ਹੁਣ ਲੋਕ ਕੋਰੋਨਾ ਵਾਇਰਸ ਤੋਂ ਪਹਿਲਾਂ ਵਾਂਗੂ ਨਹੀਂ ਡਰ ਰਹੇ

Fight with Corona

ਹੁਣ ਲੋਕ ਕੋਰੋਨਾ ਵਾਇਰਸ ਤੋਂ ਪਹਿਲਾਂ ਵਾਂਗੂ ਨਹੀਂ ਡਰ ਰਹੇ

ਦਸੰਬਰ 2019 ਵਿੱਚ ਚੀਨ ਦੇ ਵੁਹਾਨ ਇਲਾਕੇ  ਤੋਂ  ਸ਼ੁਰੂ ਹੋਏ ਨੋਵਲ ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਦਾ ਚੱਕਰ ਲਾ ਲਿਆ ਹੈ। ਸ਼ੁਰੂਆਤੀ ਦਿਨਾਂ ਤੋਂ ਹੀ ਦੁਨੀਆਂ ਭਰ ਦੇ ਲੋਕਾਂ ਵਿੱਚ ਇਸਦੇ ਡਰ ਦੀ ਦਹਿਸ਼ਤ ਫੈਲ ਗਈ ਸੀ। ਮਾਸ ਮੀਡੀਆ ਦੇ ਸਾਧਨਾਂ ਦੀ ਬਹੁਤਾਤ ਕਾਰਨ ਪਲ-ਪਲ ਦੀ ਖਬਰ ਦੁਨੀਆਂ ਦੇ ਹਰ ਕੋਨੇ ਵਿਚਲੇ ਲੋਕਾਂ ਤੱਕ ਮਿੰਟਾਂ-ਸਕਿੰਟਾਂ ਵਿੱਚ ਪਹੁੰਚ ਜਾਂਦੀ ਹੈ। ਇਨ੍ਹਾਂ ਖਬਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਖਬਰਾਂ ਮੁਤਾਬਕ ਲੋਕਾਂ ਦਾ ਨਜ਼ਰੀਆ ਵੀ ਇਸ ਬਿਮਾਰੀ ਪ੍ਰਤੀ ਦਿਨੋ-ਦਿਨ ਬਦਲਦਾ ਰਿਹਾ। ਹੌਲੀ-ਹੌਲੀ ਜਦੋਂ ਇਹ ਹੋਰਨਾਂ ਦੇਸ਼ਾਂ  ਵਿੱਚ ਫੈਲਣ ਲੱਗਿਆ ਤਾਂ ਸਭ ਸਹਿਮ ਗਏ। ਚੀਨ ਤੋਂ ਬਾਅਦ ਇਟਲੀ ਵਿੱਚ ਹੋਈਆਂ ਮੌਤਾਂ ਨੇ ਪੂਰੀ ਦੁਨੀਆਂ ਨੂੰ ਡਰਾ ਕੇ ਰੱਖ ਦਿੱਤਾ। ਵਿਸ਼ਵ ਸਿਹਤ ਸੰਸਥਾ ਨੇ ਇਸ ਨੂੰ ਅੰਤਰਰਾਸ਼ਟਰੀ ਮਹਾਂਮਾਰੀ ਐਲਾਨ ਦਿੱਤਾ।

ਸਾਰੇ ਦੇਸ਼ਾਂ ਨੇ ਇਸ ਬਿਮਾਰੀ ਨਾਲ ਲੜਨ ਲਈ ਤਿਆਰੀਆਂ ਅਰੰਭ ਦਿੱਤੀਆਂ। ਬਹੁਤ ਸਾਰੇ ਦੇਸ਼ਾਂ ਨੇ ਲਾਕਡਾਊਨ ਕਰ ਦਿੱਤਾ ਅਤੇ ਆਮ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ। ਇਸੇ ਵਿਚਕਾਰ ਇਸ ਕਰੋਨਾ ਵਾਇਰਸ ਦਾ ਚੀਨ ਵੱਲੋਂ ਖੁਦ ਤਿਆਰ ਕੀਤਾ ਜਾਣਾ ਅਤੇ ਵੁਹਾਨ ਦੀ  ਲੈਬੋਰਟਰੀ ਵਿੱਚੋਂ ਲੀਕ ਹੋਣ ਦੀਆਂ ਖਬਰਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ

ਭਾਰਤ ਵਿੱਚ ਜਦੋਂ ਇਸ ਵਾਇਰਸ ਨੇ ਦਸਤਕ ਦਿੱਤੀ ਤਾਂ ਸਾਡੇ ਲੋਕਾਂ ਦਾ ਸਹਿਮ ਹੋਰ ਵਧ ਗਿਆ। ਉਸ ਸਮੇਂ ਭਾਵੇਂ ਨੋਵਲ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਆਮ ਲੋਕਾਂ ਵਿੱਚ ਇਸਦੇ ਪ੍ਰਤੀ ਡਰ ਅਤੇ ਸਹਿਮ ਸਿਖਰ ‘ਤੇ ਸੀ। ਇੱਥੋਂ ਤੱਕ ਕਿ ਲੋਕ ਮਾਨਸਿਕ ਤੌਰ ‘ਤੇ ਆਪਣੇ-ਆਪ ਵਿੱਚ ਇਸ ਬਿਮਾਰੀ ਦੇ ਲੱਛਣ ਵੇਖਣ ਲੱਗੇ ਸਨ। ਪੰਜਾਬ ਵਿੱਚ 20 ਮਾਰਚ ਨੂੰ ਬੱਸ ਸੇਵਾ ਬੰਦ ਹੋਣ ਤੋਂ ਬਾਅਦ 22 ਮਾਰਚ ਨੂੰ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਕਰਫਿਊ ਲਾ ਦਿੱਤਾ ਗਿਆ। ਸਿਹਤ, ਪੁਲਿਸ ਅਤੇ ਸਫਾਈ ਤੋਂ ਇਲਾਵਾ ਸਾਰੀਆਂ ਸੇਵਾਵਾਂ ਬੰਦ ਹੋ ਗਈਆਂ।

ਲੋਕ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ। ਡਰ, ਸਹਿਮ ਅਤੇ ਕਾਰੋਬਾਰੀ ਚਿੰਤਾ ਤੋਂ ਇਲਾਵਾ ਹਰ ਪਾਸੇ ਇੱਕੋ ਸ਼ਬਦ ਕਰੋਨਾ.. ਕਰੋਨਾ.. ਕਰੋਨਾ ਸੁਣ-ਸੁਣ ਕੇ ਇਸ ਸ਼ਬਦ ਨਾਲ ਸਭ ਨੂੰ ਨਫਰਤ ਜਿਹੀ ਹੋ ਗਈ ਪੰਜਾਬ ਵਿੱਚ ਸ਼ੁਰੂ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀਆਂ ਹੋਈਆਂ ਮੌਤਾਂ ਪਿੱਛੇ ਕਰੋਨਾ ਬਾਰੇ ਲੋਕਾਂ ਦੇ ਮਨਾਂ ਵਿੱਚ ਬੈਠਿਆ ਡਰ ਜਿਆਦਾ ਜਿੰਮੇਵਾਰ ਲੱਗ ਰਿਹਾ ਹੈ। ਕਿਉਂਕਿ ਕਰੋਨਾ ਦਾ ਖੌਫ ਉਸ ਸਮੇਂ ਇੰਨਾ ਹਾਵੀ ਸੀ ਕਿ ਪਾਜ਼ਿਟਿਵ ਆਉਣ ਵਾਲਾ ਵਿਅਕਤੀ ਆਪਣੀ ਮੌਤ ਤੈਅ ਸਮਝਦਾ ਸੀ।

