ਯੋਗੇਸ਼ ਕੁਮਾਰ ਗੋਇਲ
ਲੋਕਾਂ ਨੂੰ ਸਾਖ਼ਰਤਾ ਦੇ ਮਹੱਤਵ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰ ਸਾਲ 8 ਸਤੰਬਰ ਨੂੰ ਸੰਸਾਰ ਭਰ ਵਿੱਚ ‘ਕੌਮਾਂਤਰੀ ਸਾਖ਼ਰਤਾ ਦਿਵਸ’ ਮਨਾਇਆ ਜਾਂਦਾ ਹੈ। ਦੁਨੀਆ ਤੋਂ ਅਨਪੜ੍ਹਤਾ ਖ਼ਤਮ ਕਰਨ ਦੇ ਸੰਕਲਪ ਦੇ ਨਾਲ ਅੱਜ 53ਵਾਂ ‘ਕੌਮਾਂਤਰੀ ਸਾਖ਼ਰਤਾ ਦਿਵਸ’ ਮਨਾਇਆ ਜਾ ਰਿਹਾ ਹੈ। ਪਹਿਲੀ ਵਾਰ ਯੂਨੈਸਕੋ (ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ) ਦੁਆਰਾ 17 ਨਵੰਬਰ 1965 ਨੂੰ 8 ਸਤੰਬਰ ਨੂੰ ਹੀ ਕੌਮਾਂਤਰੀ ਸਾਖ਼ਰਤਾ ਦਿਵਸ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪਹਿਲੀ ਵਾਰ 8 ਸਤੰਬਰ 1966 ਨੂੰ ਪਹਿਲੀ ਵਾਰ ਇਹ ਦਿਵਸ ਮਨਾਇਆ ਗਿਆ। ਮਨੁੱਖੀ ਵਿਕਾਸ ਅਤੇ ਸਮਾਜ ਲਈ ਉਨ੍ਹਾਂ ਦੇ ਅਧਿਕਾਰਾਂ ਨੂੰ ਜਾਣਨ ਅਤੇ ਸਾਖ਼ਰਤਾ ਵੱਲ ਮਨੁੱਖੀ ਚੇਤਨਾ ਨੂੰ ਉਤਸ਼ਾਹ ਦੇਣ ਲਈ ਹੀ ਕੌਮਾਂਤਰੀ ਸਾਖ਼ਰਤਾ ਦਿਵਸ ਮਨਾਇਆ ਜਾਂਦਾ ਹੈ।ਸਾਖ਼ਰਤਾ ਦਿਵਸ ਦੇ ਮੌਕੇ ’ਤੇ ਅਨਪੜ੍ਹਤਾ ਖ਼ਤਮ ਕਰਨ ਲਈ ਜਨ-ਜਾਗਰੂਕਤਾ ਨੂੰ ਉਤਸ਼ਾਹ ਦੇਣ ਦੇ ਪੱਖ ’ਚ ਮਾਹੌਲ ਤਿਆਰ ਕੀਤਾ ਜਾਂਦਾ ਹੈ। ਇਹ ਦਿਨ ਲਗਾਤਾਰ ਸਿੱਖਿਆ ਨੂੰ ਪ੍ਰਾਪਤ ਕਰਨ ਵੱਲ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਲਈ ਮਨਾਇਆ ਜਾਂਦਾ ਹੈ।
ਦੁਨੀਆ ਭਰ ਵਿੱਚ ਅੱਜ ਵੀ ਅਨੇਕ ਲੋਕ ਅਨਪੜ੍ਹ ਹਨ ਅਤੇ ਇਹ ਦਿਨ ਮਨਾਉਣ ਦਾ ਮੁੱਖ ਉਦੇਸ਼ ਵਿਅਕਤੀਗਤ, ਸਮੁਦਾਇਕ ਅਤੇ ਸਮਾਜਿਕ ਤੌਰ ’ਤੇ ਸਾਖ਼ਰਤਾ ਦੇ ਮਹੱਤਵ ’ਤੇ ਚਾਨਣਾ ਪਾਉਂਦੇ ਹੋਏ ਸੰਸਾਰ ਵਿੱਚ ਸਾਰੇ ਲੋਕਾਂ ਨੂੰ ਸਿੱਖਿਅਤ ਕਰਨਾ ਹੀ ਹੈ। ਸਾਖ਼ਰਤਾ ਦਿਵਸ ਦੇ ਜ਼ਰੀਏ ਇਹੀ ਯਤਨ ਕੀਤੇ ਜਾਂਦੇ ਹਨ ਕਿ ਤਮਾਮ ਬੱਚਿਆਂ, ਬਾਲਗਾਂ, ਔਰਤਾਂ ਤੇ ਬਜ਼ੁਰਗਾਂ ਨੂੰ ਵੀ ਸਾਖ਼ਰ ਬਣਾਇਆ ਜਾਵੇ।
ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਦੁਨੀਆ ਭਰ ਵਿੱਚ ਫਿਲਹਾਲ ਲਗਭਗ 4 ਅਰਬ ਲੋਕ ਪੜ੍ਹੇ-ਲਿਖੇ ਹਨ ਪਰ ਵਿਡੰਬਨਾ ਇਹ ਹੈ ਕਿ ਅੱਜ ਵੀ ਸੰਸਾਰ ਭਰ ਵਿੱਚ ਕਰੀਬ ਇੱਕ ਅਰਬ ਲੋਕ ਅਜਿਹੇ ਹਨ, ਜੋ ਪੜ੍ਹਨਾ-ਲਿਖਣਾ ਨਹੀਂ ਜਾਣਦੇ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਦੁਨੀਆ ਭਰ ਵਿੱਚ 77 ਕਰੋੜ ਤੋਂ ਵੀ ਜ਼ਿਆਦਾ ਯੁਵਾ ਵੀ ਸਾਖ਼ਰਤਾ ਦੀ ਕਮੀ ਨਾਲ ਪ੍ਰਭਾਵਿਤ ਹਨ, ਜਿਨ੍ਹਾਂ ’ਚੋਂ ਦੋ ਤਿਹਾਈ ਔਰਤਾਂ ਹਨ। ਅੰਕੜੇ ਦੱਸਦੇ ਹਨ ਕਿ 6-7 ਕਰੋੜ ਬੱਚੇ ਅੱਜ ਵੀ ਅਜਿਹੇ ਹਨ, ਜੋ ਕਦੇ ਸਕੂਲ ਤੱਕ ਨਹੀਂ ਪੁੱਜਦੇ ਜਦੋਂਕਿ ਬਹੁਤ ਸਾਰੇ ਬੱਚੇ ਕਿਸੇ ਨਾ ਕਿਸੇ ਕਾਰਨ ਕਰਕੇ ਸਕੂਲ ਜਾਣਾ ਵਿਚਾਲੇ ਹੀ ਛੱਡ ਦਿੰਦੇ ਹਨ। ਕਰੀਬ 58 ਫੀਸਦੀ ਦੇ ਨਾਲ ਸਭ ਤੋਂ ਘੱਟ ਬਾਲਗ ਸਾਖ਼ਰਤਾ ਦਰ ਦੇ ਮਾਮਲੇ ਵਿੱਚ ਦੱਖਣੀ ਅਤੇ ਪੱਛਮੀ ਏਸ਼ੀਆ ਸਭ ਤੋਂ ਜਿਆਦਾ ਪੱਛੜਿਆ ਹੈ।
ਸਮਾਜਿਕ ਤਰੱਕੀ ’ਤੇ ਧਿਆਨ ਦੇਣ ਲਈ 2006 ਵਿੱਚ ਕੌਮਾਂਤਰੀ ਸਾਖ਼ਰਤਾ ਦਿਵਸ ਦਾ ਵਿਸ਼ਾ ‘ਸਾਖ਼ਰਤਾ ਸਮੁੱਚਾ ਵਿਕਾਸ’ ਰੱਖਿਆ ਗਿਆ ਸੀ। ਸਾਲ 2007 ਅਤੇ 2008 ’ਚ ਕੌਮਾਂਤਰੀ ਸਾਖ਼ਰਤਾ ਦਿਵਸ ਦੀ ਵਿਸ਼ਾ-ਵਸਤੂ ‘ਸਾਖ਼ਰਤਾ ਅਤੇ ਸਿਹਤ’ ਸੀ ਸਾਲ 2009 ਵਿੱਚ ਲੈਂਗਿਕ ਸਮਾਨਤਾ ਅਤੇ ਔਰਤ ਮਜ਼ਬੂਤੀਕਰਨ ’ਤੇ ਧਿਆਨ ਦੇਣ ਲਈ ਇਸਦਾ ਵਿਸ਼ਾ ‘ਸਾਖ਼ਰਤਾ ਅਤੇ ਸ਼ਕਤੀਕਰਨ’ ਰੱਖਿਆ ਗਿਆ ਸੀ ਜਦੋਂ ਕਿ 2010 ਦਾ ਥੀਮ ‘ਸਾਖ਼ਰਤਾ ਵਿਕਾਸ ਨੂੰ ਬਣਾਏ ਰੱਖਣਾ’ ਸੀ। 