ਬਠਿੰਡਾ (ਸੁਖਜੀਤ ਮਾਨ)। Bathinda News: ਝੋਨੇ ਦੀ ਖਰੀਦ ਦੀ ਚੱਲ ਰਹੀ ਮੱਠੀ ਚਾਲ ਨੂੰ ਤੇਜ਼ ਕਰਵਾਉਣ ਤੇ ਲਿਫਟਿੰਗ ਵਧਾਉਣ ਦੀ ਮੰਗ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫਤਰ ਦੇ ਨੇੜੇ ਧਰਨਾ ਜਾਰੀ ਹੈ। ਅੱਜ ਕਿਸਾਨ ਵੀ ਵੱਡੀ ਗਿਣਤੀ ’ਚ ਪੁੱਜੇ ਹੋਏ ਹਨ ਤੇ ਪ੍ਰਸ਼ਾਸਨ ਨੇ ਵੀ ਕਿਸਾਨਾਂ ਦੇ ਕੱਲ੍ਹ ਵਾਲੇ ਰੋਹ ਨੂੰ ਭਾਂਪਦਿਆਂ ਪੁਲਿਸ ਦਾ ਕਰੜਾ ਪਹਿਰਾ ਲਾਇਆ ਹੋਇਆ ਹੈ। ਮਿੰਨੀ ਸਕੱਤਰੇਤ ਦੇ ਚਾਰ ਚੁਫੇਰੇ ਡਾਂਗਾਂ ਲੈ ਕੇ ਘੁੰਮਦੀ ਪੁਲਿਸ, ਪੁਲਿਸ ਛਾਉਣੀ ਦਾ ਭੁਲੇਖਾ ਪਾ ਰਹੀ ਹੈ। ਵੇਰਵਿਆਂ ਮੁਤਾਬਿਕ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਡਿਪਟੀ ਕਮਿਸ਼ਨਰ ਦਫਤਰ ਸਮੇਤ ਉਹਨਾਂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਸੀ। Bathinda News
ਇਹ ਖਬਰ ਵੀ ਪੜ੍ਹੋ : Punjab News: ਨਾਭਾ ਪੁਲਿਸ ਨੇ ਪਿੰਡ ਰੋਹਟੀ ਛੰਨਾ ਵਿਖੇ ਚਲਾਇਆ ਤਲਾਸ਼ੀ ਅਭਿਆਨ
ਇਹ ਘਿਰਾਓ ਦੇਰ ਰਾਤ ਤੱਕ ਜਾਰੀ ਰਿਹਾ। ਕਿਸਾਨਾਂ ਨੇ ਘਿਰਾਓ ਉਸ ਵੇਲੇ ਖਤਮ ਕੀਤਾ ਜਦੋਂ ਅਧਿਕਾਰੀਆਂ ਨੇ ਅੱਜ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਵੱਲੋਂ ਮੰਡੀਆਂ ਦਾ ਦੌਰਾ ਕਰਨ ਤੇ ਲਿਫਟਿੰਗ ’ਚ ਤੇਜੀ ਲਿਆਉਣ ਦੀ ਗੱਲ ਕਹੀ। ਪ੍ਰਸ਼ਾਸਨ ਲਈ ਅੱਜ ਹਾਲੇ ਤੱਕ ਸੁਖਦ ਪਹਿਲੂ ਇਹੋ ਹੈ ਕਿ ਕਿਸਾਨਾਂ ਨੇ ਡੀਸੀ ਦਫਤਰ ਤੇ ਰਿਹਾਇਸ਼ ਦਾ ਘਿਰਾਓ ਨਹੀਂ ਕੀਤਾ ਸਗੋਂ ਇੱਕ ਸਾਈਡ ਉੱਤੇ ਧਰਨਾ ਲਾਇਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਕੰਮਾਂ ’ਚ ਅੜਿੱਕਾ ਪਾਉਣਾ ਜਾਂ ਸੜਕਾਂ ਜਾਮ ਕਰਨੀਆਂ ਉਨ੍ਹਾਂ ਦੇ ਸ਼ੌਂਕ ਨਹੀਂ ਪਰ ਸਰਕਾਰਾਂ ਨੇ ਮਜ਼ਬੂਰੀਆਂ ਬਣਾ ਦਿੱਤੀਆਂ ਹਨ। Bathinda News
ਕਿਸਾਨਾਂ ਨੇ ਤਰਕ ਦਿੱਤਾ ਕਿ ਮੰਡੀਆਂ ’ਚ ਲਿਆਂਦਾ ਝੋਨਾ ਉਸੇ ਤਰ੍ਹਾਂ ਪਿਆ ਹੈ, ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਥੋੜ੍ਹੀ ਜਿਹੀ ਖਰੀਦ ਕਰਕੇ ਕਹਿ ਦਿੱਤਾ ਹੈ ਕਿ ਝੋਨੇ ਦੀ 80 ਫੀਸਦੀ ਖਰੀਦ ਹੋ ਚੁੱਕੀ ਹੈ। ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਕੱਲ੍ਹ ਦੀਆਂ ਮੀਟਿੰਗਾਂ ਦੌਰਾਨ ਵੀ ਪ੍ਰਸ਼ਾਸਨ ਨਾਲ ਇਸ ਗੱਲ ਨੂੰ ਲੈ ਕੇ ਤਰਕ ਹੋਇਆ ਕਿ 80 ਫੀਸਦੀ ਝੋਨਾ ਕਿੱਥੋਂ ਖਰੀਦਿਆਂ ਗਿਆ ਕਿਉਂਕਿ ਮੰਡੀਆਂ ਤਾਂ ਝੋਨੇ ਨਾਲ ਨੱਕੋ-ਨੱਕ ਭਰੀਆਂ ਹੋਈਆਂ ਹਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਉਹਨਾਂ ਨੇ ਸੰਘਰਸ਼ ਨੂੰ ਥੋੜ੍ਹਾ ਵਿਰਾਮ ਦਿੱਤਾ ਹੈ, ਖਤਮ ਨਹੀਂ ਕੀਤਾ ਜੇ ਪ੍ਰਸ਼ਾਸਨ ਨੇ ਹੁਣ ਵੀ ਤੇਜ਼ੀ ਨਾ ਦਿਖਾਈ ਤਾਂ ਉਹ ਕੱਲ੍ਹ ਵਾਲੇ ਘਿਰਾਓ ਤੋਂ ਵੀ ਤਿੱਖਾ ਸੰਘਰਸ਼ ਕਰਨ ਤੋਂ ਪੈਰ ਪਿਛਾਂਹ ਨਹੀਂ ਖਿੱਚਣਗੇ। Purchase of Paddy
ਡਿਪਟੀ ਕਮਿਸ਼ਨਰ ਕਰਨਗੇ ਮੰਡੀਆਂ ਦਾ ਦੌਰਾ | Bathinda News
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅੱਜ ਪਿੰਡ ਲੇਲੇਵਾਲਾ, ਮੌੜ ਮੰਡੀ, ਰਾਮ ਨਗਰ, ਪਿੱਥੋ, ਨਥਾਣਾ ਤੇ ਭੈਣੀ ਆਦਿ ’ਚ ਕਿਸਾਨ ਆਗੂਆਂ ਨਾਲ ਜਾ ਕੇ ਆਨਾਜ ਮੰਡੀਆਂ ਦਾ ਦੌਰਾ ਕਰਨਗੇ। ਇਸ ਮੌਕੇ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ-ਨਾਲ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ।
ਗੱਡੀ ’ਚ ਲਿਆ ਕੇ ਵੰਡੀਆਂ ਪੁਲਿਸ ਨੂੰ ਡਾਂਗਾਂ | Bathinda News
ਕਿਸਾਨਾਂ ਦੇ ਧਰਨੇ ਕੋਲ ਤਾਇਨਾਤ ਭਾਰੀ ਗਿਣਤੀ ਪੁਲਿਸ ਫੋਰਸ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਕਰਕੇ ਖੜਾਈ ਗਈ। ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਲਾਇਨ ’ਚੋਂ ਡਾਂਗਾਂ ਦੀ ਗੱਡੀ ਭਰਕੇ ਲਿਆ ਕੇ ਧਰਨਾ ਸਥਾਨ ਤੇ ਹੀ ਡਾਂਗਾਂ ਵੰਡੀਆਂ ਗਈਆਂ। ਇਹੋ ਹੀ ਨਹੀਂ ਬਹੁਤ ਘੱਟ ਮੌਕਿਆਂ ਤੇ ਅਜਿਹਾ ਵੇਖਣ ’ਚ ਆਉਂਦਾ ਹੈ ਕਿ ਧਰਨਾ ਸਥਾਨ ਤੇ ਹੀ ਪੁਲਿਸ ਨੂੰ ਪੁਲਿਸ ਪੱਧਰ ਤੇ ਹੀ ਖਾਣਾ ਮੁਹੱਈਆ ਕਰਵਾਇਆ ਜਾਵੇ, ਪਰ ਅੱਜ ਦੀ ਸਥਿਤੀ ਨੂੰ ਵੇਖਦਿਆਂ ਕਿ ਪੁਲਿਸ ਮੁਲਾਜ਼ਮ ਖਾਣਾ ਖਾਣ ਲਈ ਇੱਧਰ ਉੱਧਰ ਨਾ ਜਾਣ ਇਸ ਲਈ ਖਾਣਾ ਵੀ ਧਰਨਾ ਸਥਾਨ ਤੇ ਲਿਆ ਕੇ ਹੀ ਵਰਤਾਇਆ ਗਿਆ।
ਥੋੜ੍ਹੀ ਦੇਰ ’ਚ ਕਿਸਾਨ ਕਰਨਗੇ ਰੋਸ ਮਾਰਚ
ਮਿੰਨੀ ਸਕੱਤਰੇਤ ਕੋਲ ਇਕੱਠੇ ਹੋਏ ਕਿਸਾਨਾਂ ਨੂੰ ਇਸ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਮੰਗਾਂ ਲਈ ਹਮੇਸ਼ਾ ਇੱਕ ਜੁਟ ਰਹਿਣ ਦਾ ਪਾਠ ਪੜ੍ਹਾਇਆ। ਉਹਨਾਂ ਕਿਹਾ ਕਿ ਮਿੰਨੀ ਸਕੱਤਰੇਤ ਤੋਂ ਲੈ ਕੇ ਹਨੂੰਮਾਨ ਚੌਂਕ ਤੱਕ ਰੋਸ ਮਾਰਚ ਵੀ ਕੱਢਿਆ ਜਾਵੇਗਾ ਜਿਸ ’ਚ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਹਿੱਸਾ ਲੈਣਗੇ। Bathinda News