਦ ਨਹਿਰ ‘ਚ ਡਿੱਗੀ ਕਾਰ ਤੇ ਸੋਨੂੰ ਉਰਫ ਪੂਜਾ ਦੀ ਲਾਸ਼ ਨੂੰ ਬਾਹਰ ਕਢਵਾਇਆ

ਮਾਮਲੇ ਸਬੰਧੀ ਕੀਤੀ ਧਾਰਾ 174 ਦੀ ਕਾਰਵਾਈ

ਲੰਬੀ/ਮੰਡੀ ਕਿੱਲਿਆਂਵਾਲੀ, (ਮੇਵਾ ਸਿੰਘ) ਬੀਤੇ ਕੱਲ੍ਹ ਮੁੱਖ ਮਾਰਗ ਨੰ: 9 ਤੋਂ ਲੰਘਦੀ ਸਰਹਿੰਦ ਨਹਿਰ ‘ਚ ਸ਼ੱਕੀ ਹਾਲਤ ‘ਚ ਡਿੱਗੀ ਕਾਰ ਤੇ ਉਸ ਵਿੱਚ ਸਵਾਰ ਕਾਰ ਚਾਲਕ ਵੇਦ ਪ੍ਰਕਾਸ਼ ਦੀ ਪਤਨੀ ਸੋਨੂੰ ਉਰਫ ਪੂਜਾ ਦੀ ਲਾਸ਼ ਨੂੰ ਬਾਹਰ ਕੱਢ ਲਿਆ ਅੱਜ ਪੁਲਿਸ ਨੇ ਉਚ ਅਧਿਕਾਰੀਆਂ ਪਰਮਜੀਤ ਸਿੰਘ ਡੋਡ ਡੀ.ਐਸ.ਪੀ., ਜਤਿੰਦਰ ਸਿੰਘ ਐਸ.ਐਚ.ਓ. ਲੰਬੀ,ਸੁਖਦੇਵ ਸਿੰਘ ਏ.ਐਸ.ਆਈ. ਚੈਕ ਪੋਸਟ ਆਧਨੀਆਂ ਤੇ ਹੋਰ ਪੁਲਿਸ ਅਫ਼ਸਰਾਂ ਦੀ ਨਿਗਰਾਨੀ ਹੇਠ ਨਹਿਰ ‘ਚ ਸਰਚ ਅਭਿਆਨ ਚਲਵਾਇਆ। ਜ਼ਿਕਰਯੋਗ ਹੈ ਬੀਤੇ ਕੱਲ੍ਹ ਉਕਤ ਕਾਰ ਮਲੋਟ ਤੋਂ ਲੰਬੀ ਵੱਲ ਨੂੰ ਜਾਂਦਿਆਂ ਜਿਸ ਨੂੰ ਵੇਦ ਪ੍ਰਕਾਸ਼ ਵਾਸੀ ਮਹਿਣਾ ਚਲਾ ਰਿਹਾ ਸੀ, ਤੇ ਉਸ ਦੇ ਨਾਲ ਉਸ ਦੀ ਪਤਨੀ ਸੋਨੂੰ ਉਰਫ ਪੂਜਾ ਵੀ ਮੌਜ਼ੂਦ ਸੀ।

ਚੈੱਕ ਪੋਸਟ ਆਧਨੀਆਂ ਦੇ ਪੁਲਿਸ ਮੁਲਾਜਮਾਂ ਅਨੁਸਾਰ ਬੀਤੇ ਕੱਲ੍ਹ ਉਕਤ ਕਾਰ ਜਦੋਂ ਸਰਹਿੰਦ ਨਹਿਰ ਕੋਲ ਪਹੁੰਚੀ ਤਾਂ ਇਹ ਕਾਰ ਆਧਨੀਆਂ ਵਾਲੀ ਪਟੜੀ ਤੇ ਕੁਝ ਦੂਰੀ ‘ਤੇ ਜਾ ਕੇ ਨਹਿਰ ਵਿੱਚ ਡਿੱਗ ਪਈ, ਪਰੰਤੂ ਕਾਰ ਨੂੰ ਚਲਾਉਣ ਵਾਲਾ ਵੇਦ ਪ੍ਰਕਾਸ ਕਿਸੇ ਤਰ੍ਹਾਂ ਬਚ ਕੇ ਨਹਿਰ ‘ਚੋਂ ਬਾਹਰ ਨਿਕਲ ਆਇਆ ਸੀ ਪਰ ਉਸ ਦੀ ਪਤਨੀ ਸੋਨੂੰ ਉਰਫ ਪੂਜਾ ਕਾਰ ਸਮੇਤ ਨਹਿਰ ‘ਚ ਡੁੱਬ ਗਈ ਸੀ। ਇਸ ਤੋਂ ਬਾਅਦ ਚੈੱਕ ਪੋਸਟ ਆਧਨੀਆਂ ਦੇ ਮੁਲਾਜ਼ਮ ਏਐਸਆਈ ਗੁਰਸ਼ਰਨ ਸਿੰਘ ਨੇ ਹੋਰ ਪੁਲਿਸ ਮੁਲਾਜਮਾਂ ਦੀ ਸਹਾਇਤਾ ਨਾਲ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਨਹਿਰ ‘ਚ ਜਾ ਕੇ ਕਾਰ ਨੂੰ ਭਾਲਣ ਦੀ ਕੋਸ਼ਿਸ ਕੀਤੀ, ਪਰੰਤੂ ਉਸ ਨੂੰ ਉਸ ਸਮੇਂ ਕਾਮਯਾਬੀ ਨਾ ਮਿਲੀ।

ਇਸ ਤੋਂ ਬਾਅਦ ਪੁਲਿਸ ਵੱਲੋਂ ਗੋਤਾਖੋਰਾਂ ਦੀ ਸਹਾਇਤਾ ਨਾਲ ਦੂਸਰੇ ਦਿਨ ਇਸ ਮੰਦਭਾਗੀ ਕਾਰ ਤੇ ਉਸ ਵਿਚ ਸਵਾਰ ਸੋਨੂੰ ਉਰਫ ਪੂਜਾ ਦੀ ਲਾਸ਼ ਸਮੇਤ ਕਾਰ ਨੂੰ ਬਾਹਰ ਕਢਵਾਇਆ। ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਥਾਣਾ ਲੰਬੀ ਦੇ ਹੌਲਦਾਰ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਸੋਨੂੰ ਉਰਫ ਪੂਜਾ ਦੇ ਭਰਾ ਮਨਜੀਤ ਰਾਏ ਦੇ ਬਿਆਨਾਂ ‘ਤੇ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਮਲੋਟ ਭੇਜ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਐਸ.ਆਈ. ਗੁਰਸ਼ਰਨ ਸਿੰਘ ਚੈਕ ਪੋਸਟ ਆਧਨੀਆਂ, ਸੁਖਵਿੰਦਰ ਸਿੰਘ ਏ.ਐਸ.ਆਈ ਤੇ ਲਵਜੀਤ ਸਿੰਘ, ਹਰਪਾਲ ਸਿੰਘ ਅਤੇ ਜਗਦੀਪ ਸਿੰਘ ਪੁਲਿਸ ਮੁਲਾਜ਼ਮ ਵੀ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here