ਉਸ ਦੀਆਂ ਅੱਖਾਂ ਸਾਹਮਣੇ ਚੀਨ ਅਤੇ ਇਟਲੀ ਵਿੱਚ ਹੋਈਆਂ ਮੌਤਾਂ ਦੀਆਂ ਵੀਡੀਓ ਹੀ ਘੁੰਮਣ ਲੱਗਦੀਆਂ ਸਨ। ਕੁਝ ਇੱਕ ਲੋਕਾਂ ਨੂੰ ਛੱਡ ਇਸ ਵਾਇਰਸ ਤੋਂ ਬਚਾਅ ਲਈ ਪੂਰੀਆਂ ਸਾਵਧਾਨੀਆਂ ਵਰਤ ਰਹੇ ਸਨ। ਜਿਉਂ-ਜਿਉਂ  ਵੱਖ-ਵੱਖ ਜਿਲ੍ਹਿਆਂ ਵਿੱਚ ਕੇਸ ਆਉਣ ਲੱਗੇ ਲੋਕਾਂ ਦੀ ਚਿੰਤਾ ਵਧਦੀ ਜਾ ਰਹੀ ਸੀ।

ਲੋਕ ਪਾਜ਼ਿਟਿਵ ਮਰੀਜ਼ਾਂ ਵਾਲੇ ਏਰੀਏ ਤੋਂ ਵੀ ਡਰਦੇ ਸਨ। ਹੌਲੀ-ਹੌਲੀ ਸਾਰੇ ਜਿਲ੍ਹਿਆਂ ਵਿੱਚ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ। ਪਰ ਖੁਸ਼ਕਿਸਮਤੀ ਨਾਲ ਪੰਜਾਬ ਵਿੱਚ ਕਰੋਨਾ ਕਾਰਨ ਮੌਤਾਂ ਬਹੁਤ ਘੱਟ ਹੋਈਆਂ ਅਤੇ ਜੋ ਮਰੀਜ ਆਈਸੋਲੇਸ਼ਨ ਵਾਰਡਾਂ ਵਿੱਚ ਭਰਤੀ ਸਨ ਉਹ ਵੀ ਛੇਤੀ ਸਿਹਤਯਾਬ ਹੋ ਕੇ ਘਰ ਪਰਤਣ ਲੱਗੇ। ਇਸ ਨਾਲ ਲੋਕਾਂ ਦੇ ਦਿਲਾਂ ਵਿੱਚ ਕਰੋਨਾ ਵਾਇਰਸ ਦਾ ਡਰ ਕੁਝ ਘਟਣ ਲੱਗਾ
ਪਰ ਇੱਕ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਜਦੋਂ ਪੰਜਾਬ ਵਿੱਚ ਸਿਰਫ 20-30 ਕਰੋਨਾ ਪਾਜ਼ਿਟਿਵ ਕੇਸ ਸਨ ਤਾਂ ਲੋਕਾਂ ਵਿੱਚ ਬੜਾ ਡਰ ਫੈਲਿਆ ਹੋਇਆ ਸੀ।

ਜਦੋਂ ਕਿ ਹੁਣ ਪਾਜ਼ਿਟਿਵ ਮਰੀਜ਼ਾਂ ਦਾ ਗਰਾਫ 3000 ਤੋਂ ਟੱਪ ਚੁੱਕਾ ਹੈ ਲੋਕ ਕਰੋਨਾ ਤੋਂ ਓਨਾ ਜਿਆਦਾ ਨਹੀਂ ਡਰਦੇ ਭਾਵ ਹੁਣ ਲੋਕ ਕਰੋਨਾ ਵਾਇਰਸ ਤੋਂ ਪਹਿਲਾਂ ਵਾਂਗੂ ਨਹੀਂ ਡਰ ਰਹੇ । ਮਨੁੱਖ ਦੀ ਇਹ ਫ਼ਿਤਰਤ ਹੈ ਉਹ ਡਰ ਵੀ ਬੜੀ ਜਲਦੀ ਜਾਂਦਾ ਹੈ ਅਤੇ ਬੜੀ ਛੇਤੀ ਅਵੇਸਲਾ ਵੀ ਹੋ ਜਾਂਦਾ ਹੈ। ਕਰਫਿਊ ਖਤਮ ਹੋਣ ਸਾਰ ਹੀ ਲੋਕਾਂ ਨੇ ਆਵਾਜਾਈ ਸ਼ੁਰੂ ਕਰ ਦਿੱਤੀ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੀ ਕੋਸ਼ਿਸ਼ ਘੱਟ ਕਰਨ ਲੱਗੇ ਹਨ।

