ਜਖ਼ਮੀ ਹੋਣ ਪਿੱਛੋਂ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਦੋ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਰਵਾਇਆ ਦਾਖਲ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News : ਵਪਾਰਕ ਰਾਜਧਾਨੀ ਲੁਧਿਆਣਾ ’ਚ ਸ਼ੁੱਕਰਵਾਰ ਸੁਵੱਖਤੇ ਹੀ ਪੁਲਿਸ ਤੇ ਅਪਰਾਧੀ ਕਿਸਮ ਦੇ ਲੋਕਾਂ ਵਿਚਕਾਰ ਮੁਕਾਬਲਾ ਹੋਣ ਦਾ ਸਮਾਚਾਰ ਹੈ। ਮੁਕਾਬਲੇ ਦੌਰਾਨ ਗੋਲੀਆਂ ਲੱਗਣ ਕਾਰਨ ਦੋ ਵਿਅਕਤੀ ਜਖ਼ਮੀ ਹੋਏ ਹਨ। ਹਾਲਾਂਕਿ ਪੁਲਿਸ ਵੱਲੋਂ ਇਸ ਮੁਕਾਬਲੇ ਦੀ ਅਧਿਕਾਰਤ ਤੌਰ ’ਤੇ ਹਲੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਦੋਵੇਂ ਜਖ਼ਮੀ ਅਪਰਾਧੀਆਂ ਦੇ ਸਿਵਲ ਹਸਪਤਾਲ ਵਿਖੇ ਪੁਲਿਸ ਦੀ ਨਿਗਰਾਨੀ ਹੇਠ ਇਲਾਜ ਅਧੀਨ ਹੋਣ ਦਾ ਸੂਚਨਾ ਮਿਲੀ ਹੈ।
ਮਿਲੀ ਜਾਣਕਾਰੀ ਮੁਤਾਬਕ ਥਾਣਾ ਹੈਬੋਵਾਲ ਦੀ ਪੁਲਿਸ ਪਾਰਟੀ ਗਸ਼ਤ ’ਤੇ ਸੀ। ਸਵੇਰੇ ਤਕਰੀਬਨ 3 ਕੁ ਵਜੇ ਦੇ ਕਰੀਬ ਪੁਲਿਸ ਨੂੰ ਇਤਲਾਹ ਮਿਲੀ ਕਿ ਕੁੱਝ ਦਿਨ ਪਹਿਲਾਂ ਚੰਦਰ ਨਗਰ ਵਿੱਚ ਸਾਹਿਲ ਕੰਡੇ ਦਾ ਘਰ ਦੇ ਬਾਹਰ ਹੋਏ ਲੜਾਈ- ਝਗੜੇ ਅਤੇ ਤੋੜਭੰਨ ਦੇ ਮਾਮਲੇ ’ਚ ਸ਼ਾਮਲ ਦੋ ਵਿਅਕਤੀ ਰਾਮ ਇੰਨਕਲੇਵ ਨਜ਼ਦੀਕ ਘੁੰਮ ਰਹੇ ਹਨ। ਮਿਲੀ ਇਤਲਾਹ ’ਤੇ ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਮੌਜੂਦ ਵਿਅਕਤੀਆਂ ਤੋਂ ਪੁੱਛਗਿੱਛ ਕਰਨੀ ਚਾਹੀ ਤਾਂ ਉਨ੍ਹਾਂ ਆਪਣੇ ਕੋਲ ਮੌਜੂਦ ਪਿਸਟਲਾਂ ਨਾਲ ਪੁਲਿਸ ’ਤੇ ਹਮਲਾ ਕਰਨਾ ਚਾਹਿਆ ਪਰ ਮੌਕਾ ਸੰਭਾਲਦਿਆਂ ਹੀ ਪੁਲਿਸ ਨੇ ਆਪਣਾ ਬਚਾਅ ਕੀਤਾ ਤਾਂ ਦੋਵੇਂ ਬਦਮਾਸਾਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ।
Also Read : ਹੁਣ ਤਾਮਿਲਨਾਡੂ ’ਚ ਸ਼ਰਾਬ ਦਾ ਕਹਿਰ
ਜਿਸ ਪਿੱਛੋਂ ਪੁਲਿਸ ਨੇ ਵੀ ਉਕਤਾਨ ’ਤੇ ਜਵਾਬੀ ਫਾਇਰਿੰਗ ਕੀਤੀ। ਜਿਸ ’ਚ ਦੋਵੇਂ ਗੋਲੀਆਂ ਲੱਗਣ ਕਾਰਨ ਜਖ਼ਮੀ ਹੋ ਗਏ ਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਇਲਾਜ਼ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ। ਪੁਲਿਸ ਨਾਲ ਮੁਕਾਬਲੇ ਵਿੱਚ ਜਖ਼ਮੀਆਂ ਹੋਏ ਵਿਅਕਤੀਆਂ ਦੀ ਪਹਿਚਾਣ ਸਤਿੰਦਰ ਸਿੰਘ ਵਾਸੀ ਹੈਦਰ ਇੰਨਕਲੇਵ ਅਤੇ ਰਵਿੰਦਰ ਸਿੰਘ ਵਾਸੀ ਪ੍ਰਤਾਪ ਸਿੰਘ ਵਾਲਾ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਦੋਵੇਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਗਈ ਸੀ। ਜਿੰਨ੍ਹਾਂ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ ਤਾਂ ਜਵਾਬ ’ਚ ਪੁਲਿਸ ਨੂੰ ਵੀ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਪਈਆਂ।