ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, January 23, 2026
More
    Home ਸਿਹਤ ਪੈਪਟਿਕ ਅਲਸਰ-ਕ...

    ਪੈਪਟਿਕ ਅਲਸਰ-ਕਾਰਨ, ਲੱਛਣ ਤੇ ਇਲਾਜ

    ਪੈਪਟਿਕ ਅਲਸਰ-ਕਾਰਨ, ਲੱਛਣ ਤੇ ਇਲਾਜ

    ਭੱਜ-ਨੱਠ ਅਤੇ ਤਣਾਅਪੂਰਨ ਮਾਹੌਲ ਵਿਚ ਜਦੋਂ ਲੋਕਾਂ ਦਾ ਜੀਵਨ ਵੀ ਤਣਾਅਪੂਰਨ ਬੀਤ ਰਿਹਾ ਹੋਵੇ ਅਤੇ ਲੋਕਾਂ ਦਾ ਖਾਣ-ਪੀਣ ਵੀ ਸਹੀ ਵਕਤ ’ਤੇ ਅਤੇ ਸੰਤੁਲਿਤ ਨਾ ਹੋਵੇ ਤਾਂ ਪੇਟ ਦੇ ਰੋਗਾਂ ਦੀ ਗਿਣਤੀ ’ਚ ਵਾਧਾ ਸਹਿਜੇ ਹੀ ਹੋ ਜਾਂਦਾ ਹੈ ਅਜਿਹਾ ਹੀ ਇੱਕ ਤੇਜੀ ਨਾਲ ਵਧ ਰਿਹਾ ਤੇ ਸਹੀ ਸਮੇਂ ’ਤੇ ਇਲਾਜ ਨਾ ਕਰਵਾਉਣ ਕਾਰਨ ਜ਼ਖ਼ਮ ਤੋਂ ਨਾਸੂਰ ਦਾ ਰੂਪ ਲੈਣ ਵਾਲਾ ਘਾਤਕ ਰੋਗ ਹੈ ਪੈਪਟਿਕ ਅਲਸਰ ਪੈਪਟਿਕ ਅਲਸਰ ਉਹ ਰੋਗ ਹੈ ਜਿਸ ਵਿੱਚ ਭੋਜਨ ਖਾਣ ਪ੍ਰਣਾਲੀ ਦੀ ਰੱਖਿਆ ਕਰਨ ਵਾਲੀ ਤਹਿ (ਮੁਕੰਸਾ) ਵਿੱਚ ਹਾਈਡ੍ਰੋਕਲੋਰਿਕ ਐਸਿਡ (ਪੇਟ ਦਾ ਤੇਜ਼ਾਬ) ਅਤੇ ਪੈਪਸਿਲ ਦੇ ਸੰਪਰਕ ਨਾਲ ਜ਼ਖਮ ਜਿਹਾ ਹੋ ਜਾਂਦਾ ਹੈ

    ਹਾਲਾਂਕਿ ਪੈਪਟਿਕ ਅਲਸਰ ਭੋਜਨ ਪ੍ਰਣਾਲੀ ਦੇ ਕਿਸੇ ਵੀ ਉਸ ਹਿੱਸੇ ਵਿੱਚ ਹੋ ਸਕਦਾ ਹੈ ਜਿਹੜਾ ਕਿ ਐੱਚਸੀਐੱਲ ਅਤੇ ਪੈਪਸਿਨ ਦੇ ਸੰਪਰਕ ਵਿਚ ਆਉਂਦਾ ਹੈ ਪਰ ਮੁੱਖ ਤੌਰ ’ਤੇ ਇਹ ਮਿਹਦੇ ਵਿਚ ਅਤੇ ਗ੍ਰਹਿਣੀ ਵਿਚ ਜਿਆਦਾ ਪਾਇਆ ਜਾਂਦਾ ਹੈ ਉਂਜ ਤਾਂ ਐੱਚਸੀਐੱਲ ਅਤੇ ਪੈਪਸਿਨ ਦਾ ਮੁੱਖ ਕੰਮ ਭੋਜਨ ਨੂੰ ਹਜ਼ਮ ਕਰਨ ਵਿਚ ਸਹਾਇਤਾ ਕਰਨਾ ਹੁੰਦਾ ਹੈ ਇਸ ਲਈ ਇਹ ਦੋਵੇਂ ਹੀ ਸਾਡੇ ਸਰੀਰ ਵਿਚ ਜ਼ਰੂਰੀ ਹਨ ਪਰ ਜਦੋਂ ਇਨ੍ਹਾਂ ਦਾ ਸਰੀਰ ਵਿਚ ਵਾਧਾ-ਘਾਟਾ ਹੁੰਦਾ ਹੈ ਤਾਂ ਇਹ ਰੋਗ ਦਾ ਰੂਪ ਲੈ ਲੈਂਦਾ ਹੈ ਔਰਤਾਂ ਦੇ ਮੁਕਾਬਲੇ ਪੁਰਸ਼ਾਂ ’ਚ ਪੈਪਟਿਕ ਅਲਸਰ ਜ਼ਿਆਦਾ ਪਾਇਆ ਜਾਂਦਾ ਹੈ

    ਕਾਰਨ:

    • ਭੋਜਨ ਵਿਚ ਮਸਾਲੇਦਾਰ, ਖੱਟੇ ਅਤੇ ਤਲੇ ਪਦਾਰਥ ਜ਼ਿਆਦਾ ਮਾਤਰਾ ਵਿਚ ਖਾਣ ਵਾਲਿਆਂ ਨੂੰ ਪੈਪਟਿਕ ਅਲਸਰ ਹੋਣ ਦੀ ਸੰਭਾਵਨਾ ਰਹਿੰਦੀ ਹੈ
    • ਮਿਹਦੇ ਦੀ ਪੁਰਾਣੀ ਸੋਜ਼ ਪੈਪਟਿਕ ਅਲਸਰ ਦਾ ਕਾਰਨ ਬਣ ਜਾਂਦੀ ਹੈ
    • ਕੁਝ ਦਵਾਈਆਂ ਜਿਵੇਂ ਦਰਦ ਨਾਸ਼ਕ, ਆਈਬਰੂਫਨ ਆਦਿ ਸਟੀਰਾਇਡ ਦਵਾਈਆਂ ਆਦਿ ਦੀ ਬੇਲੋੜੀ ਵਰਤੋਂ ਪੈਪਟਿਕ ਅਲਸਰ ਦਾ ਕਾਰਨ ਬਣ ਜਾਂਦੀ ਹੈ
    • ਕੁਝ ਲੋਕਾਂ ਵਿਚ ਐੱਚ ਪਾਈਲੋਰੀ ਨਾਮਕ ਕੀਟਾਣੂ ਵੀ ਪੈਪਟਿਕ ਅਲਸਰ ਪੈਦਾ ਕਰਨ ਵਿਚ ਬਹੁਤ ਵੱਡਾ ਕਾਰਨ ਹੈ
    • ਇੱਕ ਖੋਜ ਮੁਤਾਬਕ ਜਿਨ੍ਹਾਂ ਲੋਕਾਂ ਦੇ ਖੂਨ ਦਾ ਗਰੁੱਪ ਓ ਹੁੰਦਾ ਹੈ, ਉਨ੍ਹਾਂ ਲੋਕਾਂ ਨੂੰ ਪੈਪਟਿਕ ਅਲਸਰ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ

    ਲੱਛਣ:

    ਲੱਛਣਾਂ ਦੇ ਪੱਖ ਤੋਂ ਪੈਪਟਿਕ ਅਲਸਰ ਨੂੰ ਅਸੀਂ ਦੋ ਭਾਗਾਂ ਵਿਚ ਵੰਡ ਸਕਦੇ ਹਾਂ- ਮਿਹਦੇ ਦੇ ਅਲਸਰ ਦੇ ਲੱਛਣ ਅਤੇ ਗ੍ਰਹਿਣੀ ਦੇ ਅਲਸਰ ਦੇ ਲੱਛਣ ਮਿਹਦੇ ਦਾ ਅਲਸਰ ਗ੍ਰਹਿਣੀ ਦੇ ਅਲਸਰ ਦੇ ਅਨੁਪਾਤ ਵਿਚ ਘੱਟ ਹੁੰਦਾ ਹੈ ਅਤੇ ਇਹ ਜ਼ਿਆਦਾ ਛੇਵੇਂ ਦਹਾਕੇ ਦੀ ਉਮਰ ਦੇ ਨੇੜੇ-ਤੇੜੇ ਹੁੰਦਾ ਹੈ ਇਸ ਵਿਚ ਮਰੀਜ਼ ਖਾਣਾ ਖਾਣ ਤੋਂ ਕੁਝ ਚਿਰ ਬਾਅਦ ੳੱੱਪਰਲੇ ਹਿੱਸੇ ਵਿਚ ਦਰਦ ਮਹਿਸੂਸ ਕਰਦਾ ਹੈ ਕਦੇ-ਕਦਾਈਂ ਉਸ ਨੂੰ ਉਲਟੀ ਵੀ ਆਉਂਦੀ ਹੈ ਸਮਾਂ ਪਾ ਕੇ ਉਸਦਾ ਭਾਰ ਵੀ ਘਟਣ ਲੱਗ ਜਾਂਦਾ ਹੈ ਅਤੇ ਇਲਾਜ ਵਿਚ ਦੇਰੀ ਦੀ ਸੂਰਤ ਵਿਚ ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ ਰੋਗੀ ਦੀ ਭੁੱਖ ਘਟ ਜਾਂਦੀ ਹੈ

    ਗ੍ਰਹਿਣੀ ਦੇ ਅਲਸਰ ਵਿਚ ਮਰੀਜ਼ ਨੂੰ ਖਾਲੀ ਪੇਟ ਦਰਦ ਹੁੰਦਾ ਹੈ ਅਤੇ ਜਿਆਦਾਤਰ ਦੇਰ ਰਾਤ ਨੂੰ ਸੁੱਤੇ-ਸੁੱਤੇ ਅਚਾਨਕ ਦਰਦ ਹੋਣ ਲੱਗਦਾ ਹੈ ਅਤੇ ਕੁਝ ਖਾਣ ਤੋਂ ਬਾਅਦ ਦਰਦ ਘਟ ਜਾਂਦਾ ਹੈ ਰੋਗੀ ਨੂੰ ਉਲਟੀ ਘੱਟ ਆਉਂਦੀ ਹੈ ਜਾਂ ਨਹੀਂ ਆਉਂਦੀ ਮਰੀਜ਼ ਦਾ ਭਾਰ ਨਹੀਂ ਘਟਦਾ ਅਤੇ ਖੂਨ ਦੀ ਉਲਟੀ ਵੀ ਘੱਟ ਆਉਂਦੀ ਹੈ

    ਦੋਵਾਂ ਹਾਲਾਤਾਂ ਵਿਚ ਦਰਦਾਂ ਦਾ ਦੌਰਾ 2 ਤੋਂ 6 ਹਫਤੇ ਤੱਕ ਰਹਿ ਸਕਦਾ ਹੈ ਉਸ ਤੋਂ ਬਾਅਦ 2 ਤੋਂ 4 ਮਹੀਨੇ ਤੱਕ ਮਰੀਜ਼ ਠੀਕ ਰਹਿੰਦਾ ਹੈ, ਫਿਰ ਦਰਦ ਦਾ ਦੌਰਾ ਸ਼ੁਰੂ ਹੋ ਜਾਂਦਾ ਹੈ ਦੋਵਾਂ ਤਰ੍ਹਾਂ ਦੇ ਪੈਪਟਿਕ ਅਲਸਰ ਵਿਚ ਮਰੀਜ਼ ਦੀ ਛਾਤੀ ਵਿਚ ਸਾੜ ਪੈਣ ਲੱਗ ਜਾਂਦਾ ਹੈ ਕਦੇ-ਕਦਾਈਂ ਖੱਟੇ ਡਕਾਰ ਵੀ ਆਉਂਦੇ ਹਨ ਸ਼ੱਕ ਦੂਰ ਕਰਨ ਲਈ ਟੈਸਟ ਐਲੋਪੈਥੀ ਵਿਚ ਮੁੱਖ ਤੌਰ ’ਤੇ ਯੂਜੀ ਇੰਡੋਸਕੋਪੀ, ਐੱਚ ਪਾਇਲੋਰੀ ਟੈਸਟਿੰਗ ਬੇਰੀਅਮ ਮੀਲ ਐਗਜਾਮੀਨੇਸ਼ਨ ਮੁੱਖ ਤੌਰ ’ਤੇ ਕਰਵਾਏ ਜਾ ਸਕਦੇ ਹਨ