ਕਰਫਿਊ ਹਟਾਉਣਾ ਸਰਕਾਰ ਦੀ ਮਜ਼ਬੂਰੀ ਹੈ ਪਰ ਲਾਕਡਾਊਨ ਜਾਰੀ ਰੱਖ ਕੇ ਇਸ ਬਿਮਾਰੀ ਤੋਂ ਬਚਾਅ ਰੱਖਣ ਲਈ ਮਾਸਕ ਪਹਿਨਣਾ, ਬਿਨਾ ਕਿਸੇ ਜਰੂਰੀ ਕੰਮ ਤੋਂ ਬਾਹਰ ਨਾ ਜਾਣਾ, ਸਮਾਜਿਕ ਦੂਰੀ ਬਣਾਏ ਰੱਖਣਾ ਆਦਿ ਸਾਵਧਾਨੀਆਂ ਵਰਤਣ ਲਈ ਵੀ ਕਿਹਾ ਹੈ। ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਕਰਫਿਊ ਖਤਮ ਹੋਇਆ ਹੈ

ਕਰੋਨਾ ਵਾਇਰਸ ਨਹੀਂ। ਇਸ ਲਈ ਸਾਨੂੰ ਇਸ ਬਿਮਾਰੀ ਤੋਂ ਆਪਣਾ ਅਤੇ ਹੋਰਾਂ ਦਾ ਬਚਾਅ ਕਰਨ ਲਈ ਜਰੂਰੀ ਹਦਾਇਤਾਂ ਦੀ ਪਾਲਣਾ ਲਾਜ਼ਮੀ ਕਰਨੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ ਬਾਹਰ ਤੋਂ ਆਇਆ ਹੈ ਤਾਂ ਉਸ ਨੂੰ 14 ਦਿਨ ਇਕਾਂਤਵਾਸ ਰਹਿਣਾ ਅਤੇ ਆਪਣਾ ਆਰ ਟੀ – ਪੀ ਸੀ ਆਰ ਟੈਸਟ (ਕਰੋਨਾ ਟੈਸਟ) ਕਰਵਾ ਲੈਣਾ ਚਾਹੀਦਾ ਹੈ।

ਇਹ ਟੈਸਟ ਹਰ ਇੱਕ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਹਰ ਹਫਤੇ ਵੱਖ-ਵੱਖ ਦਿਨ ਮੁਫਤ ਲਏ ਜਾਂਦੇ ਹਨ। ਵਧੇਰੇ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਦੁਕਾਨਦਾਰਾਂ,   ਕਰਮਚਾਰੀਆਂ, ਗਭੀਰ ਰੋਗਾਂ ਤੋਂ ਪੀੜਤ ਮਰੀਜ਼ਾਂ, ਗਰਭਵਤੀ ਔਰਤਾਂ ਨੂੰ ਇਹ ਟੈਸਟ ਕਰਵਾ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਕਿਉਂਕਿ ਇਹ ਵਾਇਰਸ ਏਨੀ ਛੇਤੀ ਜਾਣ ਵਾਲਾ ਨਹੀਂ, ਸਾਨੂੰ ਇਸ ਤੋਂ ਬਚਣ ਲਈ ਲਗਾਤਾਰ ਧਿਆਨ ਰੱਖਣ ਦੀ ਲੋੜ ਹੈ।
ਮੋ. 98768-88177
ਚਾਨਣ ਦੀਪ ਸਿੰਘ ਔਲਖ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here