ਜੋਨਲ ਟੂਰਨਾਮੈਂਟ ਦੌਰਾਨ ਦੌਰਾ ਪੈਣ ਕਾਰਨ ਖਿਡਾਰੀ ਦੀ ਹੋਈ ਮੌਤ

  • 20 ਮਿੰਟ ਤੱਕ ਮੈਦਾਨ ‘ਚ ਹੀ ਪਿਆ ਰਿਹਾ ਖਿਡਾਰੀ
  • ਮੌਕੇ ‘ਤੇ ਨਹੀਂ ਸੀ ਸਿਹਤ ਸਹੂਲਤਾਂ
  • ਖਿਡਾਰੀ ਨੂੰ ਸਾਥੀਆਂ ਨੇ ਮੋਟਰਸਾਈਕਲ ‘ਤੇ ਹੀ ਪਹੁੰਚਾਇਆ ਹਸਪਤਾਲ 

ਪਟਿਆਲਾ,  (ਖੁਸ਼ਵੀਰ ਸਿੰਘ ਤੂਰ)। ਇੱਕ ਪਾਸੇ ਸਰਕਾਰਾਂ ਖਿਡਾਰੀਆਂ ਨੂੰ ਚੰਗੇ ਖੇਡ  ਢਾਂਚੇ ਹੇਠ ਸਿਖਲਾਈ ਦੇ ਕੇ ਓਲੰਪਿਕ ਪੱਧਰ ਤੱਕ ਤਮਗਿਆਂ ਦੀਆਂ ਉਮੀਦਾਂ ਪ੍ਰਗਟਾ ਰਹੀਆਂ ਹਨ ਪਰ ਦੂਜੇ ਪਾਸੇ ਹੇਠਲੇ ਪੱਧਰ ‘ਤੇ ਹੀ ਖੇਡ ਪ੍ਰਬੰਧਾਂ ਦਾ ਜਾਨਾਜਾ ਨਿੱਕਲਿਆ ਹੋਇਆ ਹੈ ਇਸ ਦੀ ਤਾਜਾ ਉਦਾਹਰਨ ਅੱਜ ਉਸ ਵੇਲੇ ਮਿਲੀ ਜਦੋਂ ਪਟਿਆਲਾ ਦੇ ਮਲਟੀਪਰਪਜ਼ ਸਰਕਾਰੀ ਸਕੂਲ ਵਿਖੇ ਚੱਲ ਰਹੇ ਜ਼ੋਨਲ ਸਕੂਲ ਕਬੱਡੀ ਮੁਕਾਬਲਿਆਂ ਦੌਰਾਨ ਇੱਕ 18 ਸਾਲਾ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਮੌਕੇ ‘ਤੇ ਕੋਈ ਸਿਹਤ ਸਹੂਲਤਾਂ ਨਹੀਂ ਸੀ ਤੇ ਖਿਡਾਰੀ ਦੇ ਦੋਸਤ ਹੀ ਉਸ ਨੂੰ ਮੋਟਰਸਾਈਕਲ ਰਾਹੀਂ ਇੱਕ ਨਿੱਜੀ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਅਨੁਸਾਰ ਪਟਿਆਲਾ ਦੇ ਮਲਟੀਪਰਪਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 6 ਅਗਸਤ ਤੋਂ 12 ਅਗਸਤ ਤੱਕ ਜ਼ੋਨਲ ਸਕੂਲ ਖੇਡਾਂ ਅੰਡਰ 17 ਅਤੇ 19 ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਸਨ ਅਤੇ ਅੱਜ ਸਵੇਰੇ ਕਰੀਬ 11 ਵਜੇ ਅੰਡਰ 19 ਉਮਰ ਵਰਗ ਦੇ ਤਹਿਤ ਮਾਲਵਾ ਪਬਲਿਕ ਸਕੂਲ ਪਟਿਆਲਾ ਦੀ ਟੀਮ ਆਪਣੀ ਵਿਰੋਧੀ ਟੀਮ ਨਾਲ ਕਬੱਡੀ ਮੈਚ ਖੇਡ ਰਹੀ ਸੀ ਅਤੇ ਇਸੇ ਟੀਮ ਵਿੱਚ 18 ਸਾਲਾ ਸੁਖਜਿੰਦਰ ਸਿੰਘ ਪੁੱਤਰ ਨੇਕੀ ਰਾਮ ਵੀ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਿਹਾ ਸੀ। ਉਸ ਨੇ ਇਸ ਮੈਚ ਦੇ ਹਾਫ ਟਾਈਮ ਤੱਕ 11 ਜੱਫੇ ਅਤੇ 13 ਟੱਚ ਕੀਤੇ ਸਨ। ਇਸ ਦੌਰਾਨ ਖੇਡਦੇ ਹੀ ਅਚਾਨਕ ਕਬੱਡੀ ਖਿਡਾਰੀ ਸੁਖਜਿੰਦਰ ਨੂੰ ਦੌਰਾ ਪਿਆ ਅਤੇ ਉਹ ਡਿੱਗ ਗਿਆ। ਇਸ ਦੌਰਾਨ ਅਧਿਕਾਰੀਆਂ ਦੀ ਅਣਗਹਿਲੀ ਇਸ ਕਦਰ ਤੱਕ ਰਹੀ ਕਿ ਦੌਰਾ ਪੈਣ ਕਾਰਨ ਸੁਖਜਿੰਦਰ ਸਿੰਘ 20 ਮਿੰਟ ਤੱਕ ਖੇਡ ਮੈਦਾਨ ‘ਚ ਹੀ ਪਿਆਰ ਰਿਹਾ ਇਸ ਉਪਰੰਤ ਸੁਖਜਿੰਦਰ ਨੂੰ ਐਬੂਲੈਸ ਜਾਂ ਕਾਰ ਦੀ ਬਜਾਏ ਮੋਟਰਸਾਇਕਲ ਤੇ ਬਿਠਾਕੇ ਨਿੱਜੀ ਹਸਪਤਾਲ ਲਿਆਦਾ ਗਿਆ ਗਿਆ ਜਿੱਥੇ ਡਾਕਟਰਾਂ ਨੇ ਸੁਖਜਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।ਖੇਡ ਮੈਦਾਨ ਵਿੱਚ ਹੋਈ ਸੁਖਜਿੰਦਰ ਦੀ ਮੌਤ ਕਾਰਨ ਜਿਲ੍ਹਾ ਸਿੱਖਿਆ ਵਿਭਾਗ ਅਤੇ ਖੇਡ ਵਿਭਾਗ ਉਪਰ ਸਵਾਲੀਆ ਨਿਸ਼ਾਨ ਲੱਗ ਗਏ ਹਨ।  ਉੱਧਰ ਖਿਡਾਰੀ ਦੀ ਹੋਈ ਮੌਤ ਕਾਰਨ ਇਨਾਂ ਮੁਕਾਬਲਿਆਂ ਨੂੰ 15 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ
ਖਿਡਾਰੀ ਨੂੰ ਪਹਿਲਾਂ ਹੀ ਪੈਂਦੇ ਸੀ ਦੌਰੇ : ਡੀਈਓ
ਸਕੂਲ ਵਿੱਚ ਵਾਪਰੀ ਇਸ ਦੁਖਦਾਈ ਘਟਨਾਂ ਦੀ ਖਬਰ ਮਿਲਦਿਆ ਹੀ ਜਿਲ੍ਹਾਂ ਸਿੱਖਿਆ ਅਫਸਰ ਹਰਿੰਦਰ ਕੌਰ ਮੌਕੇ ਤੇ ਪਹੁੰਚੇ ਜਿਹਨਾਂ ਮੀਡੀਆਂ ਨਾਲ ਗੱਲ੍ਹ ਕਰਦਿਆ ਸੁਖਜਿੰਦਰ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੁਖ ਦਾ ਪ੍ਰਗਟਾਵਾ ਕੀਤਾ।  ਜਦੋਂ ਉਨ੍ਹਾਂ ਨੂੰ ਮੈਦਾਨ ਵਿੱਚ ਕੋਈ ਵੀ ਮੈਡੀਕਲ ਸਹੂਲਤ ਨਾ ਹੋਣ ਤੇ ਸਵਾਲ ਪੁੱਛਿਆ ਤਾਂ ਉਨ੍ਹਾਂ ਆਪਣਾ ਬਚਾਅ ਕਰਦਿਆ ਦੱਸਿਆ ਕਿ ਸੁਖਜਿੰਦਰ ਨੂੰ ਪਹਿਲਾ ਤੋ ਹੀ ਦੌਰੇ ਪੈਦੇ ਸਨ ਪਰ ਉਸਦੇ ਸਕੂਲ ਅਧਿਆਪਕਾਂ ਵੱਲ੍ਹੋ ਇਸ ਗੱਲ੍ਹ ਨੂੰ ਗੰਭੀਰਤਾ ਨਾਲ ਨਹੀ ਲਿਆ ਗਿਆ।
ਸਿਹਤ ਵਿਭਾਗ ਨਹੀਂ ਵਿਖਾਉਂਦਾ ਗੰਭੀਰਤਾ
ਇਸ ਸਬੰਧੀ ਗੱਲਬਾਤ ਕਰਦਿਆਂ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਵਾਰ ਸਿਹਤ ਵਿਭਾਗ ਨੂੰ ਖੇਡਾਂ ਦੌਰਾਨ ਸਹੂਲਤਾਂ ਦੇਣ ਲਈ ਪੱਤਰ ਲਿਖਿਆ ਜਾਦਾ ਹੈ ਪਰ ਇਸ ਨੂੰ ਗੰਭੀਰਤਾਂ ਨਾਲ ਨਹੀਂ ਲਿਆ ਜਾਂਦਾ।