‘ਖੇਡਾਂ ਨਾਲ ਖਿਲਵਾੜ’
ਇੰਡੋਨੇਸ਼ੀਆ ’ਚ ਫੁੱਟਬਾਲ ਮੈਚ ਦੌਰਾਨ ਦਰਸ਼ਕਾਂ ਵੱਲੋਂ ਮਚਾਏ ਗਏ ਹੁੜਦੰਗ ਨੇ 174 ਜਾਨਾਂ ਲੈ ਲਈਆਂ ਇਹ ਘਟਨਾ ਜਿੰਨੀ ਦੁਖਦਾਈ ਹੈ ਓਨੀ ਹੀ ਸ਼ਰਮਨਾਕ ਹੈ ਸਿਰਫ਼ਿਰੇ ਦਰਸ਼ਕਾਂ ਨੇ ਖੇਡ ਨੂੰ ਖੇਡ ਭਾਵਨਾ ਨਾਲ ਲੈਣ ਦੀ ਬਜਾਇ ਇਸ ਨੂੰ ਦੁਸ਼ਮਣੀ ਤੇ ਬਦਲੇਖੋਰੀ ਦੀ ਵਸਤੂ ਬਣਾ ਦਿੱਤਾ ਹੈ
ਜੇਕਰ ਇਹ ਕਿਹਾ ਜਾਵੇ ਕਿ ਅਜਿਹੇ ਲੋਕਾਂ ਨੇ ਖੇਡ ਨੂੰ ਜੰਗ ਬਣਾ ਦਿੱਤਾ ਹੈ ਤਾਂ ਵੀ ਗਲਤ ਨਹੀਂ ਹੋਵੇਗਾ ਕਿਸੇ ਟੀਮ ਦੇ ਹਾਰ ਜਾਣ ’ਤੇ ਦਰਸ਼ਕ ਖਿਡਾਰੀਆਂ ’ਤੇ ਹਮਲੇ ਕਰਨ ਲਈ ਟੁੱਟ ਪਏ ਦਰਸ਼ਕਾਂ ਦਾ ਇਸ ਤਰ੍ਹਾਂ ਮੈਦਾਨ ’ਚ ਆ ਕੇ ਖਿਡਾਰੀਆਂ ਦਾ ਪਿੱਛਾ ਕਰਨਾ ਬੇਹੱਦ ਦੁਖਦਾਈ ਹੈ ਇੰਡੋਨੇਸ਼ੀਆ ਦੀ ਘਟਨਾ ਨੇ ਤਾਂ ਦਰਸ਼ਕ ਦੀ ਮਾੜੀ ਸੋਚ ਦੀ ਸਿਖਰ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਜੇਕਰ ਕ੍ਰਿਕਟ ਟੀਮ ਹਾਰ ਜਾਂਦੀ ਤਾਂ ਖਿਡਾਰੀਆਂ ਦਾ ਦੇਸ਼ ਪਰਤਣਾ ਔਖਾ ਹੋ ਜਾਂਦਾ ਸੀ ਕਈ ਖਿਡਾਰੀ ਤਾਂ ਹੋਰਨਾਂ ਮੁਲਕਾਂ ਨੂੰ ਹੀ ਚਲੇ ਜਾਂਦੇ ਜੇਕਰ ਕੋਈ ਵਾਪਸ ਪਰਤਦਾ ਤਾਂ ਉਸ ਦਾ ਗਲ਼ੇ ਟਮਾਟਰਾਂ ਨਾਲ ‘ਸਵਾਗਤ’ ਕਰਦੇ ਸੋਸ਼ਲ ਮੀਡੀਆ ’ਤੇ ਭੱਦੇ ਕੁਮੈਂਟ ਕਰਦੇ
ਹੈਰਾਨੀ ਤਾਂ ਇਸ ਗੱਲ ਦੀ ਹੈ ਜਿਸ ਨੂੰ ਖੇਡ ਦੀ ਜ਼ਰਾ ਜਿੰਨੀ ਜਾਣਕਾਰੀ ਨਹੀਂ ਹੁੰਦੀ ਉਹੀ ਦਰਸ਼ਕ ਅੰਤਰਰਾਸ਼ਟਰੀ ਖਿਡਾਰੀਆਂ ਦਾ ਜੱਜ ਬਣ ਕੇ ਬੈਠ ਜਾਂਦਾ ਹੈ ਇਸ ਮਾੜੇ ਰੁਝਾਨ ਨੇ ਖਿਡਾਰੀਆਂ ਦਾ ਹੌਂਸਲਾ ਤੋੜਿਆ ਹੈ ਖੇਡਣ ਵੇਲੇ ਵੀ ਖਿਡਾਰੀਆਂ ਦੇ ਜ਼ਿਹਨ ’ਚ ਇਹ ਗੱਲ ਘੁੰਮਦੀ ਰਹਿੰਦੀ ਹੈ ਕਿ ਜੇਕਰ ਉਹ ਹਾਰ ਗਏ ਤਾਂ ਉਨ੍ਹਾਂ ਦਾ ਕੀ ਬਣੇਗਾ? ਅਜਿਹਾ ਮਾਨਸਿਕ ਦਬਾਅ ਖਿਡਾਰੀਆਂ ਨੂੰ ਪ੍ਰੇਸ਼ਾਨ ਕਰਦਾ ਹੈ ਤੇ ਉਹਨਾਂ ਦੇ ਖੇਡ ਪ੍ਰਦਰਸ਼ਨ ’ਤੇ ਵੀ ਮਾੜਾ ਅਸਰ ਪਾਉਂਦਾ ਹੈ
