ਪੀਐਨਬੀ ਲੁੱਟਣ ਵਾਲੇ ਪੁਲਿਸ ਨੇ ਕੀਤੇ ਕਾਬੂ

ਕੋਰੋਨਾ ਕਾਰਨ ਜੇਲ੍ਹ ‘ਚੋਂ ਜਮਾਨਤ ‘ਤੇ ਆਏ ਨੌਜਵਾਨਾਂ ਨੇ ਲੁੱਟੀ ਸੀ ਬੈਂਕ

ਮੋਹਾਲੀ, (ਕੁਲਵੰਤ ਕੋਟਲੀ) ਮੋਹਾਲੀ ਸ਼ਹਿਰ ਵਿੱਚ ਦਿਨ ਦਿਹਾੜੇ 17 ਜੂਨ 2020 ਨੂੰ ਪੰਜਾਬ ਨੈਸ਼ਨਲ ਬੈਂਕ ਮਹਿਲਾ ਬ੍ਰਾਂਚ ਫੇਜ 3ਏ ਨੂੰ ਲੁੱਟਣ ਵਾਲੇ ਨੌਜਵਾਨਾਂ ਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮੋਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 17 ਮਈ ਨੂੰ ਪੰਜਾਬ ਨੈਸ਼ਨਲ ਬੈਂਕ ਮਹਿਲਾ ਬ੍ਰਾਂਚ ਫੇਸ-3ਏ ਮੋਹਾਲੀ ਵਿੱਚ ਦੁਪਹਿਰ ਸਮੇਂ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਪਿਸਟਲ ਅਤੇ ਤੇਜ ਧਾਰ ਹਥਿਆਰ ਦੀ ਨੋਕ ‘ਤੇ ਬੈਂਕ ਡਕੈਤੀ ਕੀਤੀ ਗਈ ਸੀ ਜਿਸ ਦੇ ਆਧਾਰ ‘ਤੇ ਥਾਣਾ ਮਟੌਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ

ਉਹਨਾਂ ਦੱਸਿਆ ਕਿ ਹਰਮਨਦੀਪ ਸਿੰਘ ਹਾਂਸ ਐੱਸ ਪੀ ਇਨਵੈਸਟੀਗੇਸ਼ਨ , ਗੁਰਸ਼ੇਰ ਸਿੰਘ ਸੰਧੂ, ਡੀ ਐੱਸ ਪੀ ਸਿਟੀ-1 ਮੋਹਾਲੀ ਸਮੇਤ ਇੰਸਪੈਕਟਰ ਰਾਜੇਸ਼ ਅਰੋੜਾ ਇੰਚਾਰਜ ਸੀ ਆਈ ਏ ਸਟਾਫ ਮੋਹਾਲੀ ਦੀ ਅਗਵਾਈ ਹੇਠ ਪੰਜਾਬ ਨੈਸ਼ਨਲ ਬੈਂਕ ਮਹਿਲਾ ਬਾਂਚ ਫੇਸ-3ਏ ਮੋਹਾਲੀ ਵਿੱਚ ਹੋਈ ਬੈਂਕ ਡਕੈਤੀ ਦਾ ਪਰਦਾਫਾਸ਼ ਕਰਦਿਆਂ ਸੰਦੀਪ ਖੁਰਮੀ ਉੱਰਫ ਸੰਨੀ ਵਾਸੀ ਪਿੰਡ ਮਹਿਤਪੁਰ ਜ਼ਿਲ੍ਹਾ ਜਲੰਧਰ ਜੋ ਹੁਣ ਵਾਸੀ ਚੰਡੀਗੜ੍ਹ ਸੈਕਟਰ 52 ਵਿਖੇ ਰਹਿ ਰਿਹਾ ਸੀ, ਸੋਨੂੰ ਪੁੱਤਰ ਮੁਖਤਿਆਰ ਸਿੰਘ ਵਾਸੀ ਸੈਕਟਰ 45 ਚੰਡੀਗੜ੍ਹ ਅਤੇ ਰਵੀ ਕੁਠਾਰੀ ਪੁੱਤਰ ਵਿਜੈ ਕੁਮਾਰ ਵਾਸੀ ਪਿੰਡ ਚੰਦਾਵਾਸ ਥਾਣਾ ਤੋਸਾਮ, ਜ਼ਿਲ੍ਹਾ ਭਿਵਾਨੀ ਹਰਿਆਣਾ ਜੋ ਹੁਣ ਮਨੀਮਾਜਰਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ, ਨੂੰ ਗ੍ਰਿਫਤਾਰ ਕੀਤਾ ਗਿਆ ਹੈ