    ਇਲਾਜ:

    ਇਲਾਜ ਦੇ ਪੱਖੋਂ ਐਲੋਪੈਥੀ ਅਤੇ ਆਯੁਰਵੇਦ ਦੋਵਾਂ ਵਿਚ ਪੈਪਟਿਕ ਅਲਸਰ ਦਾ ਇਲਾਜ ਕਾਫੀ ਹੱਦ ਤੱਕ ਸੰਭਵ ਹੈ ਇਸ ਦੀ ਪੂਰਨ ਜਾਂਚ-ਪੜਤਾਲ ਤੋਂ ਬਾਅਦ ਹੀ ਇਲਾਜ ਵੱਲ ਆਉਣਾ ਚਾਹੀਦਾ ਹੈ ਅਤੇ ਇਲਾਜ ਹਮੇਸ਼ਾ ਚੰਗੇ ਡਾਕਟਰ ਤੋਂ ਕਰਵਾਉਣਾ ਚਾਹੀਦਾ ਹੈ ਘਰੇਲੂ ਇਲਾਜ ਵਿਚ ਸੁੱਕੇ ਔਲੇ ਦਾ ਪਾਊਡਰ ਅਤੇ ਨਾਰੀਅਲ ਪਾਣੀ ਦਾ ਸੇਵਨ ਬਹੁਤ ਚੰਗਾ ਹੈ ਐਲੋਪੈਥੀ ਵਿਚ ਕਈ ਤਰ੍ਹਾਂ ਦੀਆਂ ਦਵਾਈਆਂ ਹਨ ਪਰ ਇਹ ਸਾਰੀਆਂ ਦਵਾਈਆਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਲੈਣੀਆਂ ਚਾਹੀਦੀਆਂ ਹਨ ਜਿਹੜੇ ਪੈਪਟਿਕ ਅਲਸਰ ਦਵਾਈਆਂ ਨਾਲ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ ਜਾਂ ਐੱਚ ਪਾਇਲੋਰੀ ਨਾਮਕ ਕੀਟਾਣੂ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ, ਉਨ੍ਹਾਂ ਲਈ ਕੁਝ ਆਪ੍ਰੇਸ਼ਨ ਵੀ ਕਰਵਾਏ ਜਾ ਸਕਦੇ ਹਨ ਜੇ ਪੈਪਟਿਕ ਅਲਸਰ ਜਵਾਨੀ ਵੇਲੇ ਹੋ ਗਿਆ ਹੋਵੇ ਜਾਂ ਪੈਪਟਿਕ ਅਲਸਰ ਨੇ ਕੋਈ ਗੁੰਝਲ ਪੈਦਾ ਕਰ ਦਿੱਤੀ ਹੋਵੇ ਤਾਂ ਆਪ੍ਰੇਸ਼ਨ ਕਰਵਾਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕੁਝ ਸਟੇਜ਼ਾਂ ’ਤੇ ਜਿਹੜੇ ਆਪ੍ਰੇਸ਼ਨ ਹਨ, ਉਹ ਇਹ ਹਨ:-

