ਆਪ ਸਰਕਾਰ ਤੋਂ ਲੋਕਾਂ ਨੂੰ ਵੱਡੀਆਂ ਆਸਾਂ, ਭਗਵੰਤ ਮਾਨ ਬਦਲਵੀਂ ਰਾਜਨੀਤੀ ਦਾ ਚਿਹਰਾ
ਪੰਜਾਬ ’ਚ ਆਪ ਦੀ ਨਵੀਂ ਸਰਕਾਰ ਬਣੀ ਹੈ। ਲੋਕਾਂ ਨੇ ਵੱਡਾ ਬਹੁਮਤ ਦਿੱਤਾ ਹੈ ਪਰ ਨਾਲ ਹੀ ਵੱਡੀਆਂ ਚੁਣੌਤੀਆਂ ਹਨ। ਪੰਜਾਬ ਦੀ ਜਨਤਾ ਨੇ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ, ਧੱਕੇਸ਼ਾਹੀਆਂ ਤੇ ਦੁਰਪ੍ਰਬੰਧ ਖਿਲਾਫ ਵੋਟ ਪਾਈ ਹੈ। ਪੰਜਾਬ ’ਚ ਆਪ ਦੀ ਪਹਿਲੀ ਸਰਕਾਰ ਹੋਣ ਕਰਕੇ ਇਸ ਦਾ ਕੋਈ ਮਾੜਾ ਇਤਿਹਾਸ ਨਹੀਂ ਜਿਵੇਂ ਕਿ ਅਕਾਲੀਆਂ ਤੇ ਕਾਂਗਰਸੀਆਂ ਦਾ ਹੈ। ਭਗਵੰਤ ਮਾਨ (Bhagwant Mann)ਕੇਵਲ ਪੰਜਾਬ ’ਚ ਹੀ ਨਹੀਂ ਸਗੋਂ ਪੂਰੇ ਮੁਲਕ ’ਚ ਬਦਲਵੀਂ ਰਾਜਨੀਤੀ ਦਾ ਵੱਡਾ ਚਿਹਰਾ ਬਣ ਕੇ ਉੱਭਰੇ ਹਨ ।
ਚੋਣ ਮੁਹਿੰਮ ’ਚ ਜਦੋਂ ਉਹਨਾਂ ਦਾ ਨਾਂਅ ਮੁੱਖ ਮੰਤਰੀ ਲਈ ਐਲਾਨਿਆ ਗਿਆ ਤਾਂ ਪੰਜਾਬ ਦਾ ਸਾਰਾ ਚੋਣ ਦਿ੍ਰਸ਼ ਹੀ ਬਦਲ ਗਿਆ। ਆਪ ਦੇ ਹੱਕ ’ਚ ਅਜਿਹੀ ਹਨੇ੍ਹਰੀ ਚੱਲੀ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵਾਂਗ ਕੇਵਲ ਮਾਲਵੇ ਤੱਕ ਸੀਮਤ ਨਾ ਰਹੀ ਸਗੋਂ ਮਾਝੇ ਤੇ ਦੁਆਬੇ ’ਚ ਵੀ ਝਾੜੂ ਫੇਰਨ ’ਚ ਸਫਲ ਰਹੀ। ਬਾਦਲ, ਕੈਪਟਨ ਵਰਗੇ ਵੱਡੇ ਦਿੱਗਜ਼ ਜੜ੍ਹੋਂ ਪੁੱਟ ਦਿੱਤੇ। ਹਾਲਾਂਕਿ ਮਾਲਵੇ ’ਚ ਕਈ ਹਲਕਿਆਂ ’ਚ ਲੋਕ ਆਪ ਦੇ ਵਿਧਾਇਕਾਂ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਵੋਟ ਦੇਣ ਦੇ ਮੂਡ ’ਚ ਨਹੀਂ ਸਨ ਪਰ ਭਗਵੰਤ ਮਾਨ ਕਰਕੇ ਉਹ ਵੀ ਜਿੱਤਣ ’ਚ ਸਫਲ ਰਹੇ ਹਾਲਾਂਕਿ ਉਨ੍ਹਾਂ ਦਾ ਨਵੇਂ ਵਿਧਾਇਕਾਂ ਨਾਲੋਂ ਜੇਤੂ ਮਾਰਜਨ ਘੱਟ ਸੀ। ਕੇਜਰੀਵਾਲ ਦੀਆਂ ਚੰਨੀ ਸਮੇਤ ਸਾਰੀਆਂ ਭਵਿੱਖਵਾਣੀਆਂ ਠੀਕ ਰਹੀਆਂ। ਆਪ ਦੀਆਂ ਗਰੰਟੀਆਂ ਨੇ ਲੋਕ ਆਪਣੇ ਵੱਲ ਖਿੱਚ ਲਏ। ਰਵਾਇਤੀ ਪਾਰਟੀਆਂ ਦਾ ਵੋਟ ਬੈਂਕ ਖਾਸ ਕਰਕੇ ਅਕਾਲੀ ਦਲ ਦਾ ਆਪਣੇ ਕਾਡਰਾਂ ਨਾਲੋਂ ਟੁੱਟ ਕੇ ਆਪ ’ਚ ਜਾ ਰਲਿਆ। ਨਵੀਂ ਸਰਕਾਰ ਅੱਗੇ ਵੱਡੀਆਂ ਚੁਣੌਤੀਆਂ ਹਨ ਖਾਸ ਕਰਕੇ ਬਦਲ-ਬਦਲ ਕੇ ਰਾਜ ਕਰਦੇ ਖੱਬੀਖਾਨਾਂ ਦੀਆਂ ਚਾਲਾਂ ਨੂੰ ਸਮਝ ਕੇ ਅੱਗੇ ਵਧਣਾ ਹੋਵੇਗਾ ।
ਮਨਪ੍ਰੀਤ ਬਾਦਲ ਮਾਰਕਾ ਖਾਲੀ ਪੀਪੇ ਨੂੰ ਭਰ ਕੇ ਗਰਟੀਆਂ ਨੂੰ ਅਸਲੀ ਜਾਮਾ ਪਹਿਨਾਉਣਾ ਹੋਵੇਗਾ। ਭਗਵੰਤ ਮਾਨ ਨੇ ਅੱਜ ਤੋਂ ਤੀਹ ਸਾਲ ਪਹਿਲਾਂ ਕੁਲਫੀ ਗਰਮਾ-ਗਰਮ ਤੇ ਮਿੱਠੀਆਂ ਮਿਰਚਾਂ ਰਾਹੀਂ ਲੋਕ-ਦਰਦ ਨੂੰ ਹਾਸਿਆਂ ’ਚ ਪੇਸ਼ ਕੀਤਾ ਸੀ ਭਾਵ ਉਸ ਦੀ ਲੋਕ-ਮੁਸ਼ਕਲਾਂ ਬਾਰੇ ਸਮਝ ਬੜੀ ਪੁਰਾਣੀ ਹੈ। ਮਾਲ, ਪੁਲਿਸ, ਬਿਜਲੀ ਮਹਿਕਮਿਆਂ ਦੀਆਂ ਕਮੀਆਂ ਨੂੰ ਕਾਮੇਡੀ ਰਾਹੀਂ ਪੇਸ਼ ਕੀਤਾ। ਪਹਿਲਾਂ ਉਸ ਦੇ ਸੁਭਾਅ ’ਚ ਕਾਹਲਾਪਣ ਸੀ ਪਰ ਹੁਣ ਸਹਿਜ਼ਤਾ ਵਿਖਾਈ ਦੇਣ ਲੱਗੀ ਹੈ। ਕਾਮੇਡੀ ਕਲਾਕਾਰ ਕਰਕੇ ਸਿਰੇ ਦਾ ਹਾਜ਼ਰ-ਜਵਾਬ ਹੈ ਜਿਸ ਕਰਕੇ ਹਰ ਕੋਈ ਪੰਗਾ ਲੈਣ ਤੋਂ ਕੰਨੀ ਕਤਰਾਉਂਦਾ ਹੈ, ਲੋਕ ਸਭਾ ’ਚ ਭਾਜਪਾ ਦੀ ਐਸੀ ਖਿੱਲੀ ਉਡਾਉਂਦਾ ਸੀ ਕਿ ਸਭ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਸੀ।
ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ’ਚ ਵੀ ਉਸ ਦੀ ਤੇਜ਼-ਤਰਾਰਤਾ ਵੇਖਣ ਨੂੰ ਮਿਲੀ। ਕੁਝ ਗੁਣ ਜਮਾਂਦਰੂ ਹੁੰਦੇ ਹਨ ਪਰ ਭਗਵੰਤ ਮਾਨ ਨੇ ਲੋਕਾਂ ’ਚ ਵਿਚਰ ਕੇ ਅਨੁਭਵ ਰਾਹੀਂ ਗੱਲਬਾਤ ਕਲਾ ’ਚ ਹੋਰ ਅਮੀਰੀ ਹਾਸਲ ਕੀਤੀ ਹੈ। ਵਿਰੋਧੀਆਂ ਵੱਲੋਂ ਉਸ ’ਤੇ ਕਈ ਦੋਸ਼ ਵੀ ਮੜ੍ਹੇ ਗਏ ਪਰ ਲੱਖ ਰੋਕਾਂ ਦੇ ਬਾਵਜੂਦ ਮੁੱਖ ਮੰਤਰੀ ਦਾ ਅਹੁਦਾ ਹਾਸਲ ਕਰਨ ’ਚ ਕਾਮਯਾਬ ਰਿਹਾ ਹੈ। ਜਿੱਥੇ ਆਮ ਘਰਾਂ ’ਚੋਂ ਪੈਦਾ ਹੋਏ ਵਿਧਾਇਕ ਬਣੇ ਹਨ, ਉੱਥੇ ਉਹਨਾਂ ਨੂੰ ਝੰਡੀ ਵਾਲੀਆਂ ਕਾਰਾਂ ਮਿਲੀਆਂ ਹਨ ਜਿਨ੍ਹਾਂ ਨੇ ਕਦੇ ਸੁਫਨੇ ’ਚ ਵੀ ਵਜ਼ੀਰ ਬਣਨਾ ਸੋਚਿਆ ਨਹੀਂ ਸੀ। ਹੁਣ ਵੇਲਾ ਕੰਮ ਕਰਨ ਦਾ ਹੈ। ਜੇਕਰ ਸਰਕਾਰ ਦੇ ਇੱਕ ਮਹੀਨੇ ਦੇ ਕਾਰਜਕਾਲ ਦਾ ਲੇਖਾ-ਜੋਖਾ ਕਰੀਏ ਤਾਂ ਕਾਫੀ ਸਕਾਰਾਤਮਕ ਤਬਦੀਲੀਆਂ ਵੇਖਣ ਨੂੰ ਮਿਲੀਆਂ ਹਨ।
ਖਾਸ ਕਰਕੇ ਮਾਲ ਮਹਿਕਮੇ ’ਚ ਕਾਫੀ ਸੁਧਾਰ ਹੋਇਆ ਹੈ। ਬਿਨਾਂ ਰਿਸ਼ਵਤ ਤੋਂ ਸਵੇਰੇ ਹੀ ’ਵਾਜਾਂ ਮਾਰ-ਮਾਰ ਰਜਿਸਟਰੀਆਂ ਹੋਣ ਲੱਗੀਆਂ ਹਨ ਨਹੀਂ ਤਾਂ ਪਹਿਲਾਂ ਲੋਕ ਖੱਜਲ-ਖੁਆਰ ਹੁੰਦੇ ਸਨ। ਆਮ ਤੌਰ ’ਤੇ ਮੁੱਖ ਮੰਤਰੀ ਨੂੰ ਸਰਕਾਰੀ ਨੌਕਰਸ਼ਾਹਾਂ ਵੱਲੋਂ ਸਰਕਾਰੀ ਯਤਨਾਂ ਤੇ ਮਹਿਕਮਿਆਂ ਦੇ ਕੰੰਮਾਂ ਬਾਰੇ ਲਿਖਤੀ ਨੋਟ ਦਿੱਤੇ ਜਾਂਦੇ ਹਨ ਜੋ ਮੁੱਖ ਮੰਤਰੀ ਵੱਲੋਂ ਜਨਤਕ ’ਕੱਠਾਂ ਜਾਂ ਮੀਡੀਏ ਅੱਗੇ ਨਸ਼ਰ ਕੀਤੇ ਜਾਂਦੇ ਹਨ ਪਰ ਭਗਵੰਤ ਮਾਨ ਦੇ ਭਾਸ਼ਣਾਂ ’ਚ ਮਿੱਟੀ ਨਾਲ ਜੁੜੀ ਮੌਲਿਕਤਾ ਵੇਖਣ ਨੂੰ ਮਿਲ ਰਹੀ ਹੈ ਜੋ ਜਮ੍ਹਾ ਵੀ ਓਪਰੀ ਜਾਂ ਨਕਲੀ ਨਹੀਂ ਲੱਗਦੀ ਸਗੋਂ ਲੋਕ-ਵੇਦਨਾ ’ਚ ਲਬਰੇਜ਼ ਜਾਪਦੀ ਹੈ।ਉਨ੍ਹਾਂ ਦੇ ਭਾਸ਼ਣਾਂ ’ਚੋਂ ਪੰਜਾਬ ਦਾ ਦਰਦ ਝਲਕਦਾ ਹੈ। ਮਸਲਨ ਪਿਛਲੇ ਦਿਨੀਂ ਬਠਿੰਡਾ ਤੋਂ ਉਨ੍ਹਾਂ ਵੱਲੋਂ ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਨਾ ਲੈਣ ਬਾਰੇ ਵੱਡਾ ਬਿਆਨ ਸਾਹਮਣੇ ਆਇਆ ਹੈ ਜੋ ਕਿ ਕੌੜੀ ਸੱਚਾਈ ਹੈ ਕਿ ਅਧਿਆਪਕਾਂ ਤੋਂ ਪੜ੍ਹਾਉਣ ਤੋਂ ਬਿਨਾਂ ਸਾਰੇ ਕੰਮ ਲਏ ਜਾਂਦੇ ਹਨ।
ਇਸ ਬਿਆਨ ਪਿੱਛੇ ਉਸ ਦੇ ਪਿਤਾ ਦਾ ਸਰਕਾਰੀ ਅਧਿਆਪਕ ਹੋਣਾ ਹੈ ਕਿਉਂਕਿ ਉਸ ਨੇ ਬਚਪਨ ਵਿਚ ਇਹ ਵਰਤਾਰਿਆਂ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਹੈ। ਸਿਹਤ ਸਹੂਲਤਾਂ ਬਾਰੇ ਗੱਲ ਕਰੀਏ ਤਾਂ ਮਹਿੰਗੇ ਟੈਸਟ ਤੇ ਦਵਾਈਆਂ ਰੋਗੀ ਦੀ ਮਰਜ਼ ਘਟਾਉਣ ਦੀ ਬਜਾਇ ਉਸ ਦੀ ਬਿਮਾਰੀ ’ਚ ਵਾਧਾ ਕਰ ਦਿੰਦੇ ਹਨ। ਅਸ਼ਲੀਲਤਾ ਦਾ ਖਾਤਮਾ ਵੀ ਨਰੋਏ ਸਮਾਜ ਦੀ ਬੁਨਿਆਦ ਹੈ। ਗੰਨ ਤੇ ਗੈਂਗ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ, ਫਿਲਮਾਂ ਤੇ ਟੀ. ਵੀ. ਪ੍ਰੋਗਰਾਮਾਂ ’ਤੇ ਮੁਕੰਮਲ ਪਾਬੰਦੀ ਅਤੀ ਜ਼ਰੂਰੀ ਹੈ ਤਾਂ ਜੋ ਸਭ ਨੂੰ ਸਤਿਕਾਰ ਦੇਣ ਵਾਲੇ ਆਲੇ-ਦੁਆਲੇ ਦੀ ਉਸਾਰੀ ਹੋ ਸਕੇ। 25000 ਨੌਕਰੀਆਂ ਦੀ ਗੱਲ ਕੈਬਨਿਟ ਦੀ ਪਹਿਲੀ ਬੈਠਕ ’ਚ ਕੀਤੀ ਗਈ ਹੈ ਜੋ ਕਿ ਸਵਾਗਤ ਤੇ ਸ਼ਲਾਘਾਯੋਗ ਹੈ ਪਰ ਇਹ ਕੰਮ ਸਮੇਂ ਸਿਰ ਪੂਰ ਚੜ੍ਹਨੇ ਚਾਹੀਦੇ ਹਨ ਕਿਉਂਕਿ ਵੱਡੇ ਫਤਵੇ ਨਾਲ ਵੱਡੀਆਂ ਉਮੀਦਾਂ ਜੁੜੀਆਂ ਹੋਈਆਂ ਹੁੰਦੀਆਂ ਹਨ।
ਇਹ ਸਰਕਾਰ ਲੱਖਾਂ ਬੇਰੁਜ਼ਗਾਰਾਂ ਤੇ ਭੁੱਖੇ ਢਿੱਡਾਂ ਦੀ ਉਮੀਦ ਹੈ। ਜੇਕਰ ਕੰਮ ਲਟਕ ਗਏ ਤਾਂ ਸਰਕਾਰ ਨੂੰ ਧਰਨਿਆਂ, ਮੁਜ਼ਾਹਰਿਆਂ ਤੇ ਕਾਲੀਆਂ ਝੰਡੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਮੁੱਖ ਮੰਤਰੀ ਦੀ ਮਸਲਿਆਂ ਪ੍ਰਤੀ ਗੰਭੀਰਤਾ ਤੇ ਪ੍ਰਤੀਬੱਧਤਾ ਉਸ ਨੂੰ ਕਾਬਿਲ ਆਗੂ ਬਣਾਉਂਦੀ ਹੈ। ਠੋਸ ਫੈਸਲੇ ਜਨਮਤ ਉਸਾਰੀ ਦਾ ਵੱਡਾ ਸਰੋਤ ਹਨ। ਪਿਛਲੀ ਸਰਕਾਰ ਦੀ ਗੱਲ ਕਰੀਏ ਤਾਂ ਸਵੇਰ ਦਾ ਫੈਸਲਾ ਸ਼ਾਮ ਨੂੰ ਬਦਲ ਜਾਂਦਾ ਸੀ, ਇੱਥੋਂ ਤੱਕ ਕਿ ਪੁਲਿਸ ਮੁਖੀ ਤੇ ਐਡਵੋਕਟ ਜਨਰਲ ਤੱਕ ਦੀਆਂ ਨਿਯੁਕਤੀਆਂ ’ਚ ਤੇਜ਼ੀ ਨਾਲ ਉਲਟਫੇਰ ਕੀਤਾ ਗਿਆ, ਜਿਸਦੇ ਸਿੱਟੇ ਵਜੋਂ ਕਾਂਗਰਸ ਨੂੰ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ।
ਪੰਜਾਬ ਦੇ ਮਾਣ ਤੇ ਖੁਸ਼ਹਾਲੀ ਨਾਲ ਜੁੜੇ ਮੁੱਦਿਆਂ ’ਤੇ ਮਤੇ ਹੀ ਕਾਫੀ ਨਹੀਂ ਸਗੋਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ ਮੁੱਖ ਮੰਤਰੀ ਨੂੰ ਕਰੜੇ ਸਟੈਂਡ ਨਾਲ ਪੰਜਾਬ ਦੇ ਹੱਕ ’ਚ ਡਟਣਾ ਹੋਵੇਗਾ ਤਾਂ ਹੀ ਲੋਕਾਂ ਦੇ ਦਿਲ ਜਿੱਤੇ ਜਾਣੇ ਹਨ। ਰਾਤੋ-ਰਾਤ ਤਬਦੀਲੀ ਸੰਭਵ ਨਹੀਂ ਭਾਵ ਸਰਕਾਰ ਨੂੰ ਸਮਾਂ ਦੇਣਾ ਜ਼ਰੂਰੀ ਹੈ, ਲੋਕ-ਉਮੀਦਾਂ ਪੂਰੀਆਂ ਕਰਨ ਲਈ ਮੁੱਖ ਮੰਤਰੀ ਨੂੰ ਆਪਣੀ ਟੀਮ ਨਾਲ ਦਿਨ-ਰਾਤ ਕੰਮ ਕਰਨਾ ਹੋਵੇਗਾ। ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਪਾਰੀਆਂ ਤੇ ਨੌਜਵਾਨਾਂ ਲਈ ਕਲਿਆਣਕਾਰੀ ਵੱਡੀਆਂ ਸ਼ੁਰੂਆਤਾਂ ਕਰਨ ਦੇ ਨਾਲ-ਨਾਲ ਅਮਨ-ਸ਼ਾਂਤੀ ਲਈ ਮੁਸ਼ਤੈਦੀ ਨਾਲ ਕੰਮ ਕਰਨਾ ਹੋਵੇਗਾ। ਆਪ ਸਰਕਾਰ ਵੱਲੋਂ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਉੱਤਰਨ ਨਾਲ ਹੀ ਪੰਜਾਬੀਆਂ ਦਾ ਭਲਾ ਹੋਣਾ ਹੈ ।
ਬਲਜਿੰਦਰ ਜੌੜਕੀਆਂ
ਤਲਵੰਡੀ ਸਾਬੋ, ਬਠਿੰਡਾ
ਮੋ. 94630-24575
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