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਡਕੈਤੀ ‘ਚ ਸ਼ਾਮਲ ਤਿੰਨੋ ਨੌਜਵਾਨਾਂ ਸੰਦੀਪ ਖੁਰਮੀ ਉੱਰਫ ਸੰਨੀ, ਸੋਨੂੰ ਅਤੇ ਰਵੀ ਕੁਠਾਰੀ ਉਕਤਾਨ ਨੂੰ 11 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਲੁੱਟੀ ਹੋਈ ਰਕਮ ਵਿੱਚੋਂ 3 ਲੱਖ ਇਕ ਹਜ਼ਾਰ ਪੰਜ ਸੌ ਰੁਪਏ, ਇੱਕ ਕਾਰ ਸਕੋਡਾ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਨਕਲੀ ਏਅਰ ਪਿਸਟਲ ਜੋ ਮੁਲਜਮ ਸੋਨੂੰ ਪਾਸੋਂ ਅਤੇ ਇੱਕ ਤੇਜ ਧਾਰ ਕੁਕਰੀ (ਚਾਕੂ) ਮੁਲਜਮ ਸੰਦੀਪ ਖੁਰਮੀ ਪਾਸੋਂ ਬਰਾਮਦ ਕੀਤੇ ਗਏ ਹਨ

ਐਸਐਸਪੀ ਨੇ ਦੱਸਿਆ ਕਿ ਮੁਲਜਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਲਾਕਡਾਊਨ ਤੋਂ ਪਹਿਲਾਂ ਦੋਵੇਂ ਸੰਦੀਪ ਅਤੇ ਸੋਨੂੰ ਅੰਬਾਲਾ ਜੇਲ੍ਹ ਵਿੱਚ ਵੱਖ-ਵੱਖ ਮੁੱਕਦਮਿਆ ਵਿੱਚ ਬੰਦ ਸਨ, ਜਿਨ੍ਹਾਂ ਦੀ ਕੋਰੋਨਾ ਮਾਹਾਮਾਰੀ ਕਰਕੇ ਮਾਰਚ 2020 ਵਿੱਚ ਜ਼ਮਾਨਤ ਹੋ ਗਈ ਸੀ ਇਹ ਦੋਵੇਂ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ ਤੇ ਜੇਲ੍ਹ ਵਿੱਚੋਂ ਬਾਹਰ ਆ ਕੇ ਨਸ਼ੇ ਦੀ ਪੂਰਤੀ ਲਈ ਆਰਥਿਕ ਮੰਦੀ ਹੋਣ ਕਾਰਨ ਪੈਸੇ ਜੁਟਾਣ ਲਈ ਕਿਸੇ ਬੈਂਕ ਨੂੰ ਲੁੱਟਣ ਦੀ ਪਲਾਨਿੰਗ ਕਰ ਰਹੇ ਸਨ ਜਿਸ ਵਿੱਚ ਇਨ੍ਹਾਂ ਨੇ ਰਵੀ ਕੁਠਾਰੀ ਉਕਤ ਨੂੰ ਵੀ ਸ਼ਾਮਲ ਕੀਤਾ ਤੇ ਰਵੀ ਕੁਠਾਰੀ ਨੂੰ ਨਾਲ ਲੈ ਕੇ ਅਲੱਗ ਅੱਲਗ ਮੋਹਾਲੀ ਅਤੇ ਚੰਡੀਗੜ੍ਹ ਦੇ ਨੇੜਲੇ ਏਰੀਏ ਵਿੱਚ ਬੈਂਕਾਂ ਦੀ ਰੈਕੀ ਕਰਨੀ ਸ਼ੁਰੂ ਕਰ ਦਿੱਤੀ

ਫਿਰ ਇਸ ਵਾਰਦਾਤ ਨੂੰ ਇੰਜਾਮ ਦੇਣ ਲਈ ਇਹਨਾਂ ਨੇ ਪੰਜਾਬ ਨੈਸ਼ਨਲ ਬੈਂਕ ਫੇਸ-3ਏ ਮੋਹਾਲੀ ਨੂੰ ਚੁਣਿਆ ਕਿਉਂਕਿ ਬੈਂਕ ਅੰਦਰ ਕੋਈ ਸੁਰੱਖਿਆ ਗਾਰਡ ਨਾ ਹੋਣ ਕਾਰਨ ਇਸ ਬੈਂਕ ਨੂੰ ਟਾਰਗੇਟ ਕਰਨਾ ਸੌਖਾ ਲੱਗਿਆ ਇਨ੍ਹਾਂ ਨੇ ਨਿਸ਼ਚਿਤ ਮਿਤੀ ਅਤੇ ਸਮੇਂ ਅਨੁਸਾਰ ਉਕਤ ਬੈਂਕ ਵਿੱਚ ਸੰਦੀਪ ਕੁਮਾਰ ਉੱਰਫ ਸੰਨੀ ਅਤੇ ਸੋਨੂੰ ਨੇ ਬੈਂਕ ਵਿੱਚ ਜਾ ਕੇ ਉਪਰ ਦਰਸ਼ਾਏ ਹੋਏ ਹਥਿਆਰਾਂ ਦੀ ਮਦਦ ਨਾਲ ਬੈਂਕ ਕਰਮਚਾਰੀਆਂ ਤੋਂ 4 ਲੱਖ 79 ਹਜ਼ਾਰ 680 ਰੁਪਏ ਦੀ ਡਕੈਤੀ ਕੀਤੀ ਅਤੇ ਇਨ੍ਹਾਂ ਦਾ ਤੀਜਾ ਸਾਥੀ ਰਵੀ ਕੋਠਾਰੀ ਜੋ ਬੈਕ ਤੋਂ ਦੂਰੀ ਬਣਾ ਕੇ ਬਾਹਰ ਸਾਰੀ ਨਿਗਰਾਨੀ ਕਰ ਰਿਹਾ ਸੀ

ਗ੍ਰਿਫਤਾਰ ਕੀਤੇ ਗਏ ਮੁਲਜਮਾਂ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ 28 ਸਾਲਾ ਸੰਦੀਪ ਕੁਮਾਰ ਉੱਰਫ ਸੰਨੀ ਉੱਤੇ ਪਹਿਲਾਂ ਵੀ ਕਰੀਬ 20 ਮੁੱਕਦਮੇ ਲੁੱਟ, ਖੋਹ, ਕਤਲ ਅਤੇ ਅਸਲਾ ਐਕਟ ਤਹਿਤ ਦਰਜ ਹਨ ਸੋਨੂੰ ‘ਤੇ ਸਨੈਚਿੰਗ, ਲੁੱਟ ਖੋਹ ਅਤੇ ਚੋਰੀਆ ਆਦਿ ਦੇ 4 ਮੁੱਕਦਮੇ ਦਰਜ ਹਨ ਅਤੇ ਰਵੀ ਕੋਠਾਰੀ ‘ਤੇ ਸਨੈਚਿੰਗ, ਲੁੱਟ ਖੋਹ ਅਤੇ ਚੋਰੀਆ ਆਦਿ ਦੇ 4 ਮੁੱਕਦਮੇ ਦਰਜ ਹਨ ਐਸਐਸਪੀ ਨੇ ਦੱਸਿਆ ਕਿ ਉਕਤਾਨ ਤਿੰਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਇਸ ਮੁੱਕਦਮੇ ਦੀ ਤਫਤੀਸ਼ ਅਜੇ ਜਾਰੀ ਹੈ, ਮੁਲਜਮਾਂ ਪਾਸੋ ਹੋਰ ਵੀ ਕਈ ਲੁੱਟਾਂ, ਖੋਹਾਂ ਅਤੇ ਬੈਂਕ ਡਕੈਤੀਆਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here