    • ਗੈਸਟਰੋ ਐਨਟਰੋਸਟੋਮੀ
    • ਟਰੰਕਲ ਵੈਗੋਟੋਮੀ
    • ਸਿਲੇਕਟਿਵ ਵੈਗੋਟੋਮੀ
    • ਪਾਰਸ਼ਲ ਗੈਸਟਰੋਸਟਮੀ

    ਪਰ ਇਨ੍ਹਾਂ ਸਾਰੇ ਆਪ੍ਰੇਸ਼ਨਾਂ ਵਿਚੋਂ ਕੋਈ ਇੱਕ ਆਪ੍ਰੇਸ਼ਨ ਸਾਰੇ ਰੋਗੀਆਂ ਲਈ ਅਨੁਕੂਲ ਨਹੀਂ ਹੈ ਵੱਖ-ਵੱਖ ਰੋਗੀਆਂ ਲਈ ਵੱਖ-ਵੱਖ ਆਪ੍ਰੇਸ਼ਨ ਕੀਤੇ ਜਾਂਦੇ ਹਨ

    ਪੈਪਟਿਕ ਅਲਸਰ ਉਹ ਜ਼ਖਮ ਹੈ ਜਿਹੜਾ ਅਣਗਹਿਲੀ ਕਾਰਨ ਹੌਲੀ-ਹੌਲੀ ਨਾਸੂਰ ਦਾ ਰੂਪ ਧਾਰਨ ਕਰ ਸਕਦਾ ਹੈ ਇਸ ਕਰਕੇ ਰੋਗ ਦਾ ਪਤਾ ਲੱਗ ਜਾਣ ’ਤੇ ਚੰਗੇ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ ਤੇ ਕੁਝ ਲੋੜੀਂਦੇ ਉਪਾਅ ਕਰਨੇ ਚਾਹੀਦੇ ਹਨ, ਜਿਵੇਂ:-

    • -ਭੋਜਨ ਘੱਟ ਅਤੇ ਜ਼ਿਆਦਾ ਵਾਰ ਖਾਣਾ ਚਾਹੀਦਾ ਹੈ ਅਰਥਾਤ ਭੋਜਨ ਦੀ ਮਾਤਰਾ ਘਟਾ ਕੇ ਉਸ ਨੂੰ ਦਿਨ ਵਿਚ ਜਿਆਦਾ ਵਾਰ ਖਾਣਾ ਚਾਹੀਦਾ ਹੈ ਭੋਜਨ ਪੂਰਾ ਪਕਾ ਕੇ ਅਤੇ ਚਬਾ ਕੇ ਹੌਲੀ-ਹੌਲੀ ਖਾਣਾ ਚਾਹੀਦਾ ਹੈ
    • -ਭੋਜਨ ਵਿਚ ਮਿਰਚ ਅਤੇ ਤੇਜ ਮਸਾਲਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ
    • -ਚਾਹ, ਕੌਫੀ, ਸ਼ਰਾਬ ਅਤੇ ਧੂੰਏਂ ਭਰੇ ਵਾਤਾਵਰਨ ਤੋਂ ਦੂਰ ਰਹਿਣਾ ਚਾਹੀਦਾ ਹੈ
    • -ਕੁਝ ਦਵਾਈਆਂ ਜਿਵੇਂ ਐਸਪਰੀਨ, ਆਈਬਰੂਫਨ, ਸਟੀਰਾਇਡ ਆਦਿ ਦਾ ਇਸਤੇਮਾਲ ਡਾਕਟਰ ਦੀ ਸਲਾਹ ਨਾਲ ਲੋੜ ਪੈਣ ’ਤੇ ਹੀ ਕਰਨਾ ਚਾਹੀਦਾ ਹੈ
    • -ਪੈਪਟਿਕ ਅਲਸਰ ਹੋਣ ਦੀ ਸੂਰਤ ਵਿਚ ਇਲਾਜ ਦੇ ਨਾਲ-ਨਾਲ ਪਰਹੇਜ਼ ਵੀ ਜ਼ਰੂਰੀ ਹੈ

    ਹਰਪ੍ਰੀਤ ਸਿੰਘ ਬਰਾੜ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