2011 ਵਿੱਚ ਕੌਮਾਂਤਰੀ ਸਾਖ਼ਰਤਾ ਦਿਵਸ ਲਈ ਥੀਮ ‘ਸਾਖ਼ਰਤਾ ਅਤੇ ਮਹਾਂਮਾਰੀ’ (ਐਚਆਈਵੀ, ਟੀਬੀ ਰੋਗ, ਮਲੇਰੀਆ ਆਦਿ ਸੰਕਰਮਣ ਵਾਲੀਆਂ ਬਿਮਾਰੀਆਂ) ’ਤੇ ਧਿਆਨ ਕੇਂਦਰਿਤ ਕਰਨ ਲਈ ਸੀ। 2012 ਵਿੱਚ ਲੈਂਗਿਕ ਸਮਾਨਤਾ ਅਤੇ ਔਰਤਾਂ ਨੂੰ ਮਜ਼ਬੂਤ ਬਣਾਉਣ ’ਤੇ ਧਿਆਨ ਕੇਂਦਰਿਤ ਕਰਨ ਲਈ ਥੀਮ ਸੀ ‘ਸਾਖ਼ਰਤਾ ਅਤੇ ਮਜ਼ਬੂਤੀਕਰਨ’। 2013 ਵਿੱਚ ਸ਼ਾਂਤੀ ਲਈ ਸਾਖ਼ਰਤਾ ਦੇ ਮਹੱਤਵ ’ਤੇ ਧਿਆਨ ਕੇਂਦਰਿਤ ਕਰਨ ਲਈ ‘ਸਾਖ਼ਰਤਾ ਅਤੇ ਸ਼ਾਂਤੀ’, 2014 ਵਿੱਚ ‘21ਵੀਂ ਸ਼ਤਾਬਦੀ ਲਈ ਸਾਖ਼ਰਤਾ’, 2015 ਵਿੱਚ ‘ਸਾਖ਼ਰਤਾ ਅਤੇ ਸਮੁੱਚਾ ਵਿਕਾਸ’, 2016 ਵਿੱਚ ‘ਅਤੀਤ ਪੜ੍ਹਨਾ, ਭਵਿੱਖ ਲਿਖਣਾ’, 2017 ਵਿੱਚ ‘ਡਿਜ਼ੀਟਲ ਦੁਨੀਆ ਵਿੱਚ ਸਾਖ਼ਰਤਾ’ ਅਤੇ 2018 ਵਿੱਚ ‘ਸਾਖ਼ਰਤਾ ਅਤੇ ਕੌਸ਼ਲ ਵਿਕਾਸ’ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ ਦੇ ਥੀਮ ਸਨ।
ਸਾਖ਼ਰਤਾ ਦਾ ਮਤਲਬ ਸਿਰਫ਼ ਪੜ੍ਹਨਾ-ਲਿਖਣਾ ਹੀ ਨਹੀਂ ਹੈ ਸਗੋਂ ਸਫਲਤਾ ਅਤੇ ਜੀਣ ਲਈ ਵੀ ਸਾਖ਼ਰਤਾ ਬੇਹੱਦ ਮਹੱਤਵਪੂਰਨ ਹੈ। ਇਹ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਜਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਦੇ ਹੋਏ ਸਮਾਜਿਕ ਵਿਕਾਸ ਦਾ ਅਧਾਰ ਬਣ ਸਕਦੀ ਹੈ।
ਭਾਰਤ ਹੋਵੇ ਜਾਂ ਦੁਨੀਆ ਦੇ ਹੋਰ ਦੇਸ਼, ਗਰੀਬੀ ਮਿਟਾਉਣਾ, ਬਾਲ ਮੌਤ ਦਰ ਘੱਟ ਕਰਨਾ, ਅਬਾਦੀ ਵਾਧੇ ’ਤੇ ਕੰਟਰੋਲ ਕਰਨਾ, ਲੈਂਗਿਕ ਸਮਾਨਤਾ ਪ੍ਰਾਪਤ ਕਰਨਾ ਆਦਿ ਸਮੱਸਿਆਵਾਂ ਦੇ ਜੜ੍ਹੋਂ ਖ਼ਾਤਮੇ ਲਈ ਸਾਰੇ ਦੇਸ਼ਾਂ ਦਾ ਪੂਰਨ ਸਾਖ਼ਰ ਹੋਣਾ ਬੇਹੱਦ ਜ਼ਰੂਰੀ ਹੈ। ਸਾਖ਼ਰਤਾ ਵਿੱਚ ਹੀ ਉਹ ਸਮਰੱਥਾ ਹੈ, ਜੋ ਪਰਿਵਾਰ ਅਤੇ ਦੇਸ਼ ਦਾ ਮਾਣ ਵਧਾ ਸਕਦੀ ਹੈ। ਅੰਕੜੇ ਵੇਖੀਏ ਤਾਂ ਦੁਨੀਆ ਵਿੱਚ 127 ਦੇਸ਼ਾਂ ’ਚੋਂ 101 ਦੇਸ਼ ਅਜਿਹੇ ਹਨ, ਜੋ ਪੂਰਨ ਸਾਖ਼ਰਤਾ ਹਾਸਲ ਕਰਨ ਦੇ ਟੀਚੇ ਤੋਂ ਹਾਲੇ ਦੂਰ ਹਨ ਤੇ ਚਿੰਤਾ ਦੀ ਗੱਲ ਹੈ ਕਿ ਭਾਰਤ ਵੀ ਇਨ੍ਹਾਂ ’ਚ ਸ਼ਾਮਿਲ ਹੈ । ਜੇਕਰ ਗੱਲ ਭਾਰਤ ਦੀ ਕਰੀਏ ਤਾਂ ਅਜ਼ਾਦੀ ਪ੍ਰਾਪਤੀ ਦੇ ਬਾਅਦ ਤੋਂ ਅਨਪੜ੍ਹਤਾ ਖ਼ਤਮ ਕਰਨਾ ਭਾਰਤ ਲਈ ਮੁੱਖ ਚਿੰਤਾ ਦਾ ਵਿਸ਼ਾ ਰਿਹਾ ਹੈ। ਸਾਡੇ ਇੱਥੇ ‘ਰਾਸ਼ਟਰੀ ਸਾਖ਼ਰਤਾ ਮਿਸ਼ਨ ਅਥਾਰਿਟੀ’ ਰਾਸ਼ਟਰੀ ਪੱਧਰ ਦੀ ਸੀਨੀਅਰ ਏਜੰਸੀ ਹੈ ਤੇ ਇਹ ਅਥਾਰਿਟੀ ਸਾਲ 1988 ਤੋਂ ਹੀ ਲਗਾਤਾਰ ‘ਕੌਮਾਂਤਰੀ ਸਾਖ਼ਰਤਾ ਦਿਵਸ’ ਮਨਾਉਂਦੀ ਰਹੀ ਹੈ।
ਸਾਲ 2011 ਦੀ ਜਨਗਣਨਾ ਮੁਤਾਬਕ ਭਾਰਤ ਵਿੱਚ ਕਰੀਬ 74 ਫੀਸਦੀ ਨਾਗਰਿਕ ਪੜ੍ਹੇ-ਲਿਖੇ ਹਨ ਜਦੋਂਕਿ ਬ੍ਰਿਟਿਸ਼ ਸ਼ਾਸਨ ਦੌਰਾਨ ਸਿਰਫ 12 ਫੀਸਦੀ ਲੋਕ ਹੀ ਪੜ੍ਹੇ-ਲਿਖੇ ਸਨ। ਕੇਰਲ ਵਿੱਚ ਸਾਖ਼ਰਤਾ ਫ਼ੀਸਦੀ ਸਭ ਤੋਂ ਜਿਆਦਾ 93.91 ਫੀਸਦੀ ਜਦੋਂਕਿ ਬਿਹਾਰ ਵਿੱਚ ਸਭ ਤੋਂ ਘੱਟੋ-ਘੱਟ 63.82 ਫੀਸਦੀ ਹੈ। ਦੇਸ਼ ਵਿੱਚ ਸਕੂਲਾਂ ਦੀ ਕਮੀ, ਸਕੂਲਾਂ ਵਿੱਚ ਪਖਾਨਿਆਂ ਆਦਿ ਦੀ ਕਮੀ, ਗਰੀਬੀ, ਜਾਤੀਵਾਦ, ਲੜਕੀਆਂ ਦੇ ਨਾਲ ਛੇੜਛਾੜ ਜਾਂ ਜ਼ਬਰ ਜਿਨਾਹ ਵਰਗੀਆਂ ਘਟਨਾਵਾਂ ਦਾ ਡਰ, ਜਾਗਰੂਕਤਾ ਦੀ ਕਮੀ ਆਦਿ ਸਾਖ਼ਰਤਾ ਦਾ ਟੀਚਾ ਹਾਸਲ ਨਾ ਹੋ ਸਕਣ ਦੇ ਮੁੱਖ ਕਾਰਨ ਹਨ। ਇਸ ਲਈ ਇਨ੍ਹਾਂ ਦੇ ਹੱਲ ਲਈ ਗੰਭੀਰ ਯਤਨ ਹੋਣੇ ਬਹੁਤ ਜ਼ਰੂਰੀ ਹਨ ਤਾਂ ਕਿ ਭਾਰਤ ਇੱਕ ਪੂਰਨ ਸਾਖ਼ਰ ਰਾਸ਼ਟਰ ਬਣਨ ਦਾ ਮਾਣ ਹਾਸਲ ਕਰ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।