ਲੋਕ ਵਿਰੋਧੀ ਫੈਸਲੇ ਲਿਆਉਣ ਵਾਲੀਆਂ ਪਾਰਟੀਆਂ ਦੇ ਲੀਡਰਾਂ ਨੂੰ ਲੋਕ ਸਿਖਾਉਣ ਸਬਕ: ਟਿਕੈਤ
ਚੇਅਰਮੈਨ ਬਿਕਰਮ ਮੋਫਰ ਅਤੇ ਕਿਸਾਨਾਂ ਨੇ ਕੀਤਾ ਰਾਕੇਸ਼ ਟਿਕੈਤ ਦਾ ਸਰਦੂਲਗੜ੍ਹ ਪਹੁੰਚਣ ’ਤੇ ਸੁਆਗਤ
(ਗੁਰਜੀਤ ਸ਼ੀਂਹ) ਸਰਦੂਲਗੜ੍ਹ। ਦਿੱਲੀ ਵਿਖੇ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਨੂੰ ਸਫ਼ਲ ਬਣਾਉਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਬੀਜੇਪੀ ਨੂੰ ਸਬਕ ਸਿਖਾਉਣ ਲਈ ਕਿਸਾਨ ਆਗੂਆਂ ਵੱਲੋਂ ਵੱਖ-ਵੱਖ ਰਾਜਾਂ ਵਿੱਚ ਜਾ ਕੇ ਕਿਸਾਨਾਂ ਅਤੇ ਛੋਟੇ ਵਪਾਰੀਆਂ ਨਾਲ ਲਗਾਤਾਰ ਸੰਪਰਕ ਸਾਧਿਆ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਜ਼ਿਲ੍ਹਾ ਮਾਨਸਾ ਦੇ ਕਸਬਾ ਸਰਦੂਲਗੜ੍ਹ ਦੇ ਪਿੰਡ ਕਰੰਡੀ ਵਿਖੇ ਅਨੂਪ ਚੌਧਰੀ ਦੇ ਘਰ ਪਹੁੰਚੇ । ਇੱਥੇ ਉਨ੍ਹਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਬੀ ਜੇ ਪੀ ਨੂੰ ਵੋਟ ਨਾ ਪਾਈ ਜਾਵੇ ਬੀ ਜੇ ਪੀ ਨੂੰ ਛੱਡ ਕੇ ਹੋਰ ਕਿਸੇ ਵੀ ਪਾਰਟੀ ਨੂੰ ਉਹ ਵੋਟ ਪਾਉਣ ਪਰ ਇਨ੍ਹਾਂ ਨੂੰ ਸਬਕ ਸਿਖਾਉਣਾ ਬਹੁਤ ਜਰੂਰੀ ਹੈ ।
ਇੱਥੇ ਬੋਲਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇੱਥੋਂ ਉਹ ਹਰਿਆਣਾ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਵਾਲੇ ਖੇਤਰਾਂ ਵਿੱਚ ਲੋਕਾਂ ਨੂੰ ਇਹ ਅਪੀਲ ਕਰਨ ਲਈ ਜਾਣਗੇ ਕਿ ਉਹ ਇਨ੍ਹਾਂ ਵੋਟਾਂ ਵਿੱਚ ਬੀ ਜੇ ਪੀ ਨੂੰ ਵੋਟ ਨਾ ਪਾਉਣ ਅਤੇ ਸਰਕਾਰ ਅਤੇ ਇਸ ਦੇ ਨੇਤਾਵਾਂ ਨੂੰ ਸਬਕ ਸਿਖਾਉਣ । ਇਸ ਮੌਕੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਬਦਲ ਰਹੇ ਮੌਸਮ ਅਨੁਸਾਰ ਕਿਸਾਨਾਂ ਦੀ ਮਦਦ ਲਈ ਚਾਹੀਦੇ ਲੋੜੀਂਦੇ ਸਾਮਾਨ ਸੰਬੰਧੀ ਵਿਚਾਰ ਵਟਾਂਦਰਾ ਕਰਨਲਈ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਮੋਫਰ ਵੀ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕਰਨ ਲਈ ਪਹੁੰਚੇ ।
ਇਸ ਮੌਕੇ ਜਾਟ ਮਹਾਂ ਸਭਾ ਜ਼ਿਲ੍ਹਾ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸਰਾਂ, ਜਾਟ ਮਹਾਂ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਨਾਲ ਲੈ ਕੇ ਰਾਕੇਸ਼ ਟਿਕੈਤ ਨਾਲ ਵਿਸ਼ੇਸ਼ ਤੌਰ ’ਤੇ ਮੀਟਿੰਗ ਕਰਨ ਲਈ ਪਹੁੰਚੇ । ਉਨ੍ਹਾਂ ਨੇ ਜਾਟ ਮਹਾਂ ਸਭਾ ਵੱਲੋਂ ਆਰਥਿਕ ਤੌਰ ’ਤੇ ਪੱਛੜੇ ਹੋਏ ਜਨਰਲ ਵਰਗ ਦੇ ਲੋਕਾਂ ਲਈ ਰਾਖਵਾਂਕਰਨ ਕਰਾਉਣ ਲਈ ਆਉਣ ਵਾਲੇ ਸਮੇਂ ਵਿੱਚ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਬਾਰੇ ਵਿਚਾਰ ਵਟਾਂਦਰੇ ਕੀਤੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