ਇਸ ਮਾੜੇ ਰੁਝਾਨ ਲਈ ਸਿਰਫ਼ ਦਰਸ਼ਕ ਹੀ ਜਿੰਮੇਵਾਰ ਨਹੀਂ ਸਗੋਂ ਸਰਕਾਰਾਂ ਦੀਆਂ ਨੁਕਸਦਾਰ ਖੇਡ ਨੀਤੀਆਂ, ਮੀਡੀਆ ਦੀ ਨੁਕਸਦਾਰ ਭੂਮਿਕਾ, ਖੇਡਾਂ ਦੇ ਸਮਾਜਿਕ ਪ੍ਰਚਾਰ ’ਚ ਕਮੀ, ਖੇਡਾਂ ਦਾ ਹੱਦੋਂ ਵੱਧ ਹੋ ਰਿਹਾ ਵਪਾਰੀਕਰਨ, ਖੇਡਾਂ ’ਚ ਭ੍ਰਿਸ਼ਟਾਚਾਰ ਤੇ ਅੰਡਰਵਰਲਡ ਮਾਫ਼ੀਆ ਦੀ ਟੂਰਨਾਮੈਂਟਾਂ ’ਤੇ ਪਕੜ, ਖਿਡਾਰੀਆਂ ਵੱਲੋਂ ਮਿਥ ਕੇ (ਫਿਕਸਿੰਗ) ਖੇਡਣ ਲਈ ਪੈਸਾ ਲੈਣ ਦੀਆਂ ਘਟਨਾਵਾਂ ਨੇ ਦਰਸ਼ਕਾਂ ਦੇ ਦਿਲਾਂ ’ਚੋਂ ਖਿਡਾਰੀਆਂ ਲਈ ਸਤਿਕਾਰ ਘਟਾਇਆ ਹੈ ਮੀਡੀਆ ਵੱਲੋਂ ਜਿੱਤ-ਹਾਰ ਦਾ ਕੀਤਾ ਗਿਆ ਗੈਰ-ਜ਼ਰੂਰੀ ਵਿਸ਼ਲੇਸ਼ਣ ਅਤੇ ਗਲਤ ਵਿਆਖਿਆ ਨੇ ਖੇਡ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਹੈ
ਜ਼ਰੂਰੀ ਹੈ ਕਿ ਸਰਕਾਰਾਂ ਅਤੇ ਕੌਮਾਂਤਰੀ ਖੇਡ ਸੰਸਥਾਵਾਂ ਖੇਡ ਦੇ ਰਵਾਇਤੀ ਸੰਕਲਪ ਨੂੰ ਬਹਾਲ ਕਰਨ ਲਈ ਵੀ ਮਜ਼ਬੂਤ ਤੇ ਵਿਗਿਆਨਕ ਨੀਤੀਆਂ ਅਤੇ ਪ੍ਰੋਗਰਾਮ ਬਣਾਉਣ ਅਤੇ ਇਸ ਕੰਮ ਵਾਸਤੇ ਪੈਸਾ ਵੀ ਖਰਚਣ ਖੇਡਾਂ ਨੂੰ ਵਪਾਰਕ ਦਿੱਖ ਦੇਣ ਨਾਲੋਂ ਇਸ ਦੇ ਸਮਾਜਿਕ ਤੇ ਭਾਈਚਾਰਕ ਪੱਖ ਨੂੰ ਮਜ਼ਬੂਤ ਕੀਤਾ ਜਾਵੇ ਜਿੱਤ-ਹਾਰ ਖੇਡ ਦਾ ਅਟੁੱਟ ਅੰਗ ਤੇ ਸੱਚਾਈ ਹੈ ਅਜਿਹਾ ਮਾਹੌਲ ਬਣਾਉਣ ਦੀ ਜ਼ਰੂਰਤ ਹੈ ਕਿ ਦਰਸ਼ਕ ਖੇਡ ਦਾ ਨਤੀਜਾ ਸਿਰਫ ਆਪਣੀ ਇੱਛਾ ਅਨੁਸਾਰ ਹੀ ਵੇਖਣ ਦੀ ਸੋਚ ਤੇ ਪ੍ਰਵਿਰਤੀ ਤੋਂ ਮੁਕਤ ਹੋਵੇ ਜਿੱਤ ਦੀ ਇੱਛਾ ਜ਼ਰੂਰੀ ਹੈ ਪਰ ਅਸੀਂ ਹੀ ਜਿੱਤੀਏ ਇਹ ਇੱਕਤਰਫ਼ਾ ਤੇ ਕੱਟੜ ਫ਼ਿਤਰਤ